ਨਵੀਂ ਦਿੱਲੀ- ਸ਼੍ਰੀਲੰਕਾ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਚੈਂਪੀਅਨ ਬਣਨ ਦੇ ਨਾਲ ਹੀ ਟੀ-20 ਵਿਸ਼ਵ ਕੱਪ ਦੇ ਚੌਥੇ ਐਡੀਸ਼ਨ ਦੀ ਸਮਾਪਤੀ ਹੋ ਗਈ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਰਹੀ ਹੈ ਕਿ ਹੁਣ ਤੱਕ 4 ਵਾਰ 4 ਨਵੀਆਂ ਟੀਮਾਂ ਚੈਂਪੀਅਨ ਬਣ ਕੇ ਸਾਹਮਣੇ ਆਈਆਂ ਹਨ। ਡੈਰੇਨ ਸੈਮੀ ਦੀ ਕਪਤਾਨੀ ਵਾਲੀ ਕੈਰੀਬੀਆਈ ਟੀਮ ਨੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 36 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਅਹਿਮ ਟੂਰਨਾਮੈਂਟ 'ਤੇ ਕਬਜ਼ਾ ਕੀਤਾ ਹੈ। 33 ਸਾਲਾਂ ਬਾਅਦ ਕੈਰੀਬੀਆਈ ਟੀਮ ਨੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ 1979 'ਚ ਆਖਰੀ ਵਾਰ ਇਕ ਦਿਨਾ ਵਿਸ਼ਵ ਕੱਪ ਜਿੱਤਿਆ ਸੀ।
ਇਸ ਤੋਂ ਪਹਿਲਾਂ 2011 ਦੇ ਵਿਸ਼ਵ ਕੱਪ 'ਚ ਪਾਲ ਕਾਲਿੰਗਵੁੱਡ ਦੀ ਅਗਵਾਈ 'ਚ ਇੰਗਲਿਸ਼ ਟੀਮ ਨੇ ਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ 'ਤੇ ਪਹਿਲੀ ਵਾਰ ਕਬਜ਼ਾ ਕੀਤਾ ਸੀ।
2009 ਦੇ ਵਿਸ਼ਵ ਕੱਪ 'ਚ ਪਾਕਿਸਤਾਨ ਦੀ ਟੀਮ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਹੋਇਆਂ ਫਾਈਨਲ 'ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕਿ ਇਸ ਟੂਰਨਾਮੈਂਟ ਨੂੰ ਆਪਣੇ ਨਾਂ ਕੀਤਾ। ਉਸ ਸਮੇਂ ਪਾਕਿਸਤਾਨ ਟੀਮ ਦੇ ਕਪਤਾਨ ਯੁਨਿਸ ਖਾਨ ਸਨ।
ਪਹਿਲੇ ਟੀ-20 ਵਿਸ਼ਵ ਕੱਪ 2007 'ਚ ਭਾਰਤ ਦੀ ਟੀਮ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਗਜ਼ਬ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ 'ਚ ਪਾਕਿਸਤਾਨ ਨੂੰ ਇਕ ਰੋਮਾਂਚਕ ਮੁਕਾਬਲੇ 'ਚ 5 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਸੀ।