ਤੂਫਾਨ ਦੇ ਕਾਰਣ ਅਰਬਾਂ ਦਾ ਨੁਕਸਾਨ
ਨਿਊਯਾਰਕ(PTI)- ਅਮਰੀਕਾ ਵਿਚ ਸੋਮਵਾਰ ਨੂੰ ਆਏ ਭਿਆਨਕ ਚੱਕਰਵਰਤੀ ਤੂਫਾਨ ਦੇ ਕਾਰਣ ਲਗਭਗ 50 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਤੂਫਾਨ ਦੇ ਕਾਰਣ ਅਰਬਾਂ ਡਾਲਰ ਦਾ ਆਰਥਕ ਨੁਕਸਾਨ ਹੋਣ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੈਰੇਬੀਆਈ  ਦੇਸ਼ਾਂ ਵਿਚ ਵੀ ਇਸ ਤੂਫਾਨ ਨਾਲ 100 ਤੋਂ ਵਧ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਤੂਫਾਨ ਦੀ ਲਪੇਟ ਵਿਚ ਆਏ ਨਿਊਯਾਰਕ ਅਤੇ ਉਸ ਨਾਲ ਸੰਬੰਧਤ ਇਲਾਕੇ ਵਿਚ ਕੁੱਲ 23 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 18 ਨਿਊਯਾਰਕ ਸ਼ਹਿਰ ਦੇ ਹੀ ਵਸਨੀਕ ਹਨ। ਨਿਊਜਰਸੀ ਸ਼ਹਿਰ ਵਿਚ 6 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਹੋਰ ਸ਼ਹਿਰਾਂ ਵਿਚ 7 ਵਿਅਕਤੀ ਮਾਰੇ ਗਏ।
ਅਮਰੀਕਾ ਦੇ ਪੂਰਬੀ-ਉੱਤਰੀ ਹਿੱਸੇ ਦੇ ਵਸਨੀਕਾਂ ਨੂੰ ਮੰਗਲਵਾਰ ਤੋਂ ਹੀ ਪਾਣੀ, ਬਿਜਲੀ ਅਤੇ ਖਾਧ ਪਦਾਰਥਾਂ ਦੀ ਘਾਟ ਤੋਂ ਇਲਾਵਾ ਤੇਜ ਹਵਾਵਾਂ ਅਤੇ ਭਾਰੀ ਮੀਂਹ ਨਾਲ ਜੂਝਣਾ ਪਿਆ।
ਇਸ ਤੂਫਾਨ ਦਾ ਕਹਿਰ ਪਿਛਲੇ ਸਾਲ ਆਏ 'ਏਰਿਕ' ਤੂਫਾਨ ਤੋਂ ਕਈ ਗੁਣਾ ਵਧ ਹੈ। ਇਸ ਕੁਦਰਤੀ ਆਫਤ ਦੌਰਾਨ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਵਾਲੀ ਇਕ ਕੰਪਨੀ ਦੇ ਮੁਤਾਬਕ ਕਰੀਬ 15 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਤੂਫਾਨ ਦੇ ਕਾਰਣ ਬਿਜਲੀ ਸਪਲਾਈ ਠੱਪ ਹੋਣ ਨਾਲ ਕਰੀਬ 82 ਫੀਸਦੀ ਘਰਾਂ ਅਤੇ ਹੋਰ ਵਪਾਰਕ ਸੰਗਠਨ ਹਨੇਰੇ ਵਿਚ ਡੁੱਬੇ ਹੋਏ ਹਨ।
ਇੱਥੋਂ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਜੋ ਦੁਕਾਨਾਂ ਖੁੱਲੀਆਂ ਹਨ, ਉਨ੍ਹਾਂ 'ਤੇ ਕਾਫੀ ਉੱਚੇ ਭਾਅ 'ਤੇ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ।
ਸੜਕਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿਚਲੇ ਪਾਣੀ ਨੂੰ ਕੱਢਣ ਲਈ 14 ਘੰਟੇ ਤੋਂ 4 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ।
ਤੂਫਾਨ ਦੇ ਰਸਤੇ ਵਿਚ ਆਉਣ ਵਾਲੇ 10 ਤੋਂ ਵਧ ਰਾਜਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਤੂਫਾਨ ਦੇ ਕਾਰਣ ਕਈ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਦਾ ਖਤਰਾ ਹੈ, ਇਸ ਦੇ ਕਾਰਣ ਲੋਕ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋ ਸਕਦੇ ਹਨ।