ਕੋਲੰਬ - ਸ਼ਾਨਦਾਰ ਫਾਰਮ ਵਿਚ ਚੱਲ ਰਹੇ ਭਾਰਤ ਦੇ ਵਿਰਾਟ ਕੋਹਲੀ ਤੇ ਸੁਰੇਸ਼ ਰੈਨਾ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ 12 ਮੈਂਬਰੀ ਵਿਸ਼ਵ ਟੀ-20 ਟੀਮ ਵਿਚ ਚੁਣਿਆ ਗਿਆ ਹੈ।
ਆਈ. ਸੀ. ਸੀ. ਨੇ ਇਕ ਬਿਆਨ ਵਿਚ ਦੱਸਿਆ ਕਿ ਟੀ-20 ਵਿਸ਼ਵ ਕੱਪ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਮਾਹਿਰਾਂ ਨੇ ਇਹ ਟੀਮ ਚੁਣੀ ਹੈ। ਟੂਰਨਾਮੈਂਟ ਵਿਚ ਭਾਰਤ ਲਈ ਸਭ ਤੋਂ ਸਫਲ ਬੱਲੇਬਾਜ਼ ਰਹੇ ਵਿਰਾਟ ਕੋਹਲੀ  ਨੂੰ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਲਈ ਚੁਣਿਆ ਗਿਆ ਹੈ, ਜਦਕਿ ਰੈਨਾ ਨੂੰ 12ਵਾਂ ਖਿਡਾਰੀ ਚੁਣਿਆ ਗਿਆ ਹੈ। ਆਈ. ਸੀ. ਸੀ. ਦੀ ਵਿਸ਼ਵ ਮਹਿਲਾ ਟੀ-20 ਟੀਮ ਵਿਚ ਪੂਨਮ ਰਾਓਤ ਜਗ੍ਹਾ ਬਣਾਉਣ ਵਿਚ ਇਕੋ-ਇਕ ਭਾਰਤੀ ਖਿਡਾਰਨ ਹੈ।
ਵਿਸ਼ਵ ਕੱਪ ਦੇ ਫਾਈਨਲ ਵਿਚ ਹਾਰਨ ਵਾਲੀ ਸ਼੍ਰੀਲੰਕਾਈ ਟੀਮ ਦੇ ਕਪਤਾਨ ਮਹੇਲਾ ਜੈਵਰਧਨੇ ਨੂੰ ਇਸ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਮਹੇਲਾ ਤੋਂ ਇਲਾਵਾ ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਤੇ ਸਪਿਨਰ ਅਜੰਤਾ ਮੈਂਡਿਸ ਵੀ ਇਸ ਟੀਮ 'ਚ ਜਗ੍ਹਾ ਬਣਾਉਣ ਵਿਚ ਸਫਲ ਰਹੇ ਹਨ। ਖਿਤਾਬ ਜਿੱਤਣ ਵਾਲੀ ਟੀਮ ਵੈਸਟਇੰਡੀਜ਼ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਤੇ ਫਾਈਨਲ 'ਚ 'ਮੈਨ ਆਫ ਦਿ ਮੈਚ' ਰਿਹਾ ਮਾਰਲਨ ਸੈਮੂਅਲਸ ਵੀ ਇਸ ਟੀਮ ਵਿਚ ਸ਼ਾਮਲ ਹਨ। 'ਮੈਨ ਆਫ ਦਿ ਟੂਰਨਾਮੈਂਟ' ਆਸਟ੍ਰੇਲੀਆ ਦਾ ਸ਼ਾਨ ਵਾਟਸਨ ਤੇ ਨੌਜਵਾਨ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਇੰਗਲੈਂਡ ਦਾ ਲਿਊਕ ਰਾਈਟ, ਨਿਊਜ਼ੀਲੈਂਡ ਦਾ ਬ੍ਰੈਂਡਨ ਮੈਕਕੁਲਮ (ਵਿਕਟਕੀਪਰ) ਤੇ ਪਾਕਿਸਤਾਨ ਦਾ ਆਫ ਸਪਿਨਰ ਸਈਅਦ ਅਮਜਲ ਟੀਮ ਦੇ ਹੋਰ ਖਿਡਾਰੀ ਹਨ।