ਨਵੀਂ ਦਿੱਲੀ:¸ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਖਾਲਿਸਤਾਨੀ ਅੱਤਵਾਦੀਆਂ ਰਾਹੀਂ ਪੰਜਾਬ ਵਿਚ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਦੀ ਪਾਕਿਸਤਾਨੀ ਫੌਜ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ। ਇਨ੍ਹਾਂ ਏਜੰਸੀਆਂ ਨੇ ਗ੍ਰਹਿ ਮੰਤਰਾਲਾ ਨੂੰ ਪੇਸ਼ ਕੀਤੀ ਆਪਣੀ ਤਾਜ਼ਾ ਰਿਪੋਰਟ ਵਿਚ ਦਸਿਆ ਹੈ ਕਿ ਆਈ. ਐੱਸ. ਆਈ. ਨੇ ਵੱਖ-ਵੱਖ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਵਿਚ ਸਮਝੌਤਾ ਕਰਵਾ ਦਿਤਾ ਹੈ ਅਤੇ ਹੁਣ ਇਕ ਝੰਡੇ ਹੇਠ ਜਮ੍ਹਾ ਹੋ ਗਏ ਹਨ। ਰਿਪੋਰਟ ਵਿਚ ਦਸਿਆ ਗਿਆ ਹੈ ਕਿ 2 ਅੱਤਵਾਦੀ ਸੰਗਠਨਾਂ ਦੇ ਚੋਟੀ ਦੇ ਨੇਤਾ ਵਧਾਵਾ ਸਿੰਘ ਅਤੇ ਜਗਤਾਰ ਸਿੰਘ ਤਾਰਾ ਪਾਕਿਸਤਾਨ ਵਿਚ ਹਨ ਜਦ ਕਿ ਦੋ ਸਰਗਨੇ ਬ੍ਰਿਟੇਨ ਵਿਚ ਸਰਗਰਮ ਹਨ। ਆਈ. ਐੱਸ. ਆਈ. ਨੇ ਬ੍ਰਿਟੇਨ ਵਿਚ ਮੌਜੂਦ ਆਪਣੇ ਅੱਤਵਾਦੀ ਸੰਗਠਨਾਂ ਵਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਸਤੰਬਰ 2010 ਤੋਂ ਲੈ ਕੇ ਜਨਵਰੀ 2012 ਤਕ 25 ਲੱਖ ਰੁਪਏ ਭੇਜੇ ਹਨ।
ਦਸਿਆ ਜਾਂਦਾ ਹੈ ਕਿ ਪਾਕਿਸਤਾਨ ਅਤੇ ਬ੍ਰਿਟੇਨ ਵਿਚ ਆਈ. ਐੱਸ. ਆਈ. ਦੇ ਫੰਡਾਂ ਰਾਹੀਂ ਅੱਤਵਾਦੀ ਹਮਲਿਆਂ ਦੇ ਕੈਂਪ ਵੀ ਚੱਲ ਰਹੇ ਹਨ। ਹਿਮਾਚਲ ਵਿਚ ਐੱਨ. ਆਈ. ਨੇ ਪਾਕਿਸਤਾਨ ਤੇ ਬ੍ਰਿਟੇਨ ਵਿਚ ਸਥਿਤ 4 ਅੱਤਵਾਦੀ ਸਰਗਣਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਥੇ ਪੰਜਾਬ ਸਰਕਾਰ ਕਿਸੇ ਅੱਤਵਾਦੀ ਸਰਗਰਮੀਆਂ ਦੀ ਮੌਜੂਦਗੀ ਤੋਂ ਇਨਕਾਰ ਕਰ ਰਹੀ  ਹੈ ਉਥੇ ਹੀ ਕੇਂਦਰੀ ਖੁਫੀਆ ਏਜੰਸੀਆਂ ਅਜਿਹੇ ਖਤਰੇ ਸੰਬੰਧੀ ਰਿਪੋਰਟਾਂ  ਦੇ ਰਹੀਆਂ ਹਨ। ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਲੰਡਨ ਵਿਚ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਹਮਲਾ ਬੱਬਰ ਖਾਲਸਾ ਦੇ ਅੱਤਵਾਦੀਆਂ ਨੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੀਤਾ ਹੈ।