ਗੁਰਦਾਸਪੁਰ ਜੇਲ੍ਹ 'ਚੋਂ ਭੱਜੇ 3 ਕੈਦੀ ਲੁਧਿਆਣਾ 'ਚ ਕਾਬੂ
ਗੁਰਦਾਸਪੁਰ / ਲੁਧਿਆਣਾ, 4 ਅਕਤੂਬਰ (PTI)-ਅੱਜ ਤੜਕੇ 2
ਵਜੇ ਦੇ ਕਰੀਬ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋਂ 3 ਕੈਦੀ
ਫਰਾਰ ਹੋ ਗਏ ਸਨ ਨੂੰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ
ਲੁਧਿਆਣਾ ਦੇ ਲਾਢੂਵਾਲ ਤੋਂ ਬਾਅਦ ਦੁਪਹਿਰ ਫੜ ਲਿਆ ਗਿਆ ਹੈ,
ਜਦ ਕਿ ਜੇਲ੍ਹ 'ਚੋਂ ਉਨ੍ਹਾਂ ਦੇ ਨਾਲ ਭੱਜਣ ਦੀ ਕੋਸ਼ਿਸ ਕਰ
ਰਿਹੇ 2 ਹੋਰ ਕੈਦੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਸੀ।
ਜੇਲ੍ਹ ਦੀ ਕੰਧ ਟੱਪ ਕੇ ਕੈਦੀਆਂ ਦੇ ਫਰਾਰ ਹੋਣ ਦੀ ਕੋਸ਼ਿਸ਼
ਕਰਨ ਦਾ ਪਤਾ ਲੱਗਣ 'ਤੇ ਜਦੋਂ ਜੇਲ੍ਹ ਦੇ ਟਾਵਰ ਤੋਂ ਇੱਕ
ਮੁਲਾਜ਼ਮ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਮੁਲਾਜ਼ਮਾਂ ਵੱਲੋਂ
ਭੱਜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਬਾਕੀ 2 ਕੈਦੀਆਂ ਨੂੰ
ਕਾਬੂ ਕਰ ਲਿਆ। ਇੱਥੇ ਜ਼ਿਕਰਯੋਗ ਹੈ ਕਿ ਫਰਾਰ ਹੋਏ ਤਿੰਨੇ
ਕੈਦੀ ਤਿੰਨ ਦਰਜਨ ਤੋਂ ਵਧੇਰੇ ਕਤਲਾਂ, ਲੁੱਟਾਂ-ਖੋਹਾਂ ਅਤੇ
ਲੜਾਈ-ਝਗੜਿਆਂ ਦੇ ਕੇਸਾਂ ਵਿਚ ਸ਼ਾਮਿਲ ਹਨ। ਜੇਲ੍ਹ ਅੰਦਰ ਬੰਦ
ਕੈਦੀਆਂ ਅਨੁਸਾਰ ਜੇਲ੍ਹ ਦੀ ਕੰਧ ਦੇ ਦੂਸਰੇ ਪਾਸੇ ਤੋਂ ਵੀ
ਕੁਝ ਗੋਲੀਆਂ ਚੱਲੀਆਂ ਹਨ। ਪਰ ਪੁਲਿਸ ਵੱਲੋਂ ਦੂਸਰੇ ਪਾਸੇ
ਤੋਂ ਗੋਲੀਆਂ ਚੱਲਣ ਦਾ ਪੂਰੀ ਤਰ੍ਹਾਂ ਖੰਡਣ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਫਰਾਰ ਹੋਏ ਕੈਦੀ ਜੇਲ੍ਹ ਦੇ ਬਾਹਰ ਵਾਲੇ
ਪਾਸੇ ਤੋਂ ਸੁੱਟੇ ਗਏ ਰੱਸੇ ਰਾਹੀਂ ਕੰਧ ਟੱਪ ਕੇ ਫਰਾਰ ਹੋਏ
ਹਨ। ਫਰਾਰ ਹੋਏ ਕੈਦੀ ਜੇਲ੍ਹ ਦੀ ਬੈਰਕ ਨੰ: 6 ਵਿਚ ਬੰਦ ਸਨ
ਅਤੇ ਇਹ ਕੈਦੀ ਬੈਰਕ ਦੇ ਬਾਥਰੂਮ ਦਾ ਜੰਗਲਾ ਤੋੜ ਕੇ ਬੈਰਕ ਦੀ
ਕੰਧ ਟੱਪ ਕੇ ਜੇਲ੍ਹ ਦੀ ਮੁੱਖ ਕੰਧ ਦੇ ਟਾਵਰ ਨੰ. 1 ਅਤੇ 2
ਦੇ ਵਿਚਕਾਰੋਂ ਰੱਸੇ ਰਾਹੀਂ ਜੇਲ੍ਹ ਤੋਂ ਫਰਾਰ ਹੋਏ ਹਨ। ਫਰਾਰ
ਹੋਏ ਕੈਦੀਆਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ
ਗੁਰਦੇਵ ਸਿੰਘ ਪਿੰਡ ਭਾਮ ਪੱਤੀ ਵੇਰਕਾ, ਮੰਗਾ ਮਸੀਹ ਪੁੱਤਰ
ਕੁਰਸ਼ੈਦ ਮਸੀਹ ਵਾਸੀ ਮਾਨੇਪੁਰ (ਗੁਰਦਾਸਪੁਰ) ਅਤੇ ਬਲਜੀਤ
ਸਿੰਘ ਉਰਫ ਭੁੱਲਾ ਪੁੱਤਰ ਸੁੱਚਾ ਸਿੰਘ ਵਾਸੀ ਛੱਤਰੀ
(ਗੁਰਦਾਸਪੁਰ) ਵਜੋਂ ਹੋਈ ਹੈ। ਜਦੋਂ ਕਿ ਭੱਜਣ ਦੀ ਕੋਸ਼ਿਸ਼ ਕਰਨ
ਸਮੇਂ ਕਾਬੂ ਕੀਤੇ ਗਏ 2 ਕੈਦੀਆਂ ਦੀ ਪਛਾਣ ਜੋਬਨ ਸਿੰਘ ਪੁੱਤਰ
ਸੰਤੋਖ ਸਿੰਘ ਵਾਸੀ ਨੰਗਲ ਥਾਣਾ ਕਿਲ੍ਹਾ ਲਾਲ ਸਿੰਘ ਅਤੇ
ਪਲਵਿੰਦਰ ਸਿੰਘ ਉਰਫ ਦੀਪੂ ਪੁੱਤਰ ਬੂਆ ਸਿੰਘ ਵਾਸੀ ਜਸਪਾਲ
ਨਗਰ ਸੁਲਤਾਨਵਿੰਡ ਲਿੰਕ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਜੇਲ੍ਹ ਅੰਦਰ ਬੰਦ ਕੈਦੀਆਂ ਦੇ ਦੱਸਣ ਅਨੁਸਾਰ ਜੇਲ੍ਹ 'ਚੋਂ
ਫਰਾਰ ਹੋਏ ਕੈਦੀਆਂ ਵੱਲੋਂ ਅਕਸਰ ਹੀ ਕੈਦੀਆਂ ਤੇ ਹਵਾਲਾਤੀਆਂ
ਨੂੰ ਕਿਹਾ ਜਾਂਦਾ ਸੀ ਕਿ ਮੌਕਾ ਲੱਗਣ 'ਤੇ ਉਹ ਜੇਲ੍ਹ ਵਿਚੋਂ
ਭੱਜ ਜਾਣਗੇ। ਜੇਲ੍ਹ ਸੁਪਰਡੈਂਟ ਸ਼ੰਮੀ ਕੁਮਾਰ ਨੇ ਕਿਹਾ ਕਿ
ਜੇਲ੍ਹ ਵਿਚੋਂ ਫਰਾਰ ਹੋਣ ਦੀ ਉਕਤ ਘਟਨਾ ਸਬੰਧਿਤ ਜੇਲ੍ਹ
ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ
ਫਰਾਰ ਹੋਏ ਕੈਦੀਆਂ ਦੀ ਕੱਲ੍ਹ 3 ਅਕਤੂਬਰ ਨੂੰ ਅਦਾਲਤ ਵਿਚ
ਤਰੀਕ ਸੀ ਅਤੇ ਇਸ ਮੌਕੇ ਹੀ ਉਨ੍ਹਾਂ ਨੇ ਆਪਣੇ ਬਾਹਰਲੇ
ਵਿਅਕਤੀਆਂ ਨਾਲ ਰਾਬਤਾ ਕਾਇਮ ਕਰਕੇ ਭੱਜਣ ਦੀ ਯੋਜਨਾ ਬਣਾਈ
ਹੋਵੇਗੀ। ਇਸ ਸਬੰਧ ਵਿਚ ਜਦੋਂ ਗੁਰਦਾਸਪੁਰ ਦੇ ਐਸ.ਐਸ.ਪੀ. ਸ.
ਰਾਜਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ
ਕਿ ਫਰਾਰ ਹੋਏ ਕੈਦੀਆਂ ਨੂੰ ਕਾਬੂ ਕਰਨ ਲਈ ਪੂਰੀ ਸਰਗਰਮੀ ਨਾਲ
ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਇਸ ਸਬੰਧ ਵਿਚ ਸਿਟੀ ਥਾਣਾ ਗੁਰਦਾਸਪੁਰ ਅੰਦਰ ਭਾਰਤੀ
ਦੰਡਾਵਾਲੀ ਦੀਆਂ ਧਾਰਾਵਾਂ 223 ਅਤੇ 224 ਅਧੀਨ ਮਾਮਲਾ ਦਰਜ
ਕਰ ਲਿਆ ਗਿਆ ਹੈ। ਗੁਰਦਾਸਪੁਰ ਜੇਲ੍ਹ ਤੋਂ ਫਰਾਰ ਹੋਏ ਕੈਦੀਆਂ ਨੂੰ ਗ੍ਰਿਫ਼ਤਾਰ ਕਰਕੇ
ਲਿਜਾਂਂਦੀ ਹੋਈ ਲੁਧਿਆਣਾ ਪੁਲਿਸ। ਤਸਵੀਰ: ਹਰਿੰਦਰ ਸਿੰਘ ਕਾਕਾ
ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਬਾਹਰਲੀ ਵੱਡੀ ਕੰਧ ਦੇ ਨਾਲ ਬਾਹਰਲੇ ਵਾਲੇ ਪਾਸੇ ਤੋਂ ਸੁੱਟਿਆ ਰੱਸਾ ਜਿਸ ਰਾਹੀਂ ਕੈਦੀ ਫਰਾਰ ਹੋਏ। ਤਸਵੀਰ: ਮਨਦੀਪ ਬੋਪਾਰਾਏ
ਲੁਧਿਆਣਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਗੁਰਦਾਸਪੁਰ ਦੀ ਜੇਲ੍ਹ ਤੋਂ ਬੀਤੀ ਅੱਧੀ ਰਾਤ ਫਰਾਰ ਹੋਏ ਤਿੰਨ ਖ਼ਤਰਨਾਕ ਅਪਰਾਧੀਆਂ ਸਮੇਤ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸ: ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗੁਰਦਾਸਪੁਰ ਦੀ ਜੇਲ੍ਹ ਤੋਂ ਫਰਾਰ ਕਰਵਾਉਣ ਵਿਚ ਅਸ਼ਵਨੀ ਕੁਮਾਰ ਨਾਮੀ ਨੌਜਵਾਨ ਨੇ ਮਦਦ ਕੀਤੀ ਸੀ ਜੋ ਕਿ ਤਿੰਨ ਦਿਨ ਪਹਿਲਾਂ ਹੀ ਗੁਰਦਾਸਪੁਰ ਦੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਸ: ਤੂਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਅਸ਼ਵਨੀ ਨੇ ਪਹਿਲਾਂ ਮਿੱਥੀ ਸਾਜਿਸ਼ ਤਹਿਤ ਜੇਲ੍ਹ ਦੇ ਬਾਹਰੋਂ ਇਨ੍ਹਾਂ ਵਾਸਤੇ ਚਾਰ ਬਲੇਡ ਸੁੱਟੇ ਸਨ। ਉਨ੍ਹਾਂ ਦੱਸਿਆ ਕਿ ਤਿੰਨ ਕਥਿਤ ਅਪਰਾਧੀਆਂ ਨੇ ਬਲੇਡ ਦੀ ਮਦਦ ਨਾਲ ਬਾਥਰੂਮ ਵਿਚ ਲੱਗੀਆਂ ਲੋਹੇ ਦੀਆਂ ਜਾਲੀਆਂ ਨੂੰ ਕੱਟਿਆ ਅਤੇ ਅਸ਼ਵਨੀ ਵੱਲੋਂ ਇਕ ਵੱਡੇ ਰੱਸੇ ਦੀ ਮਦਦ ਨਾਲ ਵਾਰੋ-ਵਾਰੀ ਇਨ੍ਹਾਂ ਨੂੰ ਜੇਲ੍ਹ ਦੀ ਦੀਵਾਰ ਟਪਾਉਣ ਵਿਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਪਹਿਲਾਂ ਇਹ ਗੁਰਦਾਸਪੁਰ ਜੇਲ੍ਹ ਦੇ ਨੇੜਲੇ ਪਿੰਡ ਵਿਚ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਇਹ ਵੱਖ-ਵੱਖ ਹੋ ਗਏ। ਉਨ੍ਹਾਂ ਦੱਸਿਆ ਕਿ ਸਵੇਰ ਨੂੰ ਬੱਸ ਰਾਹੀਂ ਇਹ ਪਹਿਲਾਂ ਹੁਸ਼ਿਆਰਪੁਰ ਗਏ ਅਤੇ ਉਸ ਤੋਂ ਬਾਅਦ ਇਨ੍ਹਾਂ ਨੇ ਜਲੰਧਰ ਲਈ ਬੱਸ ਫੜੀ। ਜਲੰਧਰ ਵਿਚ ਕੁੱਝ ਸਮਾਂ ਰੁਕਣ ਤੋਂ ਬਾਅਦ ਇਹ ਬੱਸ ਰਾਹੀਂ ਲੁਧਿਆਣਾ ਆ ਰਹੇ ਸਨ ਕਿ ਜਲੰਧਰ-ਲੁਧਿਆਣਾ ਮੁੱਖ ਸੜਕ 'ਤੇ ਟੋਲ ਪਲਾਜ਼ਾ ਨੇੜੇ ਪੁਲਿਸ ਵੱਲੋਂ ਲਗਾਏ ਨਾਕੇ 'ਤੇ ਜਦੋਂ ਬੱਸ ਦੀ ਚੈਕਿੰਗ ਕੀਤੀ ਤਾਂ ਇਨ੍ਹਾਂ ਚਾਰਾਂ ਕਥਿਤ ਦੋਸ਼ੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਪਹਿਲਾਂ ਤੋਂ ਚੌਕਸ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
No comments:
Post a Comment