www.sabblok.blogspot.co
ਤਿੰਨ ਭਾਰਤੀ ਗ੍ਰਿਫ਼ਤਾਰ
ਊਦੀਨੇ (ਇਟਲੀ) 18 ਨਵੰਬਰ (ਪੰਜਾਬ ਐਕਸਪ੍ਰੈੱਸ) - ਇਟਾਲੀਅਨ ਪੁਲਿਸ ਦੀ ਗੁਆਰਦਾ ਦੀ ਫਿਨਾਨਸਾ ਯੂਨਿਟ ਵੱਲੋਂ ਅਸਟਰੀਆ ਬਾੱਡਰ ਤੋਂ ਇਟਲੀ ਵਿਚ ਦਾਖਲ ਹੋਈਆਂ 2 ਕਾਰਾਂ ਨੂੰ ਸ਼ੱਕ ਦੇ ਅਧਾਰ 'ਤੇ ਜਾਂਚਣ ਲਈ ਰੋਕਿਆ। ਜਿਨ੍ਹਾਂ ਦੀ ਤਲਾਸ਼ੀ ਮਗਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਹੋਇਆ। ਜਿਸ ਦੇ ਸਬੰਧ ਵਿਚ ਤੁਰੰਤ ਮੌਕੇ 'ਤੇ ਮੌਜੂਦ ਰੰਗੇ ਹੱਥੀਂ ਤਿੰਨ ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਟਲੀ ਦੇ ਸਰਹੱਦੀ ਇਲਾਕੇ ਵਜੋਂ ਜਾਣੇ ਜਾਂਦੇ ਜਿਲ੍ਹਾ ਊਦੀਨੇ ਦੀ ਪੁਲਿਸ ਨੇ ਤਸਕਰਾਂ ਵੱਲੋਂ ਕੀਤੀ ਜਾਣ ਵਾਲੀ ਵੱਡੀ ਕੋਸ਼ਿਸ਼ ਨੂੰ ਅੱਜ ਨਾਕਾਮ ਕਰ ਦਿੱਤਾ। ਊਦੀਨੇ ਤੋਂ ਸਲੋਵਾਨੀਆ ਬਾਡਰ ਤਕਰੀਬਨ 40 ਕਿਲੋਮੀਟਰ ਅਤੇ ਅਸਟਰੀਆ ਬਾਡਰ 250 ਦੇ ਕਰੀਬ ਪੈਂਦਾ ਹੈ। ਇਟਲੀ, ਸਪੇਨ, ਜਰਮਨੀ ਤੋਂ ਬਾਅਦ ਅਸਟਰੀਆ ਵਿਚ ਵੀ ਭਾਰਤੀ ਪੰਜਾਬੀਆਂ ਦੀ ਖਾਸੀ ਗਿਣਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅਸਟਰੀਆ ਬਾਡਰ ਤੋਂ ਇਟਲੀ ਦੇ ਸ਼ਹਿਰ ਊਦੀਨੇ ਵਿਚ ਦਾਖਲ ਹੋਈਆਂ ਦੋ ਕਾਰਾਂ ਜਿਨ੍ਹਾਂ ਦੇ ਚਾਲਕ ਭਾਰਤੀ ਸਨ, ਜਦੋਂ ਦਾਖਲ ਹੋਏ ਤਾਂ ਉਨ੍ਹਾਂ ਦੀਆਂ ਹਰਕਤਾਂ ਅਤੇ ਗਤੀਵਿਧੀਆਂ ਤੋਂ ਸਥਾਨਕ ਪੁਲਿਸ ਨੂੰ ਕੁਝ ਸ਼ੱਕ ਹੋਇਆ, ਪਰ ਉਨ੍ਹਾਂ ਹੋਰ ਬਿਹਤਰ ਹਾਲਤਾਂ ਨੂੰ ਜਾਨਣ ਲਈ ਤੁਰੰਤ ਇਨ੍ਹਾਂ ਨੂੰ ਨਹੀਂ ਰੋਕਿਆ ਬਲਕਿ ਗੁਪਤ ਤਰੀਕੇ ਨਾਲ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਗੁਆਰਦਾ ਦੀ ਫਿਨਾਨਸਾ ਵੱਲੋਂ ਇਨ੍ਹਾਂ ਨੂੰ ਉਗੋਵਿਸਾ ਦੇ ਟੂਲ ਨਾਕੇ 'ਤੇ ਘੇਰਾ ਪਾ ਲਿਆ ਅਤੇ ਇਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਗੱਲਬਾਤ ਦੌਰਾਨ ਦੋਵਾਂ ਗੱਡੀਆਂ ਵਿਚ ਸਵਾਰ ਤਿੰਨੋਂ ਭਾਰਤੀ ਨੌਜਵਾਨ ਕੁਝ ਝੁੰਝਲਾ ਗਏ। ਜਿਸ ਨਾਲ ਜਾਂਚ ਅਧਿਕਾਰੀਆਂ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਜਦੋਂ ਉਨ੍ਹਾਂ ਇਹਨਾਂ ਦੀਆਂ ਗੱਡੀਆਂ ਦੀ ਤਲਾਸ਼ੀ ਲਈ ਤਾਂ ਗੱਡੀਆਂ ਦੀ ਪੱਟ ਪਟਾਈ ਦੌਰਾਨ ਤਕਰੀਬਨ 77 ਕਿਲੋ ਭੁੱਕੀ-ਚੂਰਾ, ਪੋਸਤ ਅਤੇ ਸੁੱਕੀ ਹੋਈ ਅਫੀਮ ਦੇ ਭਰੇ ਕੈਪਸੂਲ ਬਰਾਮਦ ਹੋਏ। ਇਹ ਕੈਪਸੂਲ 18 ਪਲਾਸਟਿਕ ਦੇ ਬੈਗਾਂ ਵਿਚ ਭਰ ਕੇ ਕਾਰ ਵਿਚ ਲੁਕੋਏ ਗਏ ਸਨ। ਇੰਨਾ ਵਿਚ ਭਰਿਆ ਗਿਆ ਭੁੱਕੀ-ਚੂਰਾ, ਪੋਸਤ ਅਤੇ ਸੁੱਕੀ ਅਫੀਮ ਦਾ ਬੁਰਾਦਾ ਜਿਸ ਦੀ ਯੂਰਪ ਵਿਚ ਤਕਰੀਬਨ ਕੀਮਤ 5 ਲੱਖ ਯੂਰੋ (4 ਕਰੋੜ 50 ਲੱਖ ਰੁਪਏ) ਆਂਕੀ ਗਈ ਹੈ। ਫੜੇ ਗਏ 77 ਕਿਲੋ ਨਸ਼ੀਲੇ ਪਦਾਰਥ ਦੀ ਰਸਾਇਣਕ ਜਾਂਚ ਵਿਚ ਖੁਲਸਾ ਹੋਇਆ ਕਿ ਇਸ ਵਿਚ ਮੋਰਫਿਨ ਦੀ ਮਾਤਰਾ ਬਹੁਤ ਵਧੇਰੀ ਹੈ ਅਤੇ ਇਸ ਨੂੰ ਕੈਪਸੂਲਾਂ ਵਿਚ ਭਰਨ ਤੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਸੁਕਾਇਆ ਗਿਆ ਸੀ। ਜਿਸ ਕਾਰਨ ਇਸ ਦੀ ਨਸ਼ੇ ਦੀ ਡਿਗਰੀ ਬਹੁਤ ਵਧੇਰੀ ਹੈ। ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਇਸ ਤਰ੍ਹਾਂ ਦੇ ਨਸ਼ੇ ਇਸ ਲਈ ਵਧੇਰੇ ਵਿਕਦੇ ਹਨ, ਕਿਉਂਕਿ ਇੰਨਾ ਦੀ ਖਰੀਦ ਪਿਛੋਂ ਬਹੁਤ ਸਸਤੀ ਹੁੰਦੀ ਹੈ ਅਤੇ ਕਾਲਾ ਬਜਾਰੀ ਵਿਚ ਮਹਿੰਗੇ ਭਾਅ ਦੇ ਵਿਕਦੇ ਹਨ। ਨਾਰਕੋਟਿਕਸ ਡਿਪਾਰਟਮੈਂਟ ਵੱਲੋਂ ਦਬੋਚੇ ਗਏ 3 ਭਾਰਤੀਆਂ ਵਿਚੋ 2 ਇਟਲੀ ਦੇ ਰਹਿਣ ਵਾਲੇ ਹਨ ਅਤੇ ਇਕ ਅਸਟਰੀਆ ਦਾ ਬਸ਼ਿੰਦਾ ਹੈ। ਇਟਲੀ ਵਿਚ ਨਸ਼ਿਆਂ ਭੁੱਕੀ-ਚੂਰਾ ਅਤੇ ਅਫੀਮ ਦੀ ਤਸਕਰੀ ਵਿਚ ਮੋਹਰੀ ਭਾਰਤੀਆਂ 'ਤੇ ਸ਼ਿੰਕਜਾ ਕੱਸਿਆ ਹੋਇਆ ਹੈ। ਇਸੇ ਦਾ ਸਿੱਟਾ ਹੈ ਕਿ 2013 ਦੌਰਾਨ ਊਦੀਨੇ ਤੋਂ ਇਲਾਵਾ ਬਰੇਸ਼ੀਆ, ਬੈਰਗਾਮੋ, ਆਰਜੀਨੋਵੀ, ਫਿਰੈਂਸਾ, ਰਿਜੋਕਲਾਬਰੀਆ ਕਈ ਹੋਰ ਸ਼ਹਿਰਾਂ ਤੋਂ ਭਾਰਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਹਿਤ ਦਬੋਚਿਆ ਗਿਆ ਹੈ ਜਿਨ੍ਹਾਂ ਵਿਚ ਵਧੇਰੀ ਗਿਣਤੀ ਭਾਰਤੀ ਦੁਕਾਨਦਾਰਾਂ ਦੀ ਹੈ, ਜਿਨ੍ਹਾਂ ਜਰੀਏ ਇਹ ਨਸ਼ਾ ਦੁਕਾਨਾ ਤੋਂ ਧੜੱਲੇ ਨਾਲ ਵਿੱਕ ਰਿਹਾ ਹੈ।
No comments:
Post a Comment