*ਮੱਕੜ ਨੇ ਪ੍ਰਧਾਨ ਮੰਤਰੀ ਤੇ ਪੈਟਰੋਲੀਅਮ ਮੰਤਰੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ-ਕੇਂਦਰ ਸਰਕਾਰ ਵਲੋਂ ਐੱਲ. ਪੀ. ਜੀ. ਦੇ ਰੇਟਾਂ ਦੇ ਵਾਧੇ ਨਾਲ ਜਿੱਥੇ ਆਮ ਆਦਮੀ ਪ੍ਰਭਾਵਿਤ ਹੋਇਆ ਹੈ , ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦਾ ਬਜਟ ਵੀ ਹਿੱਲ ਗਿਆ ਹੈ । ਐੱਸ. ਜੀ. ਪੀ. ਸੀ. ਦੇ ਨਾਲ ਜੁੜੇ ਸਾਰੇ ਗੁਰਦੁਆਰਿਆਂ ਦੀ ਲੰਗਰ ਸੇਵਾ ਬਿਨਾਂ ਕਿਸੇ ਕੀਮਤ 'ਤੇ ਉਪਲਬਧ ਕਰਵਾਈ ਜਾਂਦੀ ਹੈ । ਐੱਸ. ਜੀ. ਪੀ. ਸੀ. ਨੂੰ ਮਿਲਣ ਵਾਲੇ ਸਿਲੰਡਰਾਂ 'ਤੇ ਸਬਸਿਡੀ ਦੇ ਨਾਲ-ਨਾਲ ਵੈਟ ਵਿਚ ਛੋਟ ਵੀ ਵਾਪਸ ਲਏ ਜਾਣ ਨਾਲ ਦੁੱਗਣੇ ਭਾਅ ਵਿਚ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ । ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਪ੍ਰਧਾਨ ਮੰਤਰੀ ਡਾ.  ਮਨਮੋਹਨ ਸਿੰਘ ਤੇ ਕੇਂਦਰੀ ਪੈਟਰੋਲੀਅਮ ਮੰਤਰੀ ਜੈਪਾਲ ਰੈੱਡੀ ਨੂੰ ਪੱਤਰ ਵੀ ਲਿਖਿਆ ਗਿਆ ਹੈ ਤੇ ਵਾਪਸ ਉਹੋ ਰੇਟ ਲਿਆਉਣ ਲਈ ਅਪੀਲ ਵੀ ਕੀਤੀ ਹੈ । ਜਾਣਕਾਰੀ ਅਨੁਸਾਰ ਐੱਸ. ਜੀ. ਪੀ. ਸੀ. ਲੰਗਰ ਸੇਵਾ ਲਈ ਹੁਣ ਤਕ ਜੋ ਸਿਲੰਡਰ ਵਰਤੋਂ ਵਿਚ ਲਿਆ ਰਹੀ ਸੀ, ਉਹ ਸਾਰੇ ਸਬਸਿਡੀ 'ਤੇ ਮਿਲਦੇ ਸਨ ਤੇ ਉਨ੍ਹਾਂ ਨੂੰ ਸਿਲੰਡਰ 403 ਰੁਪਏ ਵਿਚ ਮਿਲ ਰਿਹਾ ਸੀ ਤੇ ਉਸ 'ਤੇ ਵੈਟ ਦੀ ਵੀ ਛੋਟ ਸੀ ਪਰ ਹੁਣ ਐੱਸ. ਜੀ. ਪੀ. ਸੀ. ਨੂੰ ਦੁੱਗਣੇ ਤੋਂ ਜ਼ਿਆਦਾ 1184 ਰੁਪਏ ਪ੍ਰਤੀ ਸਿਲੰਡਰ 'ਤੇ ਖਰਚ ਕਰਨਾ ਪੈ ਰਿਹਾ ਤਾਂ ਕਿ ਲੰਗਰ ਚਲਾਇਆ ਜਾ ਸਕੇ ।