ਕੋਲੰਬੋ - ਰੰਗਨਾ ਹੇਰਾਥ 25 ਦੌੜਾਂ 'ਤੇ ਤਿੰਨ ਵਿਕਟਾਂ ਤੇ ਐਂਜੇਲੋ ਮੈਥਿਊਜ਼ 27 ਦੌੜਾਂ 'ਤੇ ਦੋ ਵਿਕਟਾਂ ਅਤੇ ਅਜੰਤਾ ਮੈਂਡਿਸ 27 ਦੌੜਾਂ 'ਤੇ ਦੋ ਵਿਕਟਾਂ ਦੀ ਬਦੌਲਤ ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਦੇ ਬੇਹੱਦ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 16 ਦੌੜਾਂ ਨਾਲ ਹਰਾ ਕੇ ਅੱਜ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾਈ ਟੀਮ ਨੇ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 139 ਦੌੜਾਂ ਬਣਾਈਆਂ। ਇਸ ਤੋਂ ਬਾਅਦ 140 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਸੱਤ ਵਿਕਟਾਂ 'ਤੇ ਟੀਚੇ ਤੋਂ 17 ਦੌੜਾਂ ਪਿਛੜ ਕੇ ਸਿਰਫ 123 ਦੌੜਾਂ ਹੀ ਜੋੜ ਸਕੀ। ਪਾਕਿਸਤਾਨ ਵਲੋਂ ਸਭ ਤੋਂ ਵੱਧ 42 ਦੌੜਾਂ ਕਪਤਾਨ ਮੁਹੰਮਦ ਹਫੀਜ਼ ਨੇ ਬਣਾਈਆਂ। ਹਫੀਜ਼ ਨੇ 40 ਗੇਂਦਾਂ ਦੀ ਆਪਣੀ ਪਾਰੀ ਵਿਚ ਸ਼ਾਨਦਾਰ ਚਾਰ ਚੌਕੇ ਤੇ ਇਕ ਛੱਕਾ ਲਗਾਇਆ। ਇਸਦੇ ਇਲਾਵਾ ਇਮਰਾਨ ਨਜ਼ੀਰ ਨੇ ਵੀ 20 ਦੌੜਾਂ  ਦੀ ਉਪਯੋਗੀ ਪਾਰੀ ਖੇਡੀ, ਜਦਕਿ ਉਮਰ ਅਕਮਲ ਨੇ ਅਜੇਤੂ 29 ਦੌੜਾਂ ਬਣਾਈਆਂ।
ਹਾਲਾਂਕਿ ਪਾਕਿਸਤਾਨ ਦੇ ਦੋਵੇਂ ਓਪਨਰਾਂ ਦੇ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਾ ਸਕਿਆ। ਟੀਮ ਦਾ ਸਟਾਰ ਖਿਡਾਰੀ ਆਲ ਰਾਊਂਡਰ ਸ਼ਾਹਿਦ ਅਫਰੀਦੀ ਤਾਂ ਖਾਤਾ ਖੋਲ੍ਹੇ ਬਿਨਾਂ ਹੀ ਹੇਰਾਥ ਦੀ ਗੇਂਦ 'ਤੇ ਬੋਲਡ ਹੋ ਗਿਆ। ਫਾਈਨਲ ਲਈ ਹੁਣ ਸ਼੍ਰੀਲੰਕਾ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਸੈਮੀਫਾਈਨਲ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ।