ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਇਕ ਹੋਰ ਮੈਂਬਰ ਪਰਨੀਤ ਕੌਰ ਕੈਰੋਂ ਸਿਆਸਤ 'ਚ ਕਦਮ ਰੱਖਣ ਦੀ ਤਿਆਰੀ 'ਚ ਹੈ।   ਪਰਨੀਤ ਕੌਰ ਕੈਰੋਂ ਮੁੱਖ ਮੰਤਰੀ ਦੀ ਬੇਟੀ ਹੈ ਅਤੇ ਫੂਡ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਧਰਮਪਤਨੀ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਰੋਂ ਪਹਿਲਾਂ ਵੀ 2 ਵਾਰ ਆਪਣੀ ਪਤਨੀ ਨੂੰ ਚੋਣਾਂ 'ਚ ਅਕਾਲੀ ਦਲ ਦਾ ਉਮੀਦਵਾਰ ਬਣਾ ਕੇ ਸਿਆਸਤ 'ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਨੇ ਇਸ 'ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਪਰ ਇਸ ਵਾਰ ਸਥਿਤੀ ਕੁਝ ਵੱਖ ਦੱਸੀ ਜਾ ਰਹੀ ਹੈ।   ਅਕਾਲੀ ਦਲ 'ਚ ਉਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਲੀਡਰਸ਼ਿਪ ਇਸ ਵਾਰ ਖਡੂਰ ਸਾਹਿਬ ਤੋਂ ਚੁਣੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਬਦਲਣ ਦੀ ਸੋਚ ਰਿਹਾ ਹੈ। ਡਾ. ਅਜਨਾਲਾ ਖਡੂਰ ਸਾਹਿਬ ਤੇ ਇਸ ਤੋਂ ਪਹਿਲਾਂ ਤਰਨਤਾਰਨ ਹਲਕੇ ਤੋਂ 2 ਵਾਰ ਐੱਮ.ਪੀ. ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ਦੇ 4 ਵਾਰ ਮੈਂਬਰ ਰਹਿਣ ਤੋਂ ਇਲਾਵਾ ਬਾਦਲ ਮੰਤਰੀ ਮੰਡਲ 'ਚ ਵਜ਼ੀਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਵੀ ਬਾਦਲ ਮੰਤਰੀ ਮੰਡਲ 'ਚ ਮੁੱਖ ਸੰਸਦੀ ਸਕੱਤਰ ਹਨ। ਇਕ ਪਰਿਵਾਰ ਤੋਂ ਇਕ ਤੋਂ ਵੱਧ ਮੈਂਬਰਾਂ ਨੂੰ ਸਿਆਸਤ 'ਚ ਅਡਜਸਟ ਕੀਤੇ ਜਾਣ 'ਤੇ ਅਕਾਲੀ ਦਲ 'ਚ ਕਈ ਪਾਸਿਓਂ ਨਾਂਹ ਪੱਖੀ ਪ੍ਰਤਿਕ੍ਰਿਆਵਾਂ ਹੁੰਦੀਆਂ ਹਨ। ਇਸ ਲਈ ਪਾਰਟੀ 'ਚ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਇਸ ਵਾਰ ਡਾ. ਅਜਨਾਲਾ ਦੀ ਥਾਂ 'ਤੇ ਕਿਸੇ ਹੋਰ ਨੂੰ ਮੈਦਾਨ 'ਚ ਉਤਾਰਿਆ ਜਾਏ। ਫੂਕ-ਫੂਕ ਕੇ ਕਦਮ ਰੱਖਦੇ ਹਨ ਮੁੱਖ ਮੰਤਰੀ ਅਜਿਹੇ ਮਾਮਲਿਆਂ 'ਚ : ਉਧਰ ਮੁੱਖ ਮੰਤਰੀ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਬਾਦਲ ਅਜਿਹੇ ਮਾਮਲਿਆਂ 'ਚ ਹਰ ਕਦਮ ਫੂਕ-ਫੂਕ ਕੇ ਰੱਖਦੇ ਹਨ। ਉਨ੍ਹਾਂ ਨੂੰ ਪਹਿਲਾਂ ਹੀ ਪਰਿਵਾਰਵਾਦ ਦੇ ਮੁੱਦੇ 'ਤੇ ਪਾਰਟੀ ਦੇ ਅੰਦਰ ਤੇ ਬਾਹਰ ਆਲੋਚਨਾ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਸੁਖਬੀਰ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਤੇ ਹਰਸਿਮਰਤ ਦੇ ਭਰਾ ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਪਾਰਟੀ ਦੇ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹਨ। ਬਾਦਲ ਪਰਿਵਾਰ ਦੇ ਇਕ ਹੋਰ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੀ ਬਾਦਲ ਮੰਤਰੀ ਮੰਡਲ 'ਚ ਕੰਮ ਕਰ ਚੁੱਕੇ ਹਨ। ਅਜਿਹੇ 'ਚ ਬਾਦਲ ਪਰਿਵਾਰ ਦੇ ਇਕ ਹੋਰ ਮੈਂਬਰ ਨੂੰ ਅਡਜਸਟ ਕਰਨਾ ਮੁੱਖ ਮੰਤਰੀ ਦੇ ਲਈ ਸੌਖਾ ਨਹੀਂ ਹੋਵੇਗਾ। ਇਸ ਮੁੱਦੇ 'ਤੇ ਹੋਰ ਆਲੋਚਨਾ ਦਾ ਸ਼ਿਕਾਰ ਬਣਨ ਦੀ ਥਾਂ ਮੁੱਖ ਮੰਤਰੀ ਜਾਂ ਤਾਂ ਅਜਨਾਲਾ ਨੂੰ ਮੁੜ ਮੈਦਾਨ 'ਚ ਉਤਾਰਨਾ ਬੇਹਤਰ ਸਮਝਣਗੇ ਜਾਂ ਫਿਰ ਪਾਰਟੀ ਟਿਕਟ ਬਜ਼ੁਰਗ ਨੇਤਾ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਵਾਲੇ ਕੀਤੀ ਜਾਵੇਗੀ। ਲੀਡਰਸ਼ਿਪ ਨੂੰ ਮਿਲ ਰਹੀ ਹੈ ਸਿੱਧੀ ਫੀਡਬੈਕ -ਮੁੱਖ ਮੰਤਰੀ ਦੇ ਭਰੋਸੇਮੰਦ ਅਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨਾਲ ਜਦੋਂ ਇਸ ਸੰਬੰਧ 'ਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਆਪਣੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪਾਰਟੀ 'ਚ ਬੀਤੇ ਦਿਨਾਂ ਤੋਂ ਕਾਫੀ ਮੰਥਨ ਹੋ ਰਿਹਾ ਹੈ ਪਰ ਹਾਲੇ ਤਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਪਾਰਟੀ ਲੀਡਰਸ਼ਿਪ ਨੂੰ ਹਰ ਹਲਕੇ ਤੋਂ ਹਰ ਵਿਅਕਤੀ ਦੇ ਬਾਰੇ 'ਚ ਸਿੱਧੀ ਫੀਡਬੈਕ ਮਿਲ ਰਹੀ ਹੈ ਅਤੇ ਸਮਾਂ ਆਉਣ 'ਤੇ ਸਹੀ ਫੈਸਲਾ ਕੀਤਾ ਜਾਵੇਗਾ। ਇਸ ਸਿਲਸਿਲੇ 'ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਐਤਵਾਰ ਨੂੰ ਮੋਬਾਈਲ ਅਤੇ ਐੱਸ.ਐੱਮ.ਐੱਸ. ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਸਫਲ ਨਾ ਹੋ ਸਕੀ।