ਜਲੰਧਰ(RTI)- ਇਨਕਮ ਟੈਕਸ ਵਿਭਾਗ ਜਲੰਧਰ ਵਲੋਂ 3 ਸ਼ਹਿਰਾਂ  ਵਿਚ ਇਕੱਠੀ ਕੀਤੀ ਗਈ ਕਾਰਵਾਈ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵਿਭਾਗ ਨੇ ਸਿਰਫ 24 ਘੰਟਿਆਂ ਵਿਚ ਹੀ 13.46 ਕਰੋੜ ਦੀ ਕਾਲੀ ਕਮਾਈ ਯਾਨੀ ਅਣ-ਐਲਾਨੀ ਜਾਇਦਾਦ ਸਰੰਡਰ ਕਰਵਾ ਲਈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਕਮਿਸ਼ਨਰ ਰਾਕੇਸ਼ ਸੂਰੀ ਦੇ ਹੁਕਮਾਂ 'ਤੇ ਅਧਿਕਾਰੀਆਂ ਨੇ    ਜਲੰਧਰ, ਹੁਸ਼ਿਆਰਪੁਰ ਅਤੇ ਫਗਵਾੜਾ ਦੇ ਹਸਪਤਾਲਾਂ, ਜਿਊਲਰਾਂ ਅਤੇ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਸੀ। ਜਲੰਧਰ ਤੇ ਹੁਸ਼ਿਆਰਪੁਰ ਵਿਚ ਹਾਰਟਕੇਅਰ ਹਸਪਤਾਲ ਚਲਾ ਰਹੇ ਡਾ. ਰਮਨ ਚਾਵਲਾ ਤੋਂ ਵਿਭਾਗ ਨੂੰ ਸਭ ਤੋਂ ਵੱਧ 5.31 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਹਾਸਲ ਹੋਈ ਹੈ। ਹੁਸ਼ਿਆਰਪੁਰ ਦੇ 5 ਜਿਊਲਰਾਂ ਨੇ ਕੁੱਲ ਮਿਲਾ ਕੇ 5.60 ਕਰੋੜ, ਫਗਵਾੜਾ ਦੇ ਹਸਪਤਾਲ ਅਤੇ ਸਕੈਨ ਸੈਂਟਰ ਨੇ 1.60 ਕਰੋੜ ਅਤੇ ਜਲੰਧਰ ਦੇ ਖੰਨਾ ਬਰਤਨ ਭੰਡਾਰ ਵਾਲਿਆਂ  ਤੋਂ 95 ਲੱਖ ਰੁਪਏ ਦੀ ਅਣ-ਐਲਾਨੀ ਜਾਇਦਾਦ ਸਰੰਡਰ ਕੀਤੀ।