ਨਕੋਦਰ, --ਅਕਤੂਬਰ (ਟੋਨੀ )-ਥਾਣਾ ਨਕੋਦਰ ਅਧੀਨ ਆਉਂਦੇ ਪਿੰਡ ਲੱਧੜ ਵਿਖੇ ਪਿਛਲੇ ਦਿਨੀਂ ਇਕ ਨੌਜਵਾਨ ਦੇ ਹੋਏ ਕਤਲ ਸਬੰਧੀ ਦੋਸ਼ੀਆਂ ਨੂੰ ਨਾ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਅੱਜ ਸਥਾਨਕ ਸਮੂਹ ਪਿੰਡ ਵਾਸੀਆਂ ਨੇ ਥਾਣੇ ਦੇ ਅੰਦਰਲੇ ਗੇਟ ਮੂਹਰੇ ਧਰਨਾ ਦਿੱਤਾ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਪਿੰਡ ਦੀ ਪੰਚਾਇਤ, ਜਿਨ੍ਹਾਂ ਵਿਚ ਲਛਮਣ ਦਾਸ ਭੇਲਾ ਸਰਪੰਚ, ਬੁਧ ਪ੍ਰਕਾਸ਼ ਪੰਚ, ਰਣਜੀਤ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਬਖਸ਼ੋ ਦੇਵੀ ਪੰਚ, ਲਖਵੀਰ ਕੌਰ ਪੰਚ ਤੋਂ ਇਲਾਵਾ ਪਿੰਡ ਦੇ ਮੋਹਤਵਰ ਵਿਅਕਤੀ ਅਤੇ ਕਤਲ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਭਾਰੀ ਗਿਣਤੀ ਵਿਚ ਹਾਜ਼ਰ ਸਨ। ਬੀਬੀਆਂ ਭਾਰੀ ਗਿਣਤੀ ਵਿਚ ਕਾਤਲਾਂ ਵਿਰੁੱਧ ਪਿੱਟ-ਸਿਆਪਾ ਕਰ ਰਹੀਆਂ ਸਨ। ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਨੇ ਇਕ ਨੌਜਵਾਨ ਨੂੰ ਹੀ ਇਸ ਕਤਲ ਕੇਸ ਵਿਚ ਸ਼ਾਮਿਲ ਕੀਤਾ ਹੈ, ਜਦ ਕਿ ਕਤਲ ਹੋਏ ਗੁਰਵਿੰਦਰ ਸਿੰਘ ਗਿੰਦਾ ਦੇ ਭਰਾ ਵਲੋਂ ਪ੍ਰੈੱਸ ਸਾਹਮਣੇ ਕਹਿਣਾ ਸੀ ਕਿ ਮੇਰੇ 6 ਫੁੱਟ ਜਵਾਨ ਭਰਾ ਨੂੰ ਇਕ ਪੰਜ ਫੁੱਟ ਹਲਕੇ ਕੱਦ ਦਾ ਵਿਅਕਤੀ ਕਦੇ ਵੀ ਕਤਲ ਨਹੀਂ ਕਰ ਸਕਦਾ। ਇਸ ਨਾਲ ਤਿੰਨ ਦੋਸ਼ੀ ਹੋਰ ਹਨ, ਜਿਨ੍ਹਾਂ ਨੇ ਮੇਰੇ ਭਰਾ ਦਾ ਕਤਲ ਕਰਨ ਉਪਰੰਤ ਉਸ ਦੀ ਲਾਸ਼ ਬੋਰੀ ਵਿਚ ਪਾ ਕੇ ਸੁੱਟ ਦਿੱਤੀ। ਇਸ ਸਾਰੀ ਵਾਰਦਾਤ ਨੂੰ ਇਕ ਵਿਅਕਤੀ ਕਿਵੇਂ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਕਾਤਲਾਂ ਨਾਲ ਮਿਲੇ ਹੋਏ ਹਨ। ਪਿੰਡ ਵਾਸੀ ਸ਼ਾਮ ਤੱਕ ਥਾਣੇ ਮੂਹਰੇ ਇਸ ਜ਼ਿੱਦ ਨੇ ਲੈ ਕੇ ਅੜੇ ਬੈਠੇ ਹੋਏ ਸਨ। ਕਿ ਜਿੰਨ੍ਹਾ ਚਿਰ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਇਥੇ ਹੀ ਪੁਲਿਸ ਵਿਰੁੱਧ ਧਰਨਾ ਦਿੰਦੇ ਰਹਾਂਗੇ। ਇਸ ਸਬੰਧੀ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਰਚੇ ਅੰਦਰ ਇਕ ਹੀ ਕਾਤਲ ਸਾਹਮਣੇ ਆਇਆ ਹੈ, ਜਿਸ ਨੂੰ ਪੁਲਿਸ ਨੇ ਫੜ ਕੇ ਰਿਮਾਂਡ 'ਤੇ ਰੱਖਿਆ ਹੋਇਆ ਹੈ ਅਤੇ ਪੁੱਛ-ਗਿੱਛ ਚੱਲ ਰਹੀ ਹੈ, ਜਿਸ ਨੂੰ ਕੱਲ੍ਹ ਦੁਬਾਰਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
No comments:
Post a Comment