ਲੁਧਿਆਣਾ, -ਐਂਟੀ ਨਾਰਕੋਟਿਕ ਸੈੱਲ ਨੇ ਨਸ਼ਾ ਸਮਗਲਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਫਿਲਮੀ ਅਦਾਕਾਰਾ ਨੂੰ 20 ਲੱਖ ਦੀ 40 ਗ੍ਰਾਮ ਹੈਰੋਇਨ ਅਤੇ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦਾ ਨਾਂ ਸਿਮਰਨਜੀਤ ਸਿੰਘ ਉਰਫ ਸੈਮ ਹੈ, ਜੋ ਕਿ ਡਾਬਾ ਦੇ ਅਧੀਨ ਪੈਂਦੇ ਗੁਰਪਾਲ ਨਗਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸੈਮ ਇਕ ਪੰਜਾਬੀ ਫਿਲਮ ਵਿਚ ਭੂਮਿਕਾ ਨਿਭਾਉਣ ਦੇ ਨਾਲ ਹੀ ਮਾਡਲਿੰਗ ਵੀ ਕਰ ਚੁੱਕਾ ਹੈ। ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗੁਰਪਾਲ ਨਗਰ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਡਾਬਾ ਕਾਲੋਨੀ ਵਲੋਂ ਇਕ ਮੋਟਰਸਾਈਕਲ ਸਵਾਰ ਨੇ ਸਾਹਮਣੇ ਪੁਲਸ ਦੇ ਨਾਕੇ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਕਾਬੂ ਕਰਕੇ ਜਦ ਇਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 40 ਗ੍ਰਾਮ ਹੈਰੋਇਨ ਮਿਲੀ।  ਇਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 20 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਕਥਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੈੱਲ ਦੇ ਇੰਚਾਰਜ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਪੁੱਛਗਿਛ ਦੇ ਦੌਰਾਨ ਇਹ ਖੁਲਾਸਾ ਕੀਤਾ ਕਿ ਉਹ ਖੁਦ ਹੈਰੋਇਨ ਅਤੇ ਨਸ਼ੀਲੇ ਕੈਪਸੂਲਾਂ ਦੇ ਨਸ਼ੇ ਦਾ ਆਦੀ ਹੈ। ਉਹ ਇਹ ਨਸ਼ਾ ਤਰਨਤਾਰਨ ਤੋਂ ਇਕ ਜੱਗੀ ਨਾਂ ਦੇ ਵਿਅਕਤੀ ਤੋਂ ਖਰੀਦ ਕਰਕੇ ਲਿਆਂਦਾ ਸੀ। ਕਥਿਤ ਦੋਸ਼ੀ ਨੇ ਇਹ ਵੀ ਮੰਨਿਆ ਕਿ ਇਹ ਨਸ਼ਾ ਕਰਨ ਦੇ ਨਾਲ ਹੀ ਆਪਣਾ ਖਰਚਾ ਕੱਢਣ ਦੇ ਲਈ ਵੇਚਣ ਦਾ ਵੀ ਧੰਦਾ ਕਰਨ ਲੱਗ ਪਿਆ।  ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਸ਼ਾਦੀਸ਼ੁਦਾ ਹੈ। ਇਸ ਦੇ ਦੋ ਬੱਚੇ ਵੀ ਹਨ। ਇਹ ਪਹਿਲਾਂ ਢੰਡਾਰੀ ਖੁਸ਼ਕ ਬੰਦਰਗਾਹ 'ਤੇ ਪ੍ਰਾਈਵੇਟ ਕਰਮਚਾਰੀ ਦੇ ਰੂਪ ਵਿਚ ਨੌਕਰੀ ਕਰਦਾ ਸੀ। ਇਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਨੇ ਇਹ ਵੀ ਦੱਸਿਆ ਕਿ ਏ. ਐੱਸ. ਆਈ. ਕਸ਼ਮੀਰ ਸਿੰਘ ਦੀ ਪੁਲਸ ਦੀ ਪਾਰਟੀ ਨੇ ਵੀ ਗਿੱਲ ਰੋਡ 'ਤੇ ਨਾਕਾਬੰਦੀ ਦੇ ਤਹਿਤ ਦੋ ਐਕਟਿਵਾ ਸਵਾਰ ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਜਨਤਾ ਨਗਰ ਅਤੇ ਮੇਜਰ ਸਿੰਘ ਉਰਫ ਮੇਜੀ ਮੇਨ ਕੁਆਲਿਟੀ ਚੌਕ, ਸ਼ਿਮਲਾਪੁਰੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਧਰ ਦਬੋਚਿਆ। ਇਨ੍ਹਾਂ ਦੋਨੋਂ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਜਦ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਤੋਂ 3200 ਨਸ਼ੀਆਂ ਗੋਲੀਆਂ ਬਰਾਮਦ ਹੋਈਆਂ।