www.sabblok.blogspot.com
-
ਕੁੱਟਮਾਰ ’ਚ ਤਿੰਨ ਔਰਤਾਂ ਜਖਮੀ, ਮੁਹੱਲਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਅਬੋਹਰ, 18 ਨਵੰਬਰ ( ਸੁਖਮੰਦਰ ਸਿੰਘ ਗੋਬਿੰਦਗੜ੍ਹ ): ਲੜਕੀਆਂ ਨਾਲ ਛੇੜਛਾੜ ਦਾ ਵਿਰੋਧ ਕਰਨ ਵਾਲੇ ਮਾਪਿਆਂ ਦੀ ਭੂਤਰੇ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦੇ ਨਾਲ ਨਾਲ ਉਹਨਾਂ ਦੇ ਘਰਾਂ ਦੇ ਦਰਵਾਜੇ ਤੋੜਦੇ ਹੋਏ ਘਰਾਂ ਵਿਚ ਰੱਖਿਆ ਸਮਾਨ ਵੀ ਤੋੜ ਫੋੜ ਕਰਕੇ ਬਰਬਾਦ ਕਰ ਦਿੱਤਾ । ਇਸ ਘਟਨਾ ਵਿਚ ਤਿੰਨ ਔਰਤਾਂ ਦੇ ਜਖਮੀ ਹੋਣ ਦੇ ਨਾਲ ਨਾਲ ਹਜਾਰਾਂ ਰੁਪਏ ਦਾ ਸਮਾਨ ਬਰਬਾਦ ਹੋਣ ਕਾਰਨ ਮੁਹੱਲਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ । ਇਸ ਮੌਕੇ ਤੇ ਨਗਰ ਥਾਣਾ ਦੀ ਪੁਲਿਸ ਵੱਲੋਂ ਫੜੇ ਗਏ ਤਿੰਨ ਨੌਜਵਾਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਇੰਦਰਾ ਨਗਰੀ ਦੀ ਗਲੀ ਨੰਬਰ -6 ਵਿਚ ਪਿਛਲੇ ਕੁਝ ਦਿਨਾਂ ਤੋਂ ਕੁਝ ਨੌਜਵਾਨਾਂ ਦੁਆਰਾ ਕੁਝ ਪਰਿਵਾਰਾਂ ਦੀਆਂ ਲ਼ੜਕੀਆਂ ਨਾਲ ਛੇੜਛਾੜ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਸੀ , ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ । ਉਹਨਾਂ ਨੇ ਇਸ ਬਾਰੇ ਵਿਚ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸ਼ਨ ਦੁਆਰਾ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਕਤ ਨੌਜਵਾਨਾਂ ਦਾ ਹੌਸਲਾ ਕਾਫੀ ਵਧ ਗਿਆ ਅਤੇ ਬੀਤੀ ਰਾਤ ਲਗਭਗ ਦਸ ਵਜੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਲੜਕੀਆਂ ਦੇ ਘਰਾਂ ਤੇ ਹਮਲਾ ਕਰ ਦਿੱਤਾ ਇਸ ਮੌਕੇ ਤੇ ਨੌਜਵਾਨਾਂ ਦੇ ਹੱਥਾਂ ਵਿਚ ਤੇਜਧਾਰ ਹਥਿਆਰ ਵੀ ਸਨ । ਇਹ ਜਾਣਕਾਰੀ ਦਿੰਦੇ ਹੋਏ ਇਸ ਹਮਲੇ ਵਿਚ ਜਖਮੀ ਹੋਈ ਔਰਤ ਰਜਨੀ ਰਾਣੀ ਪਤਨੀ ਰਾਜਾ ਰਾਮ, ਸੁਨੀਤਾ ਪਤਨੀ ਰਾਣਜੀਤ , ਰਾਧਾ ਰਾਣੀ ਪਤਨੀ ਬਲਰਾਮ ਨੇ ਦੱਸਿਆ ਕਿ ਬੀਤੀ ਰਾਤ ਉਹ 10 ਵਜੇ ਆਪੋ ਆਪਣੇ ਘਰਾਂ ਵਿਚ ਬੈਠੇ ਸਨ ਕਿ ਬਾਹਰ ਕੁਝ ਨੌਜਵਾਨਾਂ ਦੁਆਰਾ ਲਲਕਾਰੇ ਮਾਰਨ ਤੇ ਉਹ ਅਜੇ ਸੰਭਲਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਕਤ ਨੌਜਵਾਨ ਉਹਨਾਂ ਦਾ ਦਰਵਾਜਾ ਤੋੜ ਕੇ ਅੰਦਰ ਆ ਗਏ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਉਹਨਾਂ ਦੇ ਰੌਲਾ ਪਾਉਣ ਤੇ ਉਹਨਾਂ ਦੇ ਗੁਆਂਢੀ ਗੀਤਾ ਰਾਣੀ , ਭਾਲ ਚੰਦ, ਸ਼ਿਆਮ ਲਾਲ, ਪਾਲ ਸਿੰਘ ਉਹਨਾਂ ਨੂੰ ਬਚਾਉਣ ਲਈ ਆ ਤਾਂ ਉਪਰੋਕਤ ਨੌਜਵਾਨਾਂ ਨੇ ਉਹਨਾਂ ਦੇ ਘਰਾਂ ਦੀ ਵੀ ਤੋੜਫੋੜ ਸੁਰੂ ਕਰ ਦਿੱਤੀ । ਇਸ ਦੌਰਾਨ ਕਿਸੇ ਨੇ ਇਸ ਮਾਮਲੇ ਦੀ ਸੂਚਨਾ ਨਗਰ ਥਾਣਾ ਦੀ ਪੁਲਿਸ ਨੂੰ ਦਿੱਤੀ । ਜਿਨ੍ਹਾਂ ਨੇ ਘਟਨਾ ਸਥਾਨ ਤੇ ਆ ਕੇ ਤਿੰਨ ਨੌਜਵਾਨ ਦੇਵ, ਸੋਨੂੰ ਅਤੇ ਸੰਨੀ ਨੂੰ ਕਾਬੂ ਕਰ ਲਿਆ । ਪੁਲਿਸ ਦੁਆਰਾ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਅੱਜ ਮੁਹੱਲਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਤੋਂ ਉਕਤ ਨੌਜਵਾਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ
No comments:
Post a Comment