www.sabblok.blogspot.com
ਪਣਜੀ-ਗੋਆ ਪੁਲਸ ਨੇ ਬੁੱਧਵਾਰ ਨੂੰ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੂੰ ਸੰਮਨ ਜਾਰੀ ਕੀਤਾ, ਜਿੰਨਾ ‘ਤੇ ਆਪਣੇ ਸਹਿਯੋਗੀ ਮਹਿਲਾ ਪੱਤਰਕਾਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਤੇਜਪਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਇਹ ਦੱਸਣ ਤੋਂ ਇਨਕਾਰ ਕੀਤਾ ਹੈ ਕਿ ਦੋਸ਼ੀ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕੋਈ ਤਾਰੀਖ ਜਾਂ ਸਮਾਂ ਦਿੱਤਾ ਗਿਆ ਹੈ। ਗੋਆ ਪੁਲਸ ਦੀ ਅਪਰਾਧ ਸ਼ਾਖਾ ਮਹਿਲਾ ਪੱਤਰਕਾਰ ਦੀ ਸ਼ਿਕਾਇਤ ‘ਤੇ ਤੇਜਪਾਲ ਖਿਲਾਫ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਪੀੜਤਾ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਾਉਣ ਲਈ ਬੁਲਾਇਆ ਜਾਵੇਗਾ।
ਅਧਿਕਾਰੀ ਨੇ ਕਿਹਾ, ”ਮਹਿਲਾ ਪੱਤਰਕਾਰ ਪੁਲਸ ਨੂੰ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਮਾਮਲੇ ਲਈ ਉਸ ਦਾ ਬਿਆਨ ਕਾਫੀ ਮਹੱਤਵਪੂਰਨ ਹੈ।” ਜਾਂਚ ਅਧਿਕਾਰੀ ਸੁਨੀਤਾ ਸਾਵੰਤ ਪਹਿਲਾਂ ਹੀ ਪੀੜਤਾ ਨੂੰ ਮੁੰਬਈ ਵਿਚ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਉਸ ਦਾ ਬਿਆਨ ਦਰਜ ਕੀਤਾ। ਗੋਆ ਪੁਲਸ ਨੇ ਘਟਨਾ ਦੇ ਸਿਲਸਿਲੇ ‘ਚ 22 ਨਵੰਬਰ ਨੂੰ ਤੇਜਪਾਲ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 376 ਬਲਾਤਕਾਰ, 376 (2) ਕਿਸੇ ਵਿਅਕਤੀ ਵਲੋਂ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਆਪਣੀ ਸਹਿਯੋਗੀ ਮਹਿਲਾ ਪੱਤਰਕਾਰ ਨਾਲ ਬਲਾਤਕਾਰ ਕੀਤਾ ਜਾਣਾ ਅਤੇ 534 ਸ਼ੀਲ ਭੰਗ ਕਰਨਾ ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਮੰਗਲਵਾਰ ਨੂੰ ਤੇਜਪਾਲ ਖਿਲਾਫ ਅਲਰਟ ਜਾਰੀ ਕੀਤਾ ਸੀ, ਤਾਂ ਕਿ ਉਹ ਦੇਸ਼ ਛੱਡ ਕੇ ਕਿੱਥੇ ਦੌੜ ਨਾ ਸਕਣ। ਤੇਜਪਾਲ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਦਾ ਫੈਸਲਾ 3.30 ਵਜੇ ਸੁਣਾਇਆ ਜਾਵੇਗਾ। ਜੇਕਰ ਤੇਜਪਾਲ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਤੇਜਪਾਲ ਨੇ ਆਪਣੀ ਜ਼ਮਾਨਤ ਅਰਜ਼ੀ ਵਿਚ ਬਲਾਤਕਾਰ ਦੇ ਦੋਸ਼ ਨੂੰ ਨਕਾਰਦੇ ਹੋਏ ਘਟਨਾ ਨੂੰ ਇਕ ਮਜ਼ਾਕ ਕਰਾਰ ਦਿੱਤਾ ਹੈ। ਇਸ ਅਰਜ਼ੀ ਵਿਚ ਤੇਜਪਾਲ ਨੇ ਦੋਸ਼ ਲਾਇਆ ਹੈ ਕਿ ਗੋਆ ਸਰਕਾਰ ਉਨ੍ਹਾਂ ਖਿਲਾਫ ਸਿਆਸੀ ਸਾਜ਼ਿਸ਼ ਰਚ ਰਹੀ ਹੈ।
No comments:
Post a Comment