ਕੋਲੰਬੋ - ਸ਼੍ਰੀਲੰਕਾਈ ਟੀਮ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ਵਿਚ ਕੱਲ ਜਦੋਂ ਵੈਸਟਇੰਡੀਜ਼  ਸਾਹਮਣੇ ਹੋਵੇਗੀ ਤਾਂ ਉਸ ਲਈ ਇਕੋ-ਇਕ ਚੁਣੌਤੀ 'ਦੌੜ ਮਸ਼ੀਨ' ਕ੍ਰਿਸ ਗੇਲ 'ਤੇ ਰੋਕ ਲਗਾਉਣ ਦੀ ਹੋਵੇਗੀ। ਹੁਣ ਤਕ ਸਿਰਫ ਇਕ ਵਾਰ 1996 ਵਿਚ 50 ਓਵਰਾਂ ਦਾ ਵਿਸ਼ਵ ਕੱਪ ਜਿੱਤ ਚੁੱਕੀ ਸ਼੍ਰੀਲੰਕਾਈ ਟੀਮ ਦੀਆਂ ਨਜ਼ਰਾਂ 16 ਸਾਲ ਬਾਅਦ ਦੂਸਰੇ ਵਿਸ਼ਵ ਕੱਪ ਖਿਤਾਬ 'ਤੇ ਹਨ। ਦੂਸਰੇ ਪਾਸੇ ਵੈਸਟਇੰਡੀਜ਼ 30 ਸਾਲ ਬਾਅਦ ਕਿਸੇ ਵਿਸ਼ਵ ਟੂਰਨਾਮੈਂਟ ਦੇ ਫਾਈਨਲ ਵਿਚ ਖੇਡ ਰਿਹਾ ਹੈ।
ਇਸ ਤੋਂ ਪਹਿਲਾਂ 1983 ਵਿਸ਼ਵ ਕੱਪ ਫਾਈਨਲ ਵਿਚ ਉਸ ਨੂੰ ਲਾਰਡਸ 'ਤੇ ਭਾਰਤ ਨੇ ਹਰਾਇਆ ਸੀ।  ਨਾਲ ਹੀ ਦੋਵੇਂ ਟੀਮਾਂ  ਅਜੇ ਤਕ ਟੀ-20 ਵਿਸ਼ਵ ਕੱਪ ਦੇ ਖਿਤਾਬ ਤੋਂ ਵਾਂਝੀਆਂ ਰਹੀਆਂ ਹਨ। 2007 ਵਿਚ ਪਹਿਲੇ ਟੀ-20 ਵਿਸ਼ਵ ਕੱਪ 'ਤੇ ਭਾਰਤ ਦਾ ਕਬਜ਼ਾ ਰਿਹਾ ਸੀ। 2009 ਵਿਚ ਦੂਸਰ ਵਿਸ਼ਵ ਕੱਪ 'ਤੇ ਪਾਕਿਸਤਾਨ ਤੇ 2010 ਵਿਚ ਇੰਗਲੈਂਡ ਟੀ-20 ਚੈਂਪੀਅਨ ਬਣਿਆ ਸੀ।  ਇਸ ਲਈ ਇਸ ਵਾਰ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚੋਂ ਕੋਈ ਵੀ ਟੀਮ ਖਿਤਾਬ ਜਿੱਤੇ, ਵਿਸ਼ਵ ਨੂੰ ਨਵਾਂ ਚੈਂਪੀਅਨ ਮਿਲਣਾ ਤੈਅ ਹੈ।
ਆਪਣੀ ਜ਼ਮੀਨ 'ਤੇ ਖੇਡ ਰਹੀ ਸ਼੍ਰੀਲੰਕਾ ਦਾ ਪੱਲੜਾ ਭਾਰੀ ਹੈ ਕਿਉਂਕਿ ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਤੇ ਤਿਸਾਰਾ ਪਰੇਰਾ ਵਰਗੇ ਉਸਦੇ ਖਿਡਾਰੀ ਫਾਰਮ ਵਿਚ ਹਨ। ਦੂਸਰੇ ਪਾਸੇ ਵੈਸਟਇੰਡੀਜ਼² ਕੋਲ ਕੁਝ ਬਿਹਤਰੀਨ ਟੀ-20 ਕ੍ਰਿਕਟਰ ਹਨ, ਜਿਨ੍ਹਾਂ ਵਿਚ ਮਰਲਨ ਸੈਮੂਅਲਸ, ਡਵੇਨ ਬ੍ਰਾਵੋ ਤੇ ਕਿਰੋਨ ਪੋਲਾਰਡ ਸ਼ਾਮਲ ਹਨ। ਇਸ ਦੇ ਬਾਵਜੂਦ ਸਾਰਿਆਂ ਦੀਆਂ ਨਜ਼ਰਾਂ ਗੇਲ 'ਤੇ ਹੋਣਗੀਆਂ, ਜਿਹੜਾ ਜ਼ਬਰਦਸਤ ਫਾਰਮ ਵਿਚ ਹੈ।
ਦੋਵਾਂ ਟੀਮਾਂ ਨੂੰ ਬਾਖੂਬੀ ਪਤਾ ਹੈ ਕਿ ਗੇਲ ਦੀ ਫਾਰਮ ਮੈਚ ਵਿਚ ਫੈਸਲਾਕੁੰਨ ਸਾਬਤ ਹੋ ਸਕਦੀ ਹੈ। ਵੈਸਟਇੰਡੀਜ਼ ਲਈ ਇਸ ਮੈਚ ਵਿਚ ਬਹੁਤ ਕੁਝ ਦਾਅ 'ਤੇ ਲੱਗਾ ਹੈ। ਅਜਿਹਾ ਨਹੀਂ ਹੈ ਕਿ ਜਿੱਤਣ 'ਤੇ ਕੈਰੇਬੀਆਈ ਕ੍ਰਿਕਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਟੂਰਨਾਮੈਂਟ ਜਿੱਤਣ ਨਾਲ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਹੋਵੇਗੀ। ਇਨ੍ਹਾਂ ਦਿਨਾਂ ਵਿਚ ਵੈਸਟਇੰਡੀਜ਼ ਵਿਚ ਬਾਸਕਟਬਾਲ ਦੀ ਲੋਕਪ੍ਰਿਯਤਾ ਕ੍ਰਿਕਟ ਤੋਂ ਵੱਧ ਹੈ ਤੇ ਨੌਜਵਾਨਾਂ ਦਾ ਰੁਝਾਨ ਐੱਨ. ਬੀ. ਏ. ਲੀਗ ਵੱਲ ਜ਼ਿਆਦਾ ਹੈ। ਇਸ ਜਿੱਤ ਨਾਲ ਸੈਮੀ ਨੂੰ ਵੀ ਸੁੱਖ ਦਾ ਸਾਹ ਲੈਣ ਦਾ ਮੌਕਾ ਮਿਲੇਗਾ। ਪਿਛਲੇ ਸਾਲ ਭਰ ਤੋਂ ਲਗਾਤਾਰ ਬਹਿਸ ਹੋ ਰਹੀ ਹੈ ਕਿ ਉਹ ਟੀਮ ਦੀ ਕਪਤਾਨੀ ਦੇ ਲਾਇਕ ਹੈ ਜਾਂ ਨਹੀਂ।