ਗਾਜ਼ੀਆਬਾਦ 27 ਨਵੰਬਰ (ਏਜੰਸੀਆਂ)-ਅਰੂਸ਼ੀ ਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਮਾਮਲੇ ਵਿਚ ਤਲਵਾੜ ਜੋੜੀ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾੜ ਨੂੰ ਜਿਨ੍ਹਾਂ ਪ੍ਰਸਥਿਤੀਆਂ ਨੂੰ ਆਧਾਰ ਬਣਾ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਹ ਪ੍ਰਸਥਿਤੀਆਂ ਉਨ੍ਹਾਂ 17 ਮਾਮਲਿਆਂ ਵਰਗੀਆਂ ਹਨ ਜਿਨ੍ਹਾਂ ਉਪਰ ਨਿਰਭਰ ਕਰਕੇ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਸ਼ਾਮ ਲਾਲ ਮਨੋਨੀਤ ਅਦਾਲਤ ਦੇ ਫੈਸਲਿਆਂ ਨੂੰ ਸਾਹਮਣੇ ਰਖਕੇ ਇਸ ਸਿੱਟੇ 'ਤੇ ਪੁੱਜੇ ਹਨ ਕਿ ਹੋਰ ਕਿਸੇ ਸਬੂਤ ਦੀ ਅਣਹੋਂਦ 'ਚ ਮੌਕੇ ਦੇ ਹਾਲਾਤ ਤਲਵਾੜ ਜੋੜੀ ਨੂੰ ਦੋਸ਼ੀ ਕਰਾਰ ਦੇਣ ਲਈ ਕਾਫੀ ਹਨ। ਜੱਜ ਨੇ ਆਪਣੇ ਫੈਸਲੇ ਵਿਚ ਇਨ੍ਹਾਂ ਵਿਚੋਂ ਕਈ ਫੈਸਲਿਆਂ ਦਾ ਹਵਾਲਾ ਦਿੱਤਾ ਹੈ। ਓਧਰ ਡਾਸਨਾ ਜੇਲ੍ਹ ਵਿਚ ਬੰਦ ਡਾਕਟਰ ਜੋੜੀ ਬੇਹੱਦ ਪ੍ਰੇਸ਼ਾਨੀ ਵਿਚੋਂ ਲੰਘ ਰਹੀ ਹੈ। ਜੇਲ੍ਹ ਦੇ ਇਕ ਅਧਿਕਾਰ ਨੇ ਦੱਸਿਆ ਕਿ ਰਾਜੇਸ਼ ਤੇ ਨੂਪੁਰ ਤਲਵਾੜ ਨੂੰ ਉਨੀਂਦਰੇ ਦੇ ਰੋਗ ਨੇ ਘੇਰ ਲਿਆ ਹੈ। ਦੋਨੋਂ ਪਤੀ ਪਤਨੀ ਜੇਲ੍ਹ ਦੇ ਵੱਖ ਵੱਖ ਸੈੱਲਾਂ ਵਿਚ ਬੰਦ ਹਨ। ਜੇਲ੍ਹ ਸੁਪਰਡੈਂਟ ਵਿਰੇਸ਼ ਰਾਜ ਸ਼ਰਮਾ ਨੇ ਦਸਿਆ ਕਿ ਤਲਵਾੜ ਜੋੜੀ ਗੁਸੇ ਤੇ ਪ੍ਰੇਸ਼ਾਨੀ ਵਿਚ ਹੈ। ਉਹ ਆਪਣੇ ਵਕੀਲਾਂ ਨੂੰ ਮਿਲਣਾ ਚਹੁੰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਜੇਕਰ ਉਹ ਨਾ ਸੁੱਤੇ ਤਾਂ ਉਨ੍ਹਾਂ ਨੂੰ ਦਵਾਈ ਦੇਣ ਲਈ ਡਾਕਟਰ ਨੂੰ ਸੱਦਿਆ ਜਾਵੇਗਾ। ਬੀਤੇ ਦਿਨ ਜੇਲ੍ਹ ਵਿਚੋਂ ਅਦਾਲਤ ਲਈ ਰਵਾਨਾ ਹੋਣ ਵੇਲੇ ਨੂਪੁਰ ਦਾ ਬਲੱਡ ਪ੍ਰੈਸ਼ਰ ਜਿਆਦਾ ਸੀ ਤੇ ਡਾਕਟਰ ਨੇ ਉਸ ਨੂੰ ਅਰਾਮ ਕਰਨ ਲਈ ਕਿਹਾ ਸੀ। ਇਸੇ ਦੌਰਾਨ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜੇਸ਼ ਤਲਵਾੜ ਨੂੰ ਡਾਸਨਾ ਜੇਲ੍ਹ ਦੀ ਡਾਕਟਰੀ ਟੀਮ ਦੀ ਸਹਾਇਤਾ ਕਰਨ ਜਦ ਕਿ ਨੂਪੁਰ ਨੂੰ ਸਾਥੀ ਔਰਤ ਕੈਦੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ ਗਿਆ ਹੈ। ਜੋੜੀ ਨੂੰ ਇਸ ਬਦਲੇ ਰੋਜਾਨਾ 40 ਰੁਪਏ ਮਿਹਨਤਾਨਾ ਮਿਲੇਗਾ।
No comments:
Post a Comment