www.sabblok.blogspot.com
ਮੋਗਾ : ਮੋਗਾ ਦੇ ਪਿੰਡ ਢੁੱਡੀਕੇ 'ਚ ਮੰਗਲਵਾਰ ਸਵੇਰੇ ਪੁਲਸ ਪ੍ਰਸ਼ਾਸਨ ਦੀ ਸੁਰੱਖਿਆ ਹੇਠ ਹੋ ਰਹੀ ਨਾਮ ਚਰਚਾ ਦਾ ਵਿਰੋਧ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ 'ਤੇ ਇੱਟਾਂ-ਪੱਥਰ ਸੁੱਟੇ। ਇਸ ਤੋਂ ਖ਼ਫ਼ਾ ਡੇਰਾ ਪ੍ਰੇਮੀਆਂ ਨੇ ਇਸ ਦਾ ਜਵਾਬ ਇੱਟਾਂ-ਪੱਥਰ ਨਾਲ ਹੀ ਦਿੱਤਾ। ਮਾਮਲਾ ਵਿਗੜਦਾ ਵੇਖ ਪੁਲਸ ਨੇ ਹਵਾਈ ਫਾਇਰਿੰਗ ਕਰਨ ਤੋਂ ਇਲਾਵਾ ਅੱਥਰੂ ਗੈਸ ਦੇ ਗੋਲੇ ਛੱਡੇ ਕੇ ਤੇ ਲਾਠੀਚਾਰਜ ਕਰਕੇ ਸਿੱਖ ਭਾਈਚਾਰੇ ਦੇ ਭੜਕੇ ਲੋਕਾਂ ਨੂੰ ਖਦੇੜਿਆ। ਸੋਮਵਾਰ ਨੂੰ ਪਿੰਡ ਢੁੱਡੀਕੇ ਸਥਿਤ ਦਾਣਾ ਮੰਡੀ 'ਚ ਦੁਪਹਿਰ ਤੋਂ ਹੀ ਮੰਗਲਵਾਰ ਨੂੰ ਹੋਣ ਵਾਲੀ ਨਾਮ ਚਰਚਾ ਲਈ ਡੇਰਾ ਪੈਰੋਕਾਰਾਂ ਵੱਲੋਂ ਪੰਡਾਲ ਲਗਾਇਆ ਜਾ ਰਿਹਾ ਸੀ। ਇਸੇ ਦਰਮਿਆਨ ਦੇਰ ਸ਼ਾਮ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮੁਨਿਆਦੀ ਜ਼ਰੀਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਨਾਮ ਚਰਚਾ ਰੋਕਣ ਨੂੰ ਕਿਹਾ ਗਿਆ। ਗੁਰਦੁਆਰਾ ਸਾਹਿਬ ਤੋਂ ਹੋਈ ਮੁਨਿਆਦੀ ਪਿੱਛੋਂ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਦਾਣਾ ਮੰਡੀ ਪੁੱਜੇ ਅਤੇ ਮੰਗਲਵਾਰ ਨੂੰ ਹੋਣ ਵਾਲੀ ਨਾਮ ਚਰਚਾ ਦਾ ਵਿਰੋਧ ਕਰਨ ਲੱਗ ਪਏ ਜਿਸ ਕਾਰਨ ਝਗੜਾ ਵੱਧ ਗਿਆ। ਇਸ ਪਿੱਛੋਂ ਵੇਖਦੇ ਹੀ ਵੇਖਦੇ ਸਿੱਖਾਂ ਨੇ ਪੰਡਾਲ ਨੂੰ ਅੱਗ ਹਵਾਲੇ ਕਰ ਦਿੱਤਾ। ਇਸੇ ਦਰਮਿਆਨ ਡੇਰਾ ਪ੍ਰੇਮੀਆਂ ਦੇ ਮੋਟਰਸਾਈਕਲ, ਸਕੂਟਰ ਤੇ ਸਾਈਕਲਾਂ ਦੀ ਤੋੜ ਭੰਨ ਕਰਨ ਪਿੱਛੋਂ ਅੱਗ ਲਗਾ ਦਿੱਤੀ ਅਤੇ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਉਥੋਂ ਭੱਜ ਗਏ। ਜਿਸ 'ਤੇ ਅਜੀਤਵਾਲ ਪੁਲਸ ਨੇ ਡੇਰਾ ਪ੍ਰੇਮੀ ਗੁਰਮੇਲ ਸਿੰਘ ਨਿਵਾਸੀ ਪਿੰਡ ਬੁੱਟਰ ਕਲਾਂ ਦੇ ਬਿਆਨ 'ਤੇ ਭਜਨ ਸਿੰਘ, ਜਗਤਾਰ ਸਿੰਘ, ਗੋਰੀ, ਨਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਵਾਸੀ ਢੁੱਡੀਕੇ, ਲਾਡੀ ਨਿਵਾਸੀ ਚੂੜਚੱਕ ਤੋਂ ਇਲਾਵਾ 70 ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਅੱਗ ਲਾਉਣ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਆਰਮ ਐਕਟ ਤਹਿਤ ਕੇਸ ਦਰਜ ਕਰਕੇ ਕੁਝ ਨੂੰ ਗਿ੍ਰਫ਼ਤਾਰ ਕਰ ਲਿਆ।
ਪੁਲਸ ਸੁਰੱਖਿਆ 'ਚ ਨਾਮ ਚਰਚਾ ਕਰਵਾਉਣ ਨਾਲ ਵਧਿਆ ਝਗੜਾ
ਸਿੱਖ ਭਾਈਚਾਰੇ ਦੇ ਲੋਕਾਂ ਨੇ ਪੁਲਸ ਵੱਲੋਂ ਸੋਮਵਾਰ ਰਾਤ ਦੀ ਅਗਜ਼ਨੀ ਦੀ ਘਟਨਾ ਦੇ ਦੋਸ਼ 'ਚ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਛੁਡਾਉਣ ਲਈ ਮੰਗਲਵਾਰ ਸਵੇਰੇ ਅਜੀਤਵਾਲ ਨੇੜਿਓਂ ਲੰਘਦੇ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ ਸੀ। ਇਸੇ ਦਰਮਿਆਨ ਉਨ੍ਹਾਂ ਨੂੰ ਪੁਲਸ ਸੁਰੱਖਿਆ 'ਚ ਪਿੰਡ ਦੀ ਮੰਡੀ 'ਚ ਨਾਮ ਚਰਚਾ ਕਰਵਾਉਣ ਦੀ ਜਾਣਕਾਰੀ ਮਿਲੀ। ਜਿਸ 'ਤੇ ਕਾਹਲੀ 'ਚ ਉਥੇ ਇਕੱਠੇ ਹੋਏ ਲੋਕ ਢੁੱਡੀਕੇ ਦੀ ਦਾਣਾ ਮੰਡੀ 'ਚ ਪੁੱਜ ਗਏ ਅਤੇ ਹੋ ਰਹੀ ਨਾਮ ਚਰਚਾ ਦਾ ਵਿਰੋਧ ਕੀਤਾ। ਦੂਸਰੇ ਪਾਸੇ ਸੋਮਵਾਰ ਨੂੰ ਹੋਈ ਘਟਨਾ ਪਿੱਛੋਂ ਪਿੰਡ 'ਚ ਸਥਿਤੀ ਤਣਾਅਪੂਰਨ ਬਣੀ ਹੋਣ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਹੋ ਰਹੀ ਨਾਮ ਚਰਚਾ ਬੰਦ ਨਾ ਹੋਣ 'ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੇ ਵਿਰੋਧ 'ਚ ਡੇਰਾ ਪ੍ਰੇਮੀਆਂ ਨੇ ਵੀ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ 'ਤੇ ਐਸਐਸਪੀ ਕਮਲਜੀਤ ਸਿੰਘ ਿਢੱਲੋਂ ਨੇ ਪਿੰਡ ਨੂੰ ਪੁਲਸ ਛਾਊਣੀ 'ਚ ਬਦਲ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਵੱਲੋਂ ਲਗਾਤਾਰ ਡੇਰਾ ਪ੍ਰੇਮੀਆਂ ਵੱਲ ਵਧਣ ਦੀਆਂ ਕੋਸ਼ਿਸ਼ 'ਤੇ ਪੁਲਸ ਨੇ ਹਵਾਈ ਗੋਲੀਬਾਰੀ ਕਰਨ ਸਮੇਤ ਅੱਥਰੂ ਗੈਸ ਦੇ ਗੋਲੇ ਛੱਡ ਕੇ ਅਤੇ ਲਾਠੀਚਾਰਜ ਦੀ ਵਰਤੋਂ ਕਰਕੇ ਰਹੇ ਸਿੱਖ ਭਾਈਚਾਰੇ ਨੂੰ ਖਦੇੜ ਦਿੱਤਾ।
ਡੇਰਾ ਪ੍ਰੇਮੀਆਂ ਨੇ ਦਿੱਤੀ ਚਿਤਾਵਨੀ : ਇਸ ਮੌਕੇ ਐਸਐਸਪੀ ਮੋਗਾ ਕੰਵਲਜੀਤ ਸਿੰਘ ਿਢੱਲੋਂ, ਐਸਐਸਪੀ ਫ਼ਰੀਦਕੋਟ, ਐਸਪੀਐਸ ਭੁਪਿੰਦਰ ਸਿੰਘ, ਐਸਪੀ ਦਿਲਬਾਗ ਸਿੰਘ ਪੰਨੂ ਕੋਲ ਪੁੱਜ ਕੇ ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਕਿ ਦੋ ਦਿਨਾਂ ਤਕ ਅਗਜ਼ਨੀ ਤੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰੇ। ਨਹੀਂ ਤਾਂ ਦੋ ਦਿਨਾਂ ਬਾਅਦ ਉਹ ਰੋਸ ਮੁਜ਼ਾਹਰਾ ਕਰਨਗੇ।
ਕੀ ਕਹਿੰਦੇ ਹਨ ਡੇਰੇ ਦੇ ਮੀਡੀਆ ਇੰਚਾਰਜ : ਇਸ ਸਬੰਧੀ ਡੇਰਾ ਸੱਚਾ ਸੌਦਾ ਦੇ ਮੀਡੀਆ ਇੰਚਾਰਜ ਪਵਨ ਕੁਮਾਰ ਇੰਸਾਂ ਦਾ ਕਹਿਣਾ ਹੈ ਕਿ ਡੇਰਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰੇ ਧਰਮਾਂ ਵੱਲੋਂ ਕੀਤੇ ਜਾਂਦੇ ਧਰਮ ਕਰਮ ਦੀ ਸ਼ਲਾਘਾ ਹੀ ਨਹੀਂ ਕਰਦਾ ਸਗੋਂ ਆਪਣੇ ਵੱਲੋਂ ਬਣਦਾ ਯੋਗਦਾਨ ਵੀ ਪਾਉਂਦਾ ਹੈ। ਕਰਦਾ ਹੈ। ਡੇਰੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਕੁਝ ਸ਼ਰਾਰਤੀ ਤੱਤ ਵੱਖਰੇ ਢੰਗ ਨਾਲ ਪੇਸ਼ ਕਰ ਕੇ ਹਾਲਾਤ ਖ਼ਰਾਬ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਪੁਲਸ ਠੋਸ ਕਾਰਵਾਈ ਕਰਨ ਸਮੇਤ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰੇ। ਟਕਰਾਅ ਟਾਲਣ ਲਈ ਕੱਲ੍ਹ ਨੂੰ ਹੋਵੇਗੀ ਡੇਰਾ ਪ੍ਰੇਮੀਆਂ ਤੇ ਸਿੱਖ ਭਾਈਚਾਰੇ ਦੀ ਮੀਟਿੰਗ : ਪਿੰਡ ਢੁੱਡੀਕੇ 'ਚ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ 'ਚ ਹੋਏ ਟਕਰਾਅ ਪਿੱਛੋਂ ਪੈਦਾ ਹੋਏ ਹਾਲਾਤ ਬਾਰੇ ਦੁਪਹਿਰੇ ਦੋ ਵਜੇ ਪਿੰਡ ਢੁੱਡੀਕੇ 'ਚ ਪੁੱਜੇ ਆਈਜੀ ਬਿਠੰਡਾ ਪਰਮਰਾਜ ਸਿੰਘ ਉਮਰਾਨੰਗਲ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਡੀਆਈਜੀ ਫਿਰੋਜ਼ਪੁਰ ਰੇਂਜ ਯੁਰਿੰਦਰ ਹੇਅਰ, ਐਸਐਸਪੀ ਮੋਗਾ ਕਮਲਜੀਤ ਸਿੰਘ ਿਢੱਲੋਂ, ਐਸਐਸਪੀ ਫ਼ਰੀਦਕੋਟ ਵਰਿੰਦਰਪਾਲ ਸਿੰਘ ਅਤੇ ਫਿਰੋਜ਼ਪੁਰ ਦੇ ਐਸਐਸਪੀ ਮਨਮਿੰਦਰ ਸਿੰਘ ਤੇ ਐਸਡੀਐਮ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਪੁਲਸ ਅਧਿਕਾਰੀ ਮੌਜੂਦ ਸਨ। ਇਸ ਘਟਨਾ ਪਿੱਛੋਂ ਪੰਜਾਬ ਸਰਕਾਰ ਨੇ ਸਾਰੇ ਸੂਬੇ ਵਿਚ ਚੌਕਸੀ ਦੇ ਆਦੇਸ਼ ਦੇ ਦਿੱਤੇ ਹਨ। ਸੂਤਰਾਂ ਅਨੁਸਾਰ ਇਸ ਬੈਠਕ 'ਚ ਦੋਵਾਂ ਧਿਰਾਂ ਵਿਚ ਪੈਦਾ ਹੋਏ ਟਕਰਾਅ ਨੂੰ ਟਾਲਣ ਲਈ ਯੋਜਨਾਬੰਦੀ ਕੀਤੀ ਗਈ ਅਤੇ 28 ਨਵੰਬਰ ਨੂੰ ਦੋਵਾਂ ਧਿਰਾਂ ਨਾਲ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨਾਲ ਬੈਠਕ ਰੱਖੀ ਗਈ ਹੈ ਜਿਸ ਲਈ ਦੋਵਾਂ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ। ਇਕ ਡੇਰਾ ਪ੍ਰੇਮੀ ਨੇ ਦੱਸਿਆ ਕਿ ਨਾਮ ਚਰਚਾ ਤੋਂ ਪਹਿਲਾਂ ਪੁਲਸ ਨੂੰ ਲਿਖਤੀ ਸੂਚਨਾ ਦਿੱਤੀ ਗਈ ਸੀ ਪਰ ਲੰਘੀ ਰਾਤ ਦੀ ਘਟਨਾ ਵੇਲੇ ਸਿਰਫ ਇਕ ਏਐਸਆਈ ਅਤੇ ਇਕ ਹੌਲਦਾਰ ਸਮੇਤ ਤਿੰਨ ਪੁਲਸ ਮੁਲਾਜ਼ਮ ਹੀ ਪੁੱਜੇ ਸਨ। ਇਨ੍ਹਾਂ ਵਿਚੋਂ ਇਕ ਪੁਲਸ ਮੁਲਾਜ਼ਮ ਦਾ ਦਾਅਵਾ ਹੈ ਕਿ ਜੇ ਉਹ ਮੌਕੇ 'ਤੇ ਮੌਜੂਦ ਨਾ ਹੁੰਦਾ ਤਾਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ।
No comments:
Post a Comment