ਜਨੇਵਾ- ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਕਿਹਾ ਹੈ ਕਿ ਵਿਸ਼ਵ ਭਰ 'ਚ 350 ਮਿਲੀਅਨ ਤੋਂ ਵੱਧ ਲੋਕ ਮਾਨਸਿਕ ਤਣਾਓ 'ਚ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਗਰੀਬ ਤੇ ਅਮੀਰ ਲੋਕ ਦੋਵੇਂ ਹੀ ਇਸਦੇ ਸ਼ਿਕਾਰ ਹਨ। ਵਿਸ਼ਵ ਸਿਹਤ ਸੰਗਠਨ ਦੇ ਮੈਂਟਲ ਹੈਲਥ ਤੇ ਨਸ਼ਾ ਮੁਕਤ ਵਿਭਾਗ ਦੇ ਪ੍ਰਧਾਨ ਡਾ. ਸ਼ੇਖਰ ਸਕਸੈਨਾ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਖੇਤਰ ਅਸ਼ਾਂਤੀ ਤੇ ਮੰਦੀ ਤੋਂ ਰਹਿਤ ਨਹੀਂ ਹੈ ਅਤੇ ਦੁਨੀਆ ਦੀ 5 ਫੀਸਦੀ ਆਬਾਦੀ ਹਰ ਸਾਲ ਮਾਨਸਿਕ ਤਣਾਓ ਦਾ ਸ਼ਿਕਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ 50 ਫੀਸਦੀ ਔਰਤਾਂ ਮਰਦਾਂ ਤੋਂ ਵੱਧ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲੋਕਾਂ 'ਚ ਵੱਧ ਰਿਹਾ ਇਸ ਤਰ੍ਹਾਂ ਦਾ ਮਾਨਸਿਕ ਤਣਾਓ ਕੁੱਝ ਸਮੇਂ ਦੇ ਕੰਮ ਕਾਰਨ ਜਾਂ ਮਾਮੂਲੀ ਨਹੀਂ ਹੈ ਬਲਕਿ ਇਹ ਮਾਨਸਿਕ ਤਣਾਓ ਆਤਮ ਹੱਤਿਆ ਤੱਕ ਮਜ਼ਬੂਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਜਿਹੜੇ ਲੱਖਾਂ ਲੋਕ ਆਤਮ ਹੱਤਿਆ ਕਰਦੇ ਹਨ, ਉਨ੍ਹਾਂ ਵਿਚੋਂ ਅੱਧਿਆਂ ਦਾ ਕਾਰਨ ਮਾਨਸਿਕ ਤਣਾਓ ਹੁੰਦਾ ਹੈ। ਸਕਸੈਨਾ ਨੇ ਕਿਹਾ ਕਿ ਮਾਨਸਿਕ ਤਣਾਓ ਤੋਂ ਬਚਣ ਲਈ ਖੁੱਲ ਕੇ ਆਪਣੀ ਗੱਲ ਨੂੰ ਕਹਿਣਾ ਚਾਹੀਦਾ ਹੈ ਤੇ ਆਪਣੇ ਹੱਕ ਦੇ ਕਿਸੇ ਵੀ ਮੁੱਦੇ ਨੂੰ ਲੁਕੋਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਮਾਨਸਿਕ ਤਣਾਓ ਨੂੰ ਗੋਲੀਆਂ ਖਾਣ ਤੱਕ ਹੀ ਨਹੀਂ ਸੀਮਤ ਨਹੀਂ ਰੱਖਣਾ ਚਾਹੀਦਾ।