jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਲੁਧਿਆਣੇ ਦੇ ਟੈਕਸਟਾਈਲ ਮਜ਼ਦੂਰਾਂ ਦੀ ਹੜਤਾਲ ਦੀ ਜਿੱਤ – ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਦੇ ਹੋਏ ਅੱਗੇ ਵਧਣਾ ਹੋਵੇਗਾ

www.sabblok.blogspot.com



1383033_727406363941874_709182895_n
ਲੁਧਿਆਣੇ ਦੇ ਟੈਕਸਟਾਈਲ ਮਜ਼ਦੂਰਾਂ ਦੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੀ ਅਗਵਾਈ ਵਿੱਚ ਲੰਘੀ 4 ਅਕਤੂਬਰ ਤੋਂ ਸ਼ੁਰੂ ਹੋਈ ਅਣਮਿੱਥੇ ਸਮੇਂ ਦੀ ਹੜਤਾਲ ਜਿੱਤ ਹਾਸਿਲ ਕਰਦੇ ਹੋਏ ਖਤਮ ਹੋ ਚੁੱਕੀ ਹੈ। ਮੇਹਰਬਾਨ, ਗਊਸ਼ਾਲਾ, ਕਸ਼ਮੀਰ ਨਗਰ, ਮਾਧੋਪੁਰੀ, ਸ਼ਕਤੀ ਨਗਰ, ਟਿੱਬਾ ਰੋਡ ਆਦਿ ਇਲਾਕਿਆਂ ਵਿੱਚ ਕਰੀਬ 75 ਕਾਰਖਾਨਿਆਂ ਦੇ ਲਗਭੱਗ 2000 ਮਜ਼ਦੂਰ ਇਸ ਹੜਤਾਲ ਵਿੱਚ ਸ਼ਾਮਿਲ ਹੋਏ। ਉਜ਼ਰਤਾਂ ਵਿੱਚ 30 ਫੀਸਦੀ ਵਾਧਾ ਅਤੇ 8.33 ਫੀਸਦੀ ਸਲਾਨਾ ਬੋਨਸ ਹੜਤਾਲ ਦੀਆਂ ਮੁੱਖ ਫੌਰੀ ਮੰਗਾਂ ਸਨ। ਮਾਲਕਾਂ ਨਾਲ਼ 15 ਫੀਸਦੀ ਵਾਧੇ ਅਤੇ 8.33 ਫੀਸਦੀ ਬੋਨਸ ਦਾ ਸਮਝੌਤਾ ਹੋਇਆ ਹੈ। ਪਹਿਚਾਣ ਪੱਤਰ ਅਤੇ ਹਾਜ਼ਰੀ ਕਾਰਡ ਬਣਾਉਣ, ਈ.ਪੀ.ਐਫ. ਸਹੂਲਤ ਲਾਗੂ ਕਰਨ, ਕੰਮ ਦੌਰਾਨ ਹਾਦਸਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਢੁੱਕਵੇਂ ਪ੍ਰਬੰਧ ਕਰਨ ਸਮੇਤ ਸਾਰੇ ਕਿਰਤ ਕਨੂੰਨ ਲਾਗੂ ਕਰਨ ਦੀਆਂ ਮੰਗਾਂ ਵੀ ਮਾਲਕਾਂ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਸ਼ਾਮਲ ਸਨ। ਇਹਨਾਂ ਮੰਗਾਂ ‘ਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਸੰਘਰਸ਼ ਜਾਰੀ ਰਹੇਗਾ। 
11 ਅਗਸਤ ਨੂੰ ਬੁਲਾਈ ਗਈ ਮਜ਼ਦੂਰ ਪੰਚਾਇਤ ਵਿੱਚ ਮੰਗਾਂ-ਮਸਲਿਆਂ ‘ਤੇ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਮੰਗ ਪੱਤਰ ਤਿਆਰ ਕੀਤਾ ਗਿਆ ਸੀ। ਇਹ ਮੰਗ ਪੱਤਰ ਮਾਲਕਾਂ ਅਤੇ ਕਿਰਤ ਵਿਭਾਗ ਨੂੰ ਪਹੁੰਚਾਇਆ ਗਿਆ। ਇਸ ਵਾਰ ਇਹ ਫੈਸਲਾ ਕੀਤਾ ਗਿਆ ਸੀ ਕਿ ਜੋ ਵੀ ਮਾਲਕ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਵੇਗਾ ਉਸਦੇ ਕਾਰਖਾਨੇ ਵਿੱਚ ਹੜਤਾਲ ਨਹੀਂ ਹੋਵੇਗੀ ਅਤੇ ਹੜਤਾਲ ਦੌਰਾਨ ਵੀ ਜਿਸ ਕਾਰਖਾਨੇ ਵਿੱਚ ਮਾਲਕ ਆਪਣੇ ਮਜ਼ਦੂਰਾਂ ਨਾਲ਼ ਸਮਝੌਤਾ ਕਰ ਲਵੇਗਾ ਉੱਥੇ ਹੜਤਾਲ ਖਤਮ ਕਰ ਦਿੱਤੀ ਜਾਵੇਗੀ। ਟਿੱਬਾ ਰੋਡ ਅਤੇ ਸ਼ਕਤੀ ਨਗਰ ਇਲਾਕਿਆਂ ਵਿਚਲੇ ਕਾਰਖਾਨਿਆਂ ਨੂੰ ਛੱਡ ਕੇ ਬਾਕੀ ਇਲਾਕਿਆਂ ਵਿਚਲੇ ਜਿਆਦਾਤਰ ਕਾਰਖਾਨਿਆਂ ਵਿੱਚ ਕੁੱਝ ਹੀ ਦਿਨਾਂ ਵਿੱਚ ਸਮਝੌਤਾ ਹੋ ਗਿਆ ਸੀ। ਸਭ ਤੋਂ ਬਾਅਦ ਵਿੱਚ ਟਿੱਬਾ ਰੋਡ ‘ਤੇ ਸਥਿਤ ਕਾਰਖਾਨਿਆਂ ਦੇ ਮਾਲਕ ਝੁੱਕੇ। ਆਖਰੀ ਸਮਝੌਤਾ 11 ਨਵੰਬਰ ਨੂੰ ਹੋਇਆ। ਲਾਲ ਝੰਡਾ ਟੈਕਸਟਾਈਲ-ਹੌਜ਼ਰੀ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਵੀ ਗੀਤਾ ਨਗਰ ਦੇ ਲਗਭਗ 30 ਕਾਰਖਾਨਿਆਂ ਦੇ ਮਜ਼ਦੂਰ ਚਾਰ ਅਗਸਤ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਇਹਨਾਂ ਮਜ਼ਦੂਰਾਂ ਦੀ ਹੜਤਾਲ ਅਜੇ ਵੀ ਜਾਰੀ ਹੈ। ਇੱਥੇ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਕਾਰਖਾਨਿਆਂ ਵਿੱਚ ਇਕੱਠੇ ਹੀ ਸਮਝੌਤਾ ਕੀਤਾ ਜਾਵੇਗਾ।
ਦੇਸ਼ ਦੇ ਸਰਮਾਏਦਾਰਾ ਹਾਕਮਾਂ ਵੱਲੋਂ ਲਾਗੂ ਕੀਤੀਆਂ ਗਈਆਂ ਸੰਸਾਰੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁੱਖ ਨਿਸ਼ਾਨਾ ਮਜ਼ਦੂਰ ਜਮਾਤ ਹੀ ਰਹੀ ਹੈ। ਅੱਜ ਦੇਸ਼ ਵਿੱਚ 93 ਫੀਸਦੀ ਮਜ਼ਦੂਰ ਕਨੂੰਨੀ ਕਿਰਤ ਹੱਕਾਂ ਤੋਂ ਵਾਂਝੇ ਹੋ ਚੁੱਕੇ ਹਨ। ਅੱਠ ਘੰਟੇ ਦਿਹਾੜੀ, ਘੱਟੋ-ਘੱਟ ਉਜ਼ਰਤ, ਬੋਨਸ, ਈ.ਐਸ.ਆਈ., ਪੀ.ਐਫ., ਛੁੱਟੀਆਂ, ਵੱਖ-ਵੱਖ ਤਰਾਂ ਦੇ ਭੱਤੇ ਆਦਿ ਸਾਰੇ ਕਨੂੰਨੀ ਕਿਰਤ ਹੱਕ ਦੇਸ਼ ਦੀ ਮਜ਼ਦੂਰ ਜਮਾਤ ਦੇ ਸੱਤ ਫੀਸਦੀ ਹਿੱਸੇ ਨੂੰ ਹੀ ਕੁੱਝ ਹੱਦ ਤੱਕ ਹਾਸਿਲ ਹੁੰਦੇ ਹਨ। ਲੁਧਿਆਣੇ ਦੇ ਟੈਕਸਟਾਈਲ ਮਜ਼ਦੂਰ ਵੀ ਸਰਮਾਏਦਾਰ ਜਮਾਤ ਦੇ ਇਸ ਹਮਲੇ ਦਾ ਸ਼ਿਕਾਰ ਹਨ। ਮਜ਼ਦੂਰਾਂ ਦੀ ਹਾਲਤ ਨੱਬੇਵਿਆਂ ਤੋਂ ਪਹਿਲਾਂ ਵੀ ਮਾੜੀ ਸੀ ਪਰ ਜਦੋਂ ਤੋਂ ਇਹ ਨਵਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਹਾਲਤ ਹੋਰ ਵੀ ਵਿਗੜ ਚੁੱਕੀ ਹੈ। ਲੁਧਿਆਣੇ ਦੇ ਟੈਕਸਟਾਈਲ ਮਜ਼ਦੂਰ ਗਰੀਬੀ-ਬਦਹਾਲੀ ਦੀ ਬੇਹੱਦ ਭੈੜੀ ਜਿੰਦਗੀ ਜਿਉਂ ਰਹੇ ਹਨ। ਉਹ ਭੋਜਨ, ਰਿਹਾਇਸ਼, ਕੱਪੜੇ, ਇਲਾਜ, ਸਿੱਖਿਆ ਆਦਿ ਸਬੰਧੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਹਨ।
ਲੁਧਿਆਣੇ ਵਿੱਚ ਨੱਬੇਵਿਆਂ ਦੇ ਸ਼ੁਰੂ ਵਿੱਚ ਸਮਝੌਤਾਪ੍ਰਸਤ ਜੱਥੇਬੰਦੀਆਂ ਦੀ ਅਗਵਾਈ ਵਿੱਚ ਹੋਈ ਵੱਡੀ ਹੜਤਾਲ ਜਿਸ ਵਿੱਚ ਸ਼ਹਿਰ ਦੇ ਲਗਭਗ ਸਾਰੇ ਪਾਵਰਲੂਮ ਮਜ਼ਦੂਰ ਸ਼ਾਮਿਲ ਸਨ ਦੀ ਹਾਰ ਤੋਂ ਬਾਅਦ ਲੰਮੇ ਸਮੇਂ ਤੱਕ ਸ਼ਹਿਰ ਵਿੱਚ ਟੈਕਸਟਾਈਲ ਸਨਅੱਤ ਦੇ ਮਜ਼ਦੂਰਾਂ ਦੇ ਜੱਥੇਬੰਦਕ ਘੋਲ਼ ਦੀ ਲਗਭੱਗ ਅਣਹੋਂਦ ਰਹੀ। ਲੁਧਿਆਣੇ ਦੀਆਂ ਹੋਰਾਂ ਸਨਅੱਤਾਂ ਵਿੱਚ ਵੀ ਸਮਝੌਤਾਪ੍ਰਸਤ-ਦਲਾਲ ਜੱਥੇਬੰਦੀਆਂ ਅਤੇ ਆਗੂਆਂ ਦੀ ਸਰਮਾਏਦਾਰ ਪੱਖੀ ਅਤੇ ਮਜ਼ਦੂਰ ਵਿਰੋਧੀ ਭੂਮੀਕਾ ਨੇ ਮਜ਼ਦੂਰਾਂ ਵਿੱਚ ਵੱਡੀ ਪੱਧਰ ‘ਤੇ ਨਿਰਾਸ਼ਾ ਦਾ ਮਾਹੌਲ ਪੈਦਾ ਕੀਤਾ ਹੈ। ਇਸ ਦਾ ਅਸਰ ਟੈਕਸਟਾਈਲ ਅਤੇ ਹੌਜ਼ਰੀ ਮਜ਼ਦੂਰਾਂ ‘ਤੇ ਵੀ ਪੈਂਦਾ ਰਿਹਾ। ਬਿਗੁਲ ਮਜ਼ਦੂਰ ਦਸਤਾ ਵੱਲੋਂ ਟੈਕਸਟਾਈਲ ਮਜ਼ਦੂਰਾਂ ਵਿੱਚ ਕੀਤੇ ਲਗਾਤਾਰ ਪ੍ਰਚਾਰ-ਪ੍ਰਸਾਰ ਅਤੇ ਕੁੱਝ ਮੁੱਦਿਆਂ ‘ਤੇ ਕੀਤੀ ਲਾਮਬੰਦੀ ਦੇ ਨਤੀਜੇ ਵਜੋਂ ਸੰਨ 2008 ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ ਹੋਂਦ ਵਿੱਚ ਆਈ। ਇਸ ਤੋਂ ਬਾਅਦ ਟੈਕਸਟਾਈਲ ਅਤੇ ਹੌਜ਼ਰੀ ਮਜ਼ਦੂਰਾਂ ਵਿੱਚ ਯੂਨੀਅਨ ਪੱਧਰ ਦੀ ਪ੍ਰਚਾਰ-ਪ੍ਰਚਾਰ ਅਤੇ ਘੋਲ਼ ਸਰਗਰਮੀ ਵਿੱਚ ਤੇਜ਼ੀ ਆਈ। ਅਗਸਤ 2010 ਵਿੱਚ ਸ਼ਕਤੀ ਨਗਰ ਦੇ 42 ਕਾਰਖਾਨਿਆਂ ਦੇ ਸੈਂਕੜੇ ਮਜ਼ਦੂਰਾਂ ਦੀ ਉਜ਼ਰਤਾਂ ਵਿੱਚ ਵਾਧੇ ਲਈ ਅੱਠ ਦਿਨਾਂ ਤੱਕ ਚੱਲੀ ਜੇਤੂ ਹੜਤਾਲ ਨੇ ਮਜ਼ਦੂਰਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ। ਇਸ ਸਾਲ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਸੌ ਤੋਂ ਵੀ ਵੱਧ ਪਾਵਰਲੂਮ ਕਾਰਖਾਨਿਆਂ ਵਿੱਚ ਹੜਤਾਲਾਂ ਹੋਈਆਂ ਅਤੇ ਸਾਰੀਆਂ ਹੜਤਾਲਾਂ ਵਿੱਚ ਮਾਲਕਾਂ ਨੂੰ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਮਜ਼ਬੂਰ ਹੋਣਾ ਪਿਆ। ਇਕਮੁੱਠ ਘੋਲ਼ ਦੀ ਪ੍ਰੇਰਣਾ ਹਾਸਿਲ ਕਰਦੇ ਹੋਏ ਇਸ ਸਾਲ ਗੀਤਾ ਨਗਰ ਦੇ ਪਾਵਰਲੂਮ ਮਜ਼ਦੂਰ ਵੀ ਜੱਥੇਬੰਦ ਹੋਏ ਅਤੇ ਜੇਤੂ ਹੜਤਾਲ ਲੜੀ। ਇਹਨਾਂ ਮਜ਼ਦੂਰਾਂ ਦੀ ਅਗਵਾਈ ਸੀ.ਪੀ.ਐਮ.ਪੰਜਾਬ (ਪਾਸਲਾ ਗਰੁੱਪ) ਨਾਲ਼ ਸਬੰਧਤ ਸੀ.ਟੀ.ਯੂ. ਨੇ ਕੀਤੀ ਸੀ।
ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠਲੇ ਪਾਵਰਲੂਮ ਮਜ਼ਦੂਰਾਂ ਨੂੰ ਲੈ ਕੇ ਟੈਕਸਟਾਈਲ ਮਜ਼ਦੂਰ ਯੂਨੀਅਨ ਬਣਾਈ ਗਈ। ਟੈ.ਮ.ਯੂ. ਦੀ ਅਗਵਾਈ ਵਿੱਚ ਸੰਨ 2011 ‘ਚ 150 ਤੋਂ ਵੀ ਵੱਧ ਕਾਰਖਾਨਿਆਂ ਵਿੱਚ 70 ਦਿਨਾਂ ਦੀ ਜੇਤੂ ਹੜਤਾਲ ਹੋਈ। ਸੰਨ 2012 ਵਿੱਚ ਕੰਮ ਦੇ ਘੰਟੇ ਅਤੇ ਰਫ਼ਤਾਰ ਘਟਾ ਦੇਣ ਦਾ ਘੋਲ਼-ਢੰਗ ਅਪਣਾਇਆ ਗਿਆ। ਸੰਨ 2012 ਦੀ ਹੜਤਾਲ ਤੋਂ ਬਾਅਦ ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਘੇਰੇ ਵਿੱਚ ਲਗਭੱਗ ਸਾਰੇ ਕਾਰਖਾਨਿਆਂ ਦੇ ਮਜ਼ਦੂਰਾਂ ਨੂੰ ਉਜ਼ਰਤਾਂ ਵਿੱਚ ਵਾਧੇ ਦੇ ਨਾਲ਼-ਨਾਲ਼ ਈ.ਐਸ.ਆਈ. ਸਹੂਲਤ ਅਤੇ ਬੋਨਸ ਦਾ ਹੱਕ ਪ੍ਰਾਪਤ ਹੋਇਆ। ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਆਰਥਿਕ ਪ੍ਰਾਪਤੀਆਂ ਤੋਂ ਕਿਤੇ ਵੱਡੀ ਪ੍ਰਾਪਤੀ ਜੱਥੇਬੰਦ ਹੋਣ ਦੀ ਪ੍ਰਾਪਤੀ ਹੈ। ਜੱਥੇਬੰਦੀ ਦੀ ਉਸਾਰੀ ਹੋਣ ਸਦਕਾ ਹੀ ਜਿੱਥੇ ਮਜ਼ਦੂਰਾਂ ਨੂੰ ਆਰਥਿਕ ਪ੍ਰਾਪਤੀਆਂ ਮਿਲੀਆਂ ਹਨ ਉੱਥੇ ਕਾਰਖਾਨਿਆਂ ਵਿੱਚ ਮਾਲਕਾਂ-ਮੈਨੇਜ਼ਰਾਂ-ਸੁਪਰਵਾਈਜਰਾਂ ਦੁਆਰਾਂ ਮਜ਼ਦੂਰਾਂ ਨਾਲ਼ ਹੋਣ ਵਾਲ਼ਾ ਜਾਨਵਰਾਂ ਜਿਹਾ ਸਲੂਕ ਕਾਫ਼ੀ ਹੱਦ ਤੱਕ ਬੰਦ ਹੋਇਆ ਹੈ। ਜੱਥੇਬੰਦੀ ਦਾ ਨਾਂ 2012 ਵਿੱਚ ਹੀ ਬਦਲ ਕੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਕਰ ਦਿੱਤਾ ਗਿਆ। ਯੂਨੀਅਨ ਅਗਵਾਈ ਦਾ ਸ਼ੁਰੂ ਤੋਂ ਹੀ ਮਜ਼ਦੂਰਾਂ ‘ਚ ਆਰਥਿਕ-ਸਿਆਸੀ-ਸਮਾਜਿਕ ਹੱਕਾਂ ਲਈ ਸੂਝ ਵਧਾਉਣ-ਫੈਲਾਉਣ ‘ਤੇ ਜ਼ੋਰ ਰਿਹਾ ਹੈ। ਨਿਯਮਿਤ ਹਫ਼ਤਾਵਾਰ ਮੀਟਿੰਗਾਂ, ਪਰਚੇ, ਕਿਤਾਬਾਂ, ਲਾਈਬ੍ਰੇਰੀ, ਮਜ਼ਦੂਰ ਅਖਬਾਰ ‘ਬਿਗੁਲ’, ਵਿਅਕਤੀਗਤ ਗੱਲਬਾਤ, ਵੱਖ-ਵੱਖ ਮੁੱਦਿਆਂ ‘ਤੇ ਹੋਣ ਵਾਲ਼ੀ ਲਾਮਬੰਦੀ ਅਤੇ ਘੋਲ਼ ਆਦਿ ਮਜ਼ਦੂਰਾਂ ਦੀ ਸੂਝ ਵਧਾਉਣ ਦੇ ਸਾਧਨ ਰਹੇ ਹਨ। ਇਸ ਲਗਾਤਾਰ ਤੇ ਬੱਝਵੀਂ ਸਰਗਰਮੀ ਅਤੇ ਕਮੇਟੀ ਪ੍ਰਬੰਧ ਲਾਗੂ ਕਰਨ, ਅਗਵਾਈ ਚੁਨਣ ਅਤੇ ਫੈਸਲਿਆਂ ਵਿੱਚ ਵੱਧ ਤੋਂ ਵੱਧ ਸੰਭਵ ਹੱਦ ਤੱਕ ਵੱਧ ਤੋਂ ਵੱਧ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਦੀ ਜਮਹੂਰੀ ਪ੍ਰਣਾਲ਼ੀ ਲਾਗੂ ਕਰਨ ਦੇ ਨਤੀਜੇ ਵਜੋਂ ਇਹ ਜੱਥੇਬੰਦੀ ਲਗਾਤਾਰ ਮਜ਼ਬੂਤੀ ਹਾਸਿਲ ਕਰਦੀ ਗਈ ਹੈ। ਗੀਤਾ ਨਗਰ ਵਿੱਚਲੀ ਜੱਥੇਬੰਦੀ ਵੱਲੋਂ ਇਸ ਕਿਸਮ ਦੇ ਕੰਮ ਢੰਗ ਦੀ ਅਣਹੋਂਦ ਰਹੀ ਹੈ ਜਿਸ ਕਾਰਨ ਨਾ ਤਾਂ ਇਸ ਇਲਾਕੇ ਵਿਚਲੇ ਮਜ਼ਦੂਰਾਂ ਦੀ ਮਜ਼ਦੂਰ ਜਮਾਤੀ ਸੂਝ ਵਿੱਚ ਹੀ ਵਾਧਾ ਹੋ ਸਕਿਆ ਅਤੇ ਨਾ ਹੀ ਇਹ ਜੱਥੇਬੰਦੀ ਦਾ ਅੱਗੇ ਫੈਲਾਅ ਹੋ ਸਕਿਆ। ਇੱਥੋਂ ਤੱਕ ਕਿ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਨਾਲ਼ ਕਿਸੇ ਵੀ ਤਾਲਮੇਲ ਜਾਂ ਸਹਿਯੋਗ ਤੋਂ ਬੇਹੱਦ ਸੰਕੀਰਣ ਢੰਗ ਨਾਲ਼ ਗੀਤਾ ਨਗਰ ਵਿੱਚਲੀ ਜੱਥੇਬੰਦੀ ਨੂੰ ਇਸਦੇ ਆਗੂਆਂ ਨੇ ਦੂਰ ਰੱਖਿਆ ਹੈ। ਇਸ ਸੰਕੀਰਣਤਾ ਦਾ ਟੈਕਸਟਾਈਲ ਕਾਮਿਆਂ ਦੇ ਘੋਲ਼ ਨੂੰ ਬਹੁਤ ਨੁਕਸਾਨ ਹੋਇਆ ਹੈ।
ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਹੇਠ ਇਸ ਵਾਰ ਦੀ ਹੜਤਾਲ ਦੀ ਵੀ ਜਿੱਤ ਹੋਣੀ ਜਿੱਥੇ ਇੱਕ ਵੱਡੀ ਪ੍ਰਾਪਤੀ ਹੈ ਅਤੇ ਘੋਲ਼ ਨੂੰ ਇਹ ਜਿੱਤ ਹੁਲਾਰਾ ਦੇਵੇਗੀ ਉੱਥੇ ਗੰਭੀਰ ਘਾਟਾਂ-ਕਮਜ਼ੋਰੀਆਂ ਦੀ ਗੱਲ ਕਰਨੀ ਵੀ ਬੇਹੱਦ ਜ਼ਰੂਰੀ ਹੈ।
ਮਜ਼ਦੂਰ ਜੱਥੇਬੰਦੀ ਦੀ ਲਗਾਤਾਰ ਵਧਦੀ ਜਾ ਰਹੀ ਤਾਕਤ ਤੋਂ ਮਾਲਕ ਬੌਖਲਾਏ ਹੋਏ ਹਨ। ਮਜ਼ਦੂਰ ਜੱਥੇਬੰਦੀ ਨੂੰ ਕਮਜ਼ੋਰ ਕਰਨ ਅਤੇ ਤੋੜਨ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਵਾਰ ਦੀ ਹੜਤਾਲ ਤੋਂ ਪਹਿਲਾਂ ਦੇ ਸਮੇਂ ਵਿੱਚ ਆਗੂ ਭੂਮੀਕਾ ਨਿਭਾਉਣ ਵਾਲ਼ੇ ਅਤੇ ਜੱਥੇਬੰਦੀ ਦੀਆਂ ਸਰਗਰਮੀਆਂ ਵਿੱਚ ਵੱਧ-ਚੜ ਕੇ ਹਿੱਸਾ ਲੈ ਵਾਲ਼ੇ ਮਜ਼ਦੂਰਾਂ ਨੂੰ ਕੰਮ ਤੋਂ ਕੱਢਣ ਦੀ ਨੀਤੀ ਮਾਲਕਾਂ ਵੱਲੋਂ ਅਪਣਾਈ ਗਈ ਹੈ। ਸੀਜਨਲ ਕੰਮ ਹੋਣ ਕਾਰਨ ਜੱਥੇਬੰਦੀ ਦੀ ਤਾਕਤ ਸਾਰਾ ਸਾਲ ਇੱਕੋ ਜਿੰਨੀ ਨਹੀਂ ਰਹਿੰਦੀ। ਮਜ਼ਦੂਰ ਪੀਸ ਰੇਟ ‘ਤੇ ਕੰਮ ਕਰਦੇ ਹਨ ਅਤੇ ਕੰਮ ਘਟਣ ‘ਤੇ ਪਿੰਡਾਂ ਨੂੰ ਚਲੇ ਜਾਂਦੇ ਹਨ। ਮਾਲਕਾਂ ਨੇ ਮੰਦੀ ਦੇ ਦਿਨਾਂ ਵਿੱਚ ਮਜ਼ਦੂਰਾਂ ‘ਤੇ ਹਮਲਾ ਕਰਦੇ ਹੋਏ ਆਗੂ ਅਤੇ ਸਰਗਰਮ ਭੂਮੀਕਾ ਨਿਭਾਉਣ ਵਾਲ਼ੇ ਮਜ਼ਦੂਰਾਂ ਨੂੰ ਕੰਮ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਜਾਂ ਪਿੰਡੋਂ ਵਾਪਿਸ ਆਉਣ ‘ਤੇ ਉਹਨਾਂ ਨੂੰ ਵਾਪਿਸ ਕੰਮ ‘ਤੇ ਨਾ ਰੱਖਿਆ। ਮਜ਼ਦੂਰਾਂ ਦੀ ਇਸ ਛਾਂਟੀ ਨੂੰ ਰੁਕਵਾਉਣ ਲਈ ਜੱਥੇਬੰਦੀ ਕੋਲ਼ ਲੋੜੀਂਦੀ ਜੱਥੇਬੰਦਕ ਤਾਕਤ ਦੀ ਅਜੇ ਘਾਟ ਹੈ ਅਤੇ ਆਮ ਤੌਰ ‘ਤੇ ਕਿਰਤ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਾ ਕੇ ਬੁੱਤਾ ਸਾਰਨਾ ਪੈਂਦਾ ਹੈ। ਕਿਰਤ ਵਿਭਾਗ ਅਤੇ ਕਿਰਤ ਅਦਾਲਤਾਂ ਮਜ਼ਦੂਰ ਵਿਰੋਧੀ ਭੂਮੀਕਾ ਹੀ ਨਿਭਾ ਰਹੇ ਹਨ। ਮਜ਼ਦੂਰਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਤੇ ਕੇਸ ਲੰਮੇ ਸਮੇਂ ਲਈ ਲਟਕਦੇ ਰਹਿੰਦੇ ਹਨ ਅਤੇ ਇਨਸਾਫ਼ ਨਹੀਂ ਮਿਲਦਾ। ਜਿਹਨਾਂ ਕਾਰਖਾਨਿਆਂ ਦੇ ਮਜ਼ਦੂਰ ਜੱਥੇਬੰਦੀ ਦੇ ਜੀਵੰਤ ਸੰਪਰਕ ਵਿੱਚ ਨਹੀਂ ਰਹਿੰਦੇ, ਹਫਤਾਵਾਰ ਮੀਟਿੰਗਾਂ ਅਤੇ ਹੋਰ ਸਰਗਰਮੀਆਂ ਵਿੱਚ ਘੱਟ ਸ਼ਾਮਲ ਹੁੰਦੇ ਹਨ ਉਹਨਾਂ ਕਾਰਖਾਨਿਆਂ ਵਿੱਚ ਛਾਂਟੀ ਦੀ ਇਹ ਸਮੱਸਿਆ ਵੱਧ ਆਈ। ਮਾਲਕਾਂ ਦੇ ਇਸ ਹਮਲੇ ਦਾ ਅਸਰ ਮਜ਼ਦੂਰਾਂ ‘ਤੇ ਵੀ ਹੋਇਆ। ਇਹੋ ਕਾਰਨ ਸੀ ਕਿ ਇਸ ਵਾਰ ਹੜਤਾਲ ਵਿੱਚ ਪਿਛਲੇ ਸਾਲਾਂ ਨਾਲ਼ੋਂ ਘੱਟ ਕਾਰਖਾਨਿਆਂ ਦੇ ਮਜ਼ਦੂਰ ਸ਼ਾਮਲ ਹੋਏ। ਮਾਲਕਾਂ ਦੇ ਹਮਲੇ ਦਾ ਜਿੱਥੇ ਇਹ ਫੌਰੀ ਨੁਕਸਾਨ ਹੋਇਆ ਹੈ ਉੱਥੇ ਵੱਧ ਭਰੌਸੇਮੰਦ, ਜੁਝਾਰੂ, ਅਤੇ ਵੱਧ ਸੂਝਵਾਨ ਮਜ਼ਦੂਰ ਵੀ ਨਿੱਤਰ ਕੇ ਅੱਗੇ ਆਏ ਹਨ। ਕਾਰਖਾਨਿਆਂ ਤੋਂ ਕੱਢੇ ਇਹ ਮਜ਼ਦੂਰ ਦੂਜੇ ਇਲਾਕਿਆਂ ਵਿੱਚ ਜਾ ਕੇ ਵੀ ਕੰਮ ਕਰ ਰਹੇ ਹਨ। ਇਸ ਨਾਲ਼ ਹੋਰਨਾਂ ਇਲਾਕਿਆਂ ਵਿੱਚ ਵੀ ਜੱਥੇਬੰਦੀ ਦੇ ਫੈਲਾਅ ਦੀਆਂ ਸੰਭਾਵਨਾਵਾਂ ਬਣੀਆਂ ਹਨ। ਲੰਮੇ ਦਾਅ ਪੱਖੋਂ ਮਾਲਕਾਂ ਦੇ ਹਮਲੇ ਦੇ ਇਹ ਫਾਇਦੇ ਵੀ ਹੋਏ ਹਨ।
ਜੱਥੇਬੰਦੀ ਦਾ ਪਿਛਲੇ ਸਮੇਂ ਵਿੱਚ ਹੋਰਨਾਂ ਇਲਾਕਿਆਂ ਵਿੱਚ ਫੈਲਾਅ ਤਾਂ ਹੋਇਆ ਹੈ ਪਰ ਅਜੇ ਵੀ ਇਸ ਮਾਮਲੇ ਵਿੱਚ ਹਾਲਤ ਚੰਗੀ ਨਹੀਂ ਹੈ। ਲੁਧਿਆਣੇ ਵਿਚਲੇ ਟੈਕਸਟਾਈਲ ਮਜ਼ਦੂਰਾਂ ਦੀ ਵੱਡੀ ਬਹੁਗਿਣਤੀ ਅਜੇ ਵੀ ਜੱਥੇਬੰਦੀ ਦੇ ਘੇਰੇ ਵਿੱਚ ਨਹੀਂ ਆਈ। ਹੌਜ਼ਰੀ ਮਜ਼ਦੂਰ ਲਗਭੱਗ ਜੱਥੇਬੰਦੀ ਤੋਂ ਅਜੇ ਬਾਹਰ ਹੀ ਹਨ। ਹੋਰਨਾਂ ਸਨਅੱਤਾਂ ਵਿੱਚ ਵੀ ਜਿਆਦਾਤਰ ਮਜ਼ਦੂਰ ਅਜੇ ਜੱਥੇਬੰਦ ਨਹੀਂ ਹੋਏ। ਇਹਨਾਂ ਸਨਅੱਤਾਂ ਦੇ ਜੱਥੇਬੰਦ ਮਜ਼ਦੂਰਾਂ ਵਿੱਚ ਵੀ ਇਨਕਲਾਬੀ ਜੱਥੇਬੰਦੀਆਂ ਦਾ ਅਧਾਰ ਬਹੁਤ ਕਮਜ਼ੌਰ ਹੈ ਅਤੇ ਸੋਧਵਾਦੀ-ਦਲਾਲ ਜੱਥੇਬੰਦੀਆਂ ਦਾ ਬੋਲ਼ਬਾਲ਼ਾ ਹੈ। ਅਜਿਹੀ ਹਾਲਤ ਵਿੱਚ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਨੂੰ ਮਜ਼ਦੂਰਾਂ ਦੇ ਕਨੂੰਨੀ ਅਤੇ ਹੋਰ ਹੱਕ ਲਾਗੂ ਕਰਾਉਣ ਲਈ ਬੇਹੱਦ ਔਕੜਾਂ ਭਰੇ ਰਾਹ ‘ਤੇ ਚੱਲਣਾ ਪੈ ਰਿਹਾ ਹੈ। ਮਜ਼ਦੂਰਾਂ ਵਿੱਚ ਸੋਧਵਾਦੀ-ਸਮਝੌਤਾਪ੍ਰਸਤ-ਦਲਾਲ ਜੱਥੇਬੰਦੀਆਂ ਦੁਆਰਾ ਪੈਦਾ ਕੀਤੀ ਗਈ ਨਿਰਾਸ਼ਾ ਦਾ ਮਾਹੌਲ ਹਰ ਕਦਮ ‘ਤੇ ਔਕੜਾਂ ਪੈਦਾ ਕਰਦਾ ਹੈ। ਜੱਥੇਬੰਦੀ ਦਾ ਸੀਮਤ ਫੈਲਾਅ ਇਸ ਵਾਰ ਵੀ ਹੜਤਾਲ ਦੀਆਂ ਪ੍ਰਾਪਤੀਆਂ ਨੂੰ ਸੀਮਤ ਕਰਨ ਦਾ ਇੱਕ ਵੱਡਾ ਕਾਰਨ ਰਿਹਾ ਹੈ। ਪਿਛਲੇ ਤਿੰਨ ਸਾਲਾਂ ਦੇ ਘੋਲ਼ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਇੱਕਾ-ਦੁੱਕਾ ਕਾਰਖਾਨਿਆਂ ਵਿੱਚ ਜਾਂ ਛੋਟੇ ਪੱਧਰ ਦੀ ਜੱਥੇਬੰਦ ਤਾਕਤ ਰਾਹੀਂ ਕਿਰਤ ਕਨੂੰਨ ਲਾਗੂ ਨਹੀਂ ਕਰਵਾਏ ਜਾ ਸਕਦੇ। ਇਲਾਕਾ ਪੱਧਰ ‘ਤੇ ਅਤੇ ਪੇਸ਼ਾ ਅਧਾਰਿਤ ਵਿਸ਼ਾਲ ਲਾਮਬੰਦੀ ਸਮੇਂ ਦੀ ਲੋੜ ਹੈ। ਜੇਕਰ ਜੱਥੇਬੰਦਕ ਤਾਕਤ ਵੱਡੀ ਹੋਵੇ ਤਾਂ ਪ੍ਰਸ਼ਾਸਨ ‘ਤੇ ਦਬਾਅ ਬਣਾ ਕੇ ਮਾਲਕਾਂ ‘ਤੇ ਕਿਰਤ ਕਨੂੰਨ ਲਾਗੂ ਕਰਨ ਲਈ ਦਬਾਅ ਬਣਾਇਆ ਜਾ ਸਕਦਾ ਹੈ।
ਹੋਰਨਾਂ ਇਲਾਕਿਆਂ ਦੇ ਮਜ਼ਦੂਰਾਂ ਨੂੰ ਜੱਥੇਬੰਦੀ ਵਿੱਚ ਸ਼ਾਮਲ ਹੋਣ, ਹੜਤਾਲ ਵਿੱਚ ਸ਼ਾਮਲ ਹੋਣ ਜਾਂ ਹੋਰ ਸਾਧਨਾਂ ਰਾਹੀਂ ਹੜਤਾਲ ‘ਤੇ ਬੈਠੇ ਮਜ਼ਦੂਰਾਂ ਦਾ ਸਹਿਯੋਗ ਲੈਣ ਲਈ ਯੂਨੀਅਨ ਵੱਲੋਂ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਸਕੀਆਂ। ਸੂਝਵਾਨ ਅਤੇ ਸਰਗਰਮ ਕਾਰਕੁੰਨਾਂ ਦੀ ਘਾਟ ਵੀ ਇਸਦਾ ਇੱਕ ਕਾਰਨ ਹੈ। ਆਗੂਆਂ ਵੱਲ਼ੋਂ ਕੀਤੀ ਢਿੱਲ ਵੀ ਕੁੱਝ ਹੱਦ ਤੱਕ ਇਸਦਾ ਕਾਰਨ ਹੈ।
ਹੜਤਾਲ ਦੌਰਾਨ ਇਸ ਵਾਰ ਵੀ ਬਹੁਤ ਸਾਰੇ ਮਜ਼ਦੂਰ ਨਿਯਮਿਤ ਧਰਨੇ-ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਥਾਂ ਜਾਂ ਤਾਂ ਆਪਣੇ ਕਮਰਿਆਂ ‘ਤੇ ਬੈਠੇ ਰਹਿੰਦੇ ਸਨ ਜਾਂ ਆਪਣੇ ਪਿੰਡਾਂ ਨੂੰ ਚਲੇ ਗਏ। ਇਸ ਕਾਰਨ ਮਾਲਕਾਂ ਅਤੇ ਪ੍ਰਸ਼ਾਸਨ ‘ਤੇ ਲੋੜੀਂਦਾ ਦਬਾਅ ਨਹੀਂ ਬਣਿਆ। ਇਹ ਘਾਟ ਦੂਰ ਕਰਨ ਲਈ ਮਜ਼ਦੂਰਾਂ ਦੀ ਸੂਝ ਵਧਾਉਣ ਦੀ ਜ਼ੋਰਦਾਰ ਕੋਸ਼ਿਸ ਕਰਨੀ ਪਵੇਗੀ।
ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਹੜਤਾਲ ਵਿੱਚ ਮਜ਼ਦੂਰਾਂ ਵੱਲੋਂ ਆਪਣੇ ਘਰਾਂ ਦੀਆਂ ਔਰਤਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀ ਹੈ। ਮਜ਼ਦੂਰਾਂ ਦੀ ਸਿਆਸੀ ਸੂਝ ਦੀ ਘਾਟ ਅਤੇ ਸੱਭਿਆਚਾਰਕ ਪਿਛੜਾਪਣ ਘੋਲ਼ ਵਿੱਚ ਔਰਤਾਂ ਦੀ ਬੇਹੱਦ ਘੱਟ ਸ਼ਮੂਲੀਅਤ ਦਾ ਕਾਰਨ ਹੈ। ਯੂਨੀਅਨ ਵੱਲੋਂ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਜਿੱਥੇ ਲਗਾਤਾਰ ਮਜ਼ਦੂਰਾਂ ਨਾਲ਼ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਔਰਤਾਂ ਦੀਆਂ ਵੱਖ ਤੋਂ ਮੀਟਿੰਗਾਂ ਅਤੇ ਹੋਰ ਸਰਗਰਮੀਆਂ ਕਰਨ ਵੱਲ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਘੋਲ਼ ਨੂੰ ਅੱਗੇ ਵਧਾਉਣ ਲਈ ਆਗੂਆਂ ਨੂੰ ਮਜ਼ਦੂਰਾਂ ਦੀ ਜ਼ਿੰਦਗੀ ਨਾਲ਼ ਵੱਧ ਤੋਂ ਵੱਧ ਜੁੜਨਾ ਪਏਗਾ, ਉਹਨਾਂ ਨੂੰ ਸਮਝਣਾ ਪਏਗਾ। ਲੋਕਾਂ ਤੋਂ ਸਿੱਖਦੇ ਹੋਏ ਲੋਕਾਂ ਨੂੰ ਸਿਖਾਉਣ ਦੀ ਸਿਖਆ ਹੋਰ ਵੀ ਲਗਨ ਅਤੇ ਮੁਹਾਰਤ ਨਾਲ਼ ਲਾਗੂ ਕਰਨੀ ਹੋਵੇਗੀ।
ਇਤਿਹਾਸ ਦੀ ਇਹ ਸਿੱਖਿਆ ਹੈ ਕਿ ਸਰਮਾਏਦਾਰਾ ਪ੍ਰਬੰਧ ਦੇ ਰਹਿੰਦਿਆਂ ਮਜ਼ਦੂਰਾਂ ਦੀ ਲੁੱਟ, ਜ਼ਬਰ, ਅਨਿਆਂ ਤੋਂ ਮੁਕਤੀ ਸੰਭਵ ਨਹੀਂ, ਕਿ ਰਾਜਕਾਜ ਅਤੇ ਪੈਦਾਵਾਰ ਤੇ ਵੰਡ ਦੇ ਸਮੁੱਚੇ ਪ੍ਰਬੰਧ ‘ਤੇ ਮਜ਼ਦੂਰ ਜਮਾਤ ਦੇ ਕਬਜ਼ੇ ਵਾਲ਼ੇ ਸਮਾਜਿਕ ਪ੍ਰਬੰਧ ਭਾਵ ਸਮਾਜਵਾਦੀ ਪ੍ਰਬੰਧ ਰਾਹੀਂ ਹੀ ਮਜ਼ਦੂਰਾਂ ਦੀ ਮੁਕਤੀ ਸੰਭਵ ਹੈ। ਇਸ ਨਤੀਜੇ ‘ਤੇ ਮਜ਼ਦੂਰ ਆਰਥਿਕ ਘੋਲ਼ਾਂ ਦੌਰਾਨ ਆਪਣੇ ਆਪ ਹੀ ਨਹੀਂ ਪਹੁੰਚ ਸਕਦੇ। ਮਜ਼ਦੂਰ ਜਮਾਤ ਦੇ ਆਗੂਆਂ ਨੇ ਸਮਾਜਵਾਦੀ ਸੂਝ ਮਜ਼ਦੂਰ ਜਮਾਤ ਤੱਕ ਲਿਜਾਣੀ ਹੁੰਦੀ ਹੈ। ਟੈਕਸਟਾਈਲ ਕਾਮਿਆਂ ਦੇ ਇਸ ਘੋਲ਼ ਵਿੱਚ ਇਸ ਗੱਲ ‘ਤੇ ਅਮਲ ਕੀਤਾ ਜਾ ਰਿਹਾ ਹੈ। ਇਹ ਕੰਮ ਹੋਰ ਵੀ ਸੁਚਾਰੂ ਢੰਗ ਅਤੇ ਲਗਨ ਨਾਲ਼ ਕਰਨ ਦੀ ਲੋੜ ਹੈ।
ਲੁਧਿਆਣੇ ਦੇ ਟੈਕਸਟਾਈਲ ਕਾਮਿਆਂ ਦੇ ਘੋਲ਼ ਨੇ ਇਹਨਾਂ ਸਾਰੀਆਂ ਘਾਟਾਂ-ਕਮਜ਼ੋਰੀਆਂ-ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਹੈ। ਲੋਟੂ ਸਰਮਾਏਦਾਰ ਜਮਾਤ ਦੀ ਤਾਕਤ ਦਾ ਮੁਕਾਬਲਾ ਲੁਧਿਆਣੇ ਦੇ ਟੈਕਸਟਾਈਲ ਕਾਮੇ ਓਨਾ ਵੱਧ ਕਰ ਸਕਣਗੇ ਜਿੰਨਾ ਵੱਧ ਕਿ ਉਹ ਆਪਣੀਆਂ ਘਾਟਾਂ-ਕਮਜ਼ੋਰੀਆਂ ਦੀ ਪਹਿਚਾਣ ਕਰਦੇ ਹੋਏ ਇਹਨਾਂ ਨੂੰ ਦੂਰ ਕਰਨਗੇ।

No comments: