ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ
ਹਿਮਾਚਲ ਪ੍ਰਦੇਸ਼ 'ਚ 4
ਨਵੰਬਰ, ਜਦਕਿ ਗੁਜਰਾਤ 'ਚ 13 ਤੇ 17 ਦਸੰਬਰ ਨੂੰ ਪੈਣਗੀਆਂ ਵੋਟਾਂ ૿ ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ, 3 ਅਕਤੂਬਰ (PTI)-ਚੋਣ ਕਮਿਸ਼ਨ ਨੇ ਅੱਜ ਹਿਮਾਚਲ ਪ੍ਰਦੇਸ਼ ਦੀਆਂ 68 ਅਤੇ ਗੁਜਰਾਤ ਦੀਆਂ 182 ਸੀਟਾਂ ਵਾਸਤੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸ੍ਰੀ ਵੀ. ਐਸ. ਸੰਪਤ ਨੇ ਚੋਣ ਕਮਿਸ਼ਨ ਭਵਨ ਵਿਖੇ ਵਿਸ਼ੇਸ਼ ਤੌਰ 'ਤੇ ਸੱਦੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਵੋਟਾਂ ਪੈਣ ਦਾ ਕੰਮ ਇਕੋ ਦਿਨ 4 ਨਵੰਬਰ ਨੂੰ ਹੋਵੇਗਾ, ਜਦੋਂ ਕਿ ਗੁਜਰਾਤ ਵਿਚ ਦੋ ਪੜਾਵਾਂ ਵਿਚ 13 ਅਤੇ 17 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੁਜਰਾਤ ਦੀਆਂ 182 ਵਿਧਾਨ ਸਭਾ ਦੀਆਂ ਸੀਟਾਂ ਵਿਚੋਂ 13 ਅਨੁਸੂਚਿਤ ਜਾਤੀਆਂ ਅਤੇ 26 ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਹਲਕਿਆਂ ਵਿਚੋਂ 17 ਅਨੁਸੂਚਿਤ ਜਾਤੀਆਂ ਅਤੇ 3 ਅਨੁਸੂਚਿਤ ਕਬੀਲਿਆਂ ਦੇ ਲੋਕਾਂ ਲਈ ਰਾਖਵੀਆਂ ਹਨ। ਸ੍ਰੀ ਸੰਪਤ ਨੇ ਦੱਸਿਆ ਕਿ ਦੋਵਾਂ ਰਾਜਾਂ ਵਿਚ ਚੋਣਾਂ ਕਰਵਾਉਣ ਸਬੰਧੀ ਆਖਰੀ ਫ਼ੈਸਲਾ ਅੱਜ ਦੋ ਚੋਣ ਕਮਿਸ਼ਨਰਾਂ ਸ੍ਰੀ ਐਚ. ਐਸ. ਬ੍ਰਹਮਾ ਅਤੇ ਸ੍ਰੀ ਨਸੀਮ ਜ਼ੈਦੀ ਅਤੇ ਹੋਰਨਾਂ ਸੀਨੀਅਰ ਅਫ਼ਸਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਰਾਜਾਂ ਵਿਚ ਵੋਟਾਂ ਪੈਣ ਦਾ ਕੰਮ ਅਗਲੇ ਸਾਲ ਜਨਵਰੀ ਵਿਚ ਪੂਰਾ ਹੋਣਾ ਹੈ, ਕਿਉਂਕਿ ਮੌਜੂਦਾ ਹਿਮਾਚਲ ਪ੍ਰਦੇਸ਼ ਦੀ ਮਿਆਦ 10 ਜਨਵਰੀ ਤੱਕ ਅਤੇ ਗੁਜਰਾਤ ਅਸੈਂਬਲੀ ਦੀ ਮਿਆਦ 17 ਜਨਵਰੀ ਨੂੰ ਖਤਮ ਹੋ ਜਾਣੀ ਹੈ। ਦੋਵਾਂ ਰਾਜਾਂ ਦੇ ਚੋਣ ਪ੍ਰੋਗਰਾਮ ਦੇ ਵੇਰਵੇ ਦਿੰਦਿਆਂ ਸ੍ਰੀ ਸੰਪਤ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਾਸਤੇ ਚੋਣਾਂ ਲਈ ਨੋਟੀਫਿਕੇਸ਼ਨ 10 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ, ਜਦੋਂ ਕਿ ਨਾਂਅ ਵਾਪਸ ਲੈਣ ਦੀ ਆਖਰੀ ਤਾਰੀਖ 17 ਅਕਤੂਬਰ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 20 ਅਕਤੂਬਰ ਮਿਥੀ ਗਈ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਵੋਟਰਾਂ ਦੀ ਕੁੱਲ ਗਿਣਤੀ 45.16 ਲੱਖ ਹੈ, ਜਿਸ ਵਾਸਤੇ 7525 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ। ਉਧਰ ਗੁਜਰਾਤ ਦੀ ਵਿਧਾਨ ਸਭਾ ਵਾਸਤੇ ਚੋਣਾਂ ਦੋ ਪੜਾਵਾਂ ਵਿਚ ਹੋਣਗੀਆਂ। ਪਹਿਲੇ ਪੜਾਅ ਦੀਆਂ ਵੋਟਾਂ 13 ਦਸੰਬਰ ਨੂੰ ਅਤੇ ਦੂਸਰੇ ਪੜਾਅ ਦੀਆਂ ਵੋਟਾਂ 17 ਦਸੰਬਰ ਨੂੰ ਪੈਣਗੀਆਂ। ਪਹਿਲੇ ਪੜਾਅ ਦੀਆਂ ਵੋਟਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 24 ਨਵੰਬਰ ਅਤੇ ਦੂਸਰੇ ਪੜਾਅ ਵਾਸਤੇ 30 ਨਵੰਬਰ ਮਿਥੀ ਗਈ ਹੈ। ਪਹਿਲੇ ਪੜਾਅ ਵਾਸਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ 28 ਨਵੰਬਰ ਅਤੇ ਦੂਸਰੇ ਪੜਾਅ ਵਾਸਤੇ 3 ਦਸੰਬਰ ਰੱਖੀ ਗਈ ਹੈ। ਦੋਵਾਂ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੇ ਨਤੀਜੇ ਵਾਸਤੇ ਵੋਟਾਂ ਦੀ ਗਿਣਤੀ 20 ਦਸੰਬਰ ਨੂੰ ਹੋਵੇਗੀ। ਸ੍ਰੀ ਸੰਪਤ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾਵਾਂ ਵਾਸਤੇ ਚੋਣਾਂ ਦਾ ਪ੍ਰੋਗਰਾਮ ਅੱਜ ਐਲਾਨ ਹੋ ਜਾਣ ਨਾਲ ਦੋਵਾਂ ਰਾਜਾਂ ਵਿਚ ਚੋਣ ਜ਼ਾਬਤਾ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਦੀ ਜਿਥੇ ਵੀਡੀਓਗ੍ਰਾਫੀ ਕੀਤੀ ਜਾਵੇਗੀ, ਉਥੇ ਇਲੈਕਟ੍ਰਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਵਾਲੀ ਫੋਟੋ ਵਾਲੀਆਂ ਵੋਟਰ ਸਲਿੱਪਾਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਰਵਾਇਤ ਨੂੰ ਤੋੜਦੇ ਹੋਏ ਇਸ ਵਾਰ ਉਮੀਦਵਾਰ ਵਾਸਤੇ ਸਿਰਫ ਇਕ ਹੀ ਫਾਰਮ ਭਰਨ ਲਈ ਦਿੱਤਾ ਜਾਵੇਗਾ, ਜਿਸ ਵਿਚ ਅਪਰਾਧਿਕ ਇਤਿਹਾਸ ਦੇ ਨਾਲ-ਨਾਲ ਸੰਪਤੀ ਸਬੰਧੀ ਜਾਣਕਾਰੀ ਵੀ ਦੇਣੀ ਪਵੇਗੀ। ਭਾਰਤੀ ਮੀਡੀਆ ਵਿਚ ਹਾਲੀਆ ਆਈ ਪੇਡ ਨਿਊਜ਼ ਦੀ ਸਮੱਸਿਆ 'ਤੇ ਨਜ਼ਰ ਰੱਖਣ ਲਈ 3 ਕਮੇਟੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਮੀਡੀਆ, ਰਾਜ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਦੇ ਪ੍ਰਤੀਨਿਧੀ ਵੱਖਰੇ-ਵੱਖਰੇ ਤੌਰ 'ਤੇ ਸ਼ਾਮਿਲ ਕੀਤੇ ਗਏ ਹਨ। ਉਮੀਦਵਾਰ ਨੂੰ ਚੋਣਾਂ ਵਾਸਤੇ ਖਰਚੇ ਦਾ ਹਿਸਾਬ ਰੱਖਣ ਵਾਸਤੇ ਇਕ ਨਵਾਂ ਬੈਂਕ ਖਾਤਾ ਖੋਲ੍ਹਣਾ ਪਵੇਗਾ। ਚੋਣਾਂ ਵਾਸਤੇ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚੋਂ ਕੇਂਦਰ ਦੇ ਰਿਜ਼ਰਵ ਪੁਲਿਸ ਫੋਰਸ ਤੋਂ ਇਲਾਵਾ ਕਈ ਰਾਜਾਂ ਤੋਂ ਪੁਲਿਸ ਦਲਾਂ ਦੀ ਡਿਊਟੀ ਵੀ ਲਗਾਈ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਮੀਦਵਾਰਾਂ ਦੇ ਨਾਮਜ਼ਦਗੀ-ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਇਕ ਦਿਨ ਬਾਅਦ ਰਾਜਸੀ ਪ੍ਰਤੀਨਿਧੀਆਂ ਦੀ ਇਕ ਦਿਨ ਦੀ ਵਰਕਸ਼ਾਪ ਲਗਾਈ ਜਾਵੇਗੀ, ਜਿਥੇ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। |
jd1
Pages
Thursday, 4 October 2012
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ
Subscribe to:
Post Comments (Atom)
No comments:
Post a Comment