ਤਕਲੋਬਾਨ, 10 ਨਵੰਬਰ (ਏਜੰਸੀ) - ਫਿਲੀਪੀਨ 'ਚ ਹੇਯਾਨ ਤੂਫਾਨ ਨੇ ਆਪਣਾ ਕਹਿਰ ਮਚਾਇਆ ਹੈ। ਤਬਾਹੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਤੂਫਾਨ ਨਾਲ ਲਗਭਗ 10 ਹਜ਼ਾਰ ਲੋਕਾਂ ਦੇ ਮਾਰੇ ਜਾਣ ਦੀ ਅਸ਼ੰਕਾ ਪ੍ਰਗਟਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ ਹੇਯਾਨ ਨੇ ਲੇਇਟੇ ਟਾਪੂ 'ਤੇ ਆਪਣਾ ਕਹਿਰ ਮਚਾਇਆ , ਜਿਸ ਦੇ ਬਾਅਦ ਕਈ ਥਾਂਵਾਂ ਮਲਬੇ 'ਚ ਤਬਦੀਲ ਹੋ ਗਈਆਂ। ਇਸ ਕਾਰਨ ਰਾਹਤ ਤੇ ਬਚਾਅ ਕਾਰਜਾਂ 'ਚ ਬੇਹੱਦ ਮੁਸ਼ਕਿਲ ਆ ਰਹੀ ਹੈ। ਰੈੱਡ ਕਰਾਸ ਤੇ ਫੌਜ ਵੱਡੇ ਪੈਮਾਨੇ ਤੇ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀ ਪਰ ਹੜ੍ਹ ਦੇ ਕਾਰਨ ਕਈ ਸੜਕਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਕਈ ਇਲਾਕਿਆਂ 'ਚ ਬਿਜਲੀ ਚਲੀ ਗਈ ਹੈ ਤੇ ਦੂਜੇ ਇਲਾਕਿਆਂ ਨਾਲ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ। 320 ਕਿਲੋਮੀਟਰ ਦੀ ਰਫ਼ਤਾਰ ਨਾਲ ਹੁਣ ਤੱਕ ਦੇ ਇਸ ਸਭ ਤੋਂ ਤਾਕਤਵਰ ਤੂਫ਼ਾਨ ਦੇ ਟਕਰਾਉਣ ਨਾਲ ਇਮਾਰਤਾਂ ਡਿੱਗ ਪਈਆਂ ਤੇ ਕਈ ਜਗ੍ਹਾ ਜ਼ਮੀਂਨ ਵੀ ਖਿਸਕ ਗਈ ਹੈ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।