ਲੁਧਿਆਣਾ(PTI)— ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਮੰਤਰੀ ਮੰਡਲ 'ਚ ਹੋਏ ਫੇਰਬਦਲ ਨੂੰ 'ਸਾਖ ਬਚਾਉਣ ਦੀ ਕੋਸ਼ਿਸ਼' ਕਰਾਰ ਦਿੱਤਾ ਹੈ ਅਤੇ ਕਿਹਾ ਕਿ ਨਵੀਂ ਬੋਤਲ 'ਚ ਉਸੇ ਪੁਰਾਣੀ ਸ਼ਰਾਬ ਨਾਲ ਕਾਂਗਰਸ ਦੇ ਅਕਸ 'ਚ ਕੋਈ ਸੁਧਾਰ ਨਹੀਂ ਹੋਣ ਵਾਲਾ। ਬਾਦਲ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕੋਸ਼ਿਸ਼ ਬੇਕਾਰ ਸਾਬਿਤ ਹੋਵੇਗੀ। ਇਸ ਮਹੱਤਵਪੂਰਣ ਮੋੜ 'ਤੇ ਆਮ ਆਦਮੀ ਦੇ ਹਿੱਤਾਂ ਲਈ ਨੀਤੀਆਂ 'ਚ ਕੁਝ ਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਹੈ, ਨਾ ਕਿ ਆਮ ਆਦਮੀ ਨੂੰ ਬੇਵਕੂਫ ਬਣਾਉਣ ਵਾਲਾ ਰਾਜਨੀਤਿਕ ਨਾਟਕ ਜਾਂ ਮਾਇਆਜਾਲ ਦੀ। ਉਨ੍ਹਾਂ ਕਿਹਾ ਕਿ ਇਸ ਕੋਸ਼ਿਸ਼ ਨਾਲ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦਾ ਅਕਸ ਕਿਸੇ ਹਾਲ 'ਚ ਨਹੀਂ ਸੁਧਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਖ ਬਚਾਉਣ ਦੀ ਕੋਸ਼ਿਸ਼ ਹੈ ਜਿਸ ਨਾਲ ਕਾਂਗਰਸ ਨੂੰ ਕੋਈ ਮਦਦ ਨਹੀਂ ਮਿਲਣ ਵਾਲੀ। ਇਸ ਨਾਲ ਕੋਈ ਤਬਦੀਲੀ ਨਹੀਂ ਹੋਵੇਗੀ ਕਿਉਂਕਿ ਇਹ ਪੱਥਰ 'ਤੇ ਲਕੀਰ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇਸ਼ ਦੇ ਰਾਜਨੀਤਿਕ ਨਕਸ਼ੇ ਤੋਂ ਬਾਹਰ ਹੋ ਜਾਏਗੀ।

ਫੇਰਬਦਲ ਨਾਲ ਦੇਸ਼ ਜਾਂ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ : ਭਾਜਪਾ
ਕੇਂਦਰੀ ਮੰਤਰੀ ਮੰਡਲ 'ਚ ਹੋਏ ਫੇਰਬਦਲ 'ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਕਿਹਾ ਕਿ ਇਸ ਨਾਲ ਨਾ ਤਾਂ ਦੇਸ਼ ਅਤੇ ਨਾ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਸੱਤਾਧਾਰੀ ਕਾਂਗਰਸ ਨੂੰ ਕੋਈ ਫਾਇਦਾ ਹੋਵੇਗਾ। ਉਸ ਨੇ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਕੈਬਨਿਟ ਦੀ ਔਸਤ ਉਮਰ 'ਚ ਕੋਈ ਖਾਸ ਕਮੀ ਨਹੀਂ ਆਈ ਹੈ। ਪਾਰਟੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਇਥੇ ਕਿਹਾ ਕਿ ਇਹ ਫੇਰਬਦਲ ਬਹੁਤ ਹੀ ਆਧਾਰਹੀਣ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਕੈਬਨਿਟ 'ਚ ਨੌਜਵਾਨ ਵਰਗ ਅੱਗੇ ਲਿਆਇਆ ਜਾਏਗਾ ਪਰ ਅਜਿਹਾ ਨਹੀਂ ਹੋਇਆ। ਰਾਜਗ ਸਰਕਾਰ 'ਚ 32 ਸਾਲ ਦੀ ਉਮਰ 'ਚ ਕੈਬਨਿਟ ਮੰਤਰੀ ਬਣੇ ਸ਼ਹਾਨਵਾਜ ਨੇ ਕਿਹਾ ਕਿ ਜਿਨ੍ਹਾਂ ਕੁਝ ਨੌਜਵਾਨਾਂ ਨੂੰ ਅੱਜ ਇਸ ਫੇਰਬਦਲ 'ਚ ਸਹੁੰ ਚੁਕਾਈ ਗਈ ਉਨ੍ਹਾਂ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੁਵਾ ਨੇਤਾਵਾਂ ਨੂੰ ਸਿਰਫ ਰਾਜ ਮੰਤਰੀ ਬਣਾਇਆ। ਦਾਅਵਿਆਂ ਦੇ ਬਾਵਜੂਦ ਕੈਬਨਿਟ ਦੀ ਔਸਤ ਉਮਰ 'ਚ ਕੋਈ ਖਾਸ ਕਮੀ ਨਹੀਂ ਆਈ ਹੈ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਤੇ ਇਹ ਰਾਹੁਲ ਨੂੰ ਧਿਆਨ 'ਚ ਰੱਖ ਕੇ ਤਾਂ ਨਹੀਂ ਕੀਤਾ ਗਿਆ ਜੋ ਅਜੇ ਤੱਕ ਮੰਤਰੀ ਵੀ ਨਹੀਂ ਬਣੇ ਹਨ।

ਮੰਤਰੀ ਮੰਡਲ 'ਚ ਫੇਰਬਦਲ ਤੋਂ ਮੱਧ ਪ੍ਰਦੇਸ਼ ਦੇ ਕਾਂਗਰਸੀ ਨਿਰਾਸ਼

ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ 'ਚ ਹੋਏ ਫੇਰਬਦਲ ਨਾਲ ਮੱਧ ਪ੍ਰਦੇਸ਼ ਦੇ ਕਾਂਗਰਸੀ ਨਿਰਾਸ਼ ਹਨ। ਪ੍ਰਦੇਸ਼ ਮਹਿਲਾ ਕਾਂਗਰਸ ਦੇ ਸੰਮੇਲਨ ਨੂੰ ਸੰਬੋਧਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ 'ਚ ਹੋਏ ਫੇਰਬਦਲ 'ਚ ਜਿੱਥੋਂ ਤੱਕ ਮੱਧ ਪ੍ਰਦੇਸ਼ ਦਾ ਸਵਾਲ ਹੈ ਤਾਂ ਸਾਨੂੰ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਰਾਸ਼ ਜ਼ਰੂਰ ਹਾਂ ਪਰ ਯਕੀਨੀ ਤੌਰ 'ਤੇ ਹੌਸਲਾ ਨਹੀਂ ਛੱਡਿਆ  ਅਤੇ ਪ੍ਰਦੇਸ਼ 'ਚ ਪਾਰਟੀ ਦੀ ਮਜ਼ਬੂਤੀ ਲਈ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ। ਰਾਹੁਲ ਗਾਂਧੀ ਨੂੰ ਲੈ ਕੇ ਪੁੱਛੇ ਗਏ ਸਵਾਲ 'ਚ ਉਨ੍ਹਾਂ ਕਿਹਾ ਕਿ ਜਦੋਂ ਵੀ ਸੰਗਠਨ ਦਾ ਪੁਰਨਗਠਨ ਹੋਵੇਗਾ, ਉਸ ਸਮੇਂ ਉਨ੍ਹਾਂ ਨੂੰ ਜ਼ਿਆਦਾ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।