ਚੰਡੀਗੜ੍ਹ—ਹਿਮਾਚਲ ਦੇ ਇਕ ਪ੍ਰਸਿੱਧ ਸਨਾਵਰ ਸਕੂਲ ਨੂੰ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ। ਇਸ ਰਕਮ ਦਾ ਚੈੱਕ ਸੁਖਬੀਰ ਬਾਦਲ ਵਲੋਂ ਸਕੂਲ ਦੇ ਸਲਾਨਾ ਸਮਾਰੋਹ ਦੌਰਾਨ ਦਿੱਤਾ ਜਾਵੇਗਾ।
ਇਸ 'ਤੇ ਕਾਂਗਰਸ ਪਾਰਟੀ 'ਚ ਸਵਾਲ ਉਠਾਏ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸੂਬੇ ਤੋਂ ਬਾਹਰ ਸਥਿਤ ਕਿਸੇ ਪ੍ਰਾਈਵੇਟ ਸਕੂਲ ਨੂੰ ਸੁਖਬੀਰ ਇਹ ਰਕਮ ਨਹੀਂ ਦੇ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕੋਲ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ, ਸਕੂਲਾਂ ਦੀ ਹਾਲਤ ਵੀ ਮਾੜੀ ਹੋ ਗਈ ਹੈ।
ਖਹਿਰਾ ਨੇ ਕਿਹਾ ਕਿ ਇਹ ਸਕੂਲ ਅੰਗਰੇਜ਼ਾ ਦਾ ਬਣਾਇਆ ਹੋਇਆ ਹੈ ਅਤੇ ਇਸ ਸਕੂਲ 'ਤੇ ਖਰਚੀ ਜਾਣ ਵਾਲੀ ਰਕਮ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬਹੁਤ ਸੁਧਾਰ ਕੀਤਾ ਜਾ ਸਕਦਾ ਹੈ।