ਜਲੰਧਰ, (RTI)-ਮੁੱਖ ਸਪਾਂਸਰ ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਸਾਬਕਾ ਚੈਂਪੀਅਨ ਭਾਰਤ ਪੈਟਰੋਲੀਅਮ ਮੁੰਬਈ ਦੀ ਟੀਮ ਨੂੰ 4-3 ਨਾਲ ਹਰਾ ਕੇ 29ਵੇਂ ਸੁਰਜੀਤ ਹਾਕੀ ਟੂਰਨਾਮੈਂਟ 'ਤੇ ਤੀਜੀ ਵਾਰ ਕਬਜ਼ਾ ਜਮਾਇਆ ਹੈ। ਇੰਡੀਅਨ ਆਇਲ ਨੇ ਇਸ ਤੋਂ ਪਹਿਲਾਂ ਸਾਲ 2007 ਅਤੇ 2010 ਵਿਚ ਖਿਤਾਬ ਜਿੱਤਿਆ ਸੀ। ਦੂਜੇ ਪਾਸੇ ਭਾਰਤ ਪੈਟਰੋਲੀਅਮ ਟੂਰਨਾਮੈਂਟ 'ਚ ਪਹਿਲੀ ਵਾਰ ਉਪ ਜੇਤੂ ਬਣੀ ਹੈ। ਭਾਰਤ ਪੈਟਰੋਲੀਅਮ ਟੀਮ ਸਾਲ 2002, 2003 ਅਤੇ 2009 ਵਿਚ ਖਿਤਾਬ ਜੇਤੂ ਸੀ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਖਤਮ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਦੇ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਮਾਲ, ਪ੍ਰਵਾਸੀ ਮਾਮਲਿਆਂ ਅਤੇ ਲੰਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਜਿਥੇ ਪੰਜਾਬ ਦੀ ਖੇਡ ਨੀਤੀ ਦੀ ਸ਼ਲਾਘਾ ਕੀਤੀ,ਉਥੇ ਕੇਂਦਰ ਦੀ ਖੇਡ ਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਖੇਡ ਬਜਟ ਵੱਧ ਕੇ 5 ਗੁਣਾ ਹੋ ਗਿਆ ਹੈ। ਖਿਡਾਰੀਆਂ ਦਾ ਰੋਜ਼ਾਨਾ ਭੱਤਾ ਵਧਾਇਆ ਗਿਆ ਹੈ, ਨਵੇਂ ਕੋਚ ਭਰਤੀ ਕੀਤੇ ਜਾ ਰਹੇ ਹਨ ਅਤੇ ਵਰਲਡ ਕਬੱਡੀ ਕੱਪ ਦੇ ਰਾਹੀਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਅਤੇ ਤੰਦਰੁਸਤੀ ਵਲ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੋਸ਼ ਖਰੋਸ਼ ਵਿਚ ਸ਼੍ਰੀ ਮਜੀਠੀਆ ਹੁਣੇ ਜਿਹੇ ਲੰਡਨ ਵਿਚ ਖਤਮ ਹੋਈਆਂ ਓਲੰਪੀਅਨ ਖੇਡਾਂ ਵਿਚ ਭਾਰਤ ਦਾ  ਹਾਕੀ ਵਿਚ ਸਥਾਨ 12ਵਾਂ (ਆਖਰੀ) ਦੀ ਥਾਂ 'ਤੇ 11ਵਾਂ  ਦੱਸ ਗਏ।
ਰੋਮਾਂਚਕਾਰੀ ਫਾਈਨਲ ਵਿਚ ਸਾਬਕਾ ਚੈਂਪੀਅਨ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਮੁੰਬਈ ਦੀ ਟੀਮ 1-1 ਦੀ ਬਰਾਬਰੀ 'ਤੇ ਸਨ। ਇੰਡੀਅਨ ਆਇਲ ਵਲੋਂ ਭਾਰਤੀ ਹਾਕੀ ਮਹਾਸੰਘ ਵਲੋਂ ਕਰਵਾਈ ਗਈ ਵਿਸ਼ਵ ਸੀਰੀਜ਼ ਹਾਕੀ ਟੂਰਨਾਮੈਂਟ ਦੇ ਸਭ ਤੋਂ ਵਧੀਆ ਖਿਡਾਰੀ ਰਹੇ ਗੁਰਜਿੰਦਰ ਸਿੰਘ ਨੇ ਤਿੰਨ ਅਤੇ ਓਲੰਪੀਅਨ ਪ੍ਰਭਜੋਤ ਸਿੰਘ ਨੇ ਇਕ ਗੋਲ ਦਾਗਿਆ। ਦੂਜੇ ਪਾਸੇ ਭਾਰਤ ਪੈਟਰੋਲੀਅਮ ਵਲੋਂ ਅਮੀਰ ਖਾਨ, ਰਵੀਪਾਲ ਅਤੇ ਗੁਰਪ੍ਰੀਤ ਸਿੰਘ ਨੇ ਇਕ-ਇਕ ਗੋਲ ਦਾਗਿਆ। ਜੇਤੂ ਟੀਮ ਦਾ ਗੁਰਜਿੰਦਰ ਸਿੰਘ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ।
ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ   ਮਾਨ  ਦੀ ਮੌਜੂਦਗੀ ਹਾਕੀ ਦੇ ਮੁਕਾਬਲੇ 'ਤੇ ਭਾਰੀ ਰਹੀ। ਗੁਰਦਾਸ ਮਾਨ ਐਲਾਨੇ ਸਮੇਂ ਤੋਂ ਤਕਰੀਬਨ ਪੌਣੇ ਦੋ ਘੰਟੇ ਦੀ ਦੇਰੀ ਨਾਲ ਪੁੱਜੇ ਪਰ ਦਰਸ਼ਕਾਂ ਦੀ ਭੀੜ ਉਨ੍ਹਾਂ ਦੀ ਉਡੀਕ ਵਿਚ ਉਥੇ ਜਮੀ ਰਹੀ।  ਗੀਤਾਂ ਦੀ ਸ਼ੁਰੂਆਤ ਭਗਵਾਨ ਗਣੇਸ਼ ਜੀ ਦੇ ਗੁਣਗਾਨ ਨਾਲ ਕੀਤੀ ਗਈ। ਇਸ ਤੋਂ ਬਾਅਦ  ਉਨ੍ਹਾਂ ਪੰਜਾਬੀ ਗੀਤ ਅਤੇ ਮੁਖੜੇ ਗਾ ਕੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।