ਭਾਰਤ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਕੁਝ ਰਿਕਾਰਡ ਅਜਿਹੇ ਹਨ, ਜਿਨ੍ਹਾਂ ਦੇ ਨੇੜੇ-ਤੇੜੇ ਸਚਿਨ ਤੇਂਦੁਲਕਰ ਵੀ ਨਹੀਂ ਪਹੁੰਚ ਸਕੇ। ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਇਕ ਦਿਨਾ ਮੈਚਾਂ ਲਈ ਬਿਲਕੁੱਲ ਫਿੱਟ ਖਿਡਾਰੀ ਮੰਨੇ ਜਾਣ ਵਾਲੇ ਸਹਿਵਾਗ ਨੇ ਟੈਸਟ ਮੈਚਾਂ 'ਚ ਵੀ ਅਨੋਖੇ ਰਿਕਾਰਡ ਬਣਾਏ ਹਨ।
ਸਹਿਵਾਗ ਭਾਰਤ ਦੇ ਪਹਿਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਟੈਸਟ ਮੈਚਾਂ 'ਚ 300 ਦਾ ਅੰਕੜਾ ਪਾਰ ਕੀਤਾ ਹੈ। 2004 'ਚ ਸਹਿਵਾਗ ਨੇ ਪਹਿਲਾ ਤੀਹਰਾ ਸੈਂਕੜਾ ਮਾਰਿਆ ਸੀ। ਸਹਿਵਾਗ ਨੇ ਪਾਕਿਸਤਾਨ ਖਿਲਾਫ ਮੁਲਤਾਨ 'ਚ 309 ਦੌੜਾਂ ਦੀ ਆਤੀਸ਼ੀ ਪਾਰੀ ਖੇਡੀ ਸੀ। 375 ਗੇਂਦਾਂ 'ਦੀ ਇਸ ਪਾਰੀ 'ਚ ਵੀਰੂ ਨੇ 39 ਚੌਕੇ ਅਤੇ 6 ਛੱਕੇ ਜੜੇ ਸਨ। 4 ਸਾਲ ਬਾਅਦ ਸਹਿਵਾਗ ਨੇ ਫਿਰ ਆਪਣੇ ਬੱਲੇ ਨਾਲ ਜੌਹਰ ਦਿਖਾਏ ਅਤੇ 2008 'ਚ ਚੇਨਈ ਦੇ ਐੱਮ. ਏ. ਚਿੰਦਬਰਮ ਸਟੇਡੀਅਮ 'ਚ ਦੱਖਣੀ ਅਫਰੀਕਾ ਖਿਲਾਫ 304 ਗੇਂਦਾਂ 'ਚ 309 ਦੌੜਾਂ ਠੋਕ ਦਿੱਤੀਆਂ। 2009 'ਚ ਸਹਿਵਾਗ ਨੇ ਸ਼੍ਰੀਲੰਕਾ ਖਿਲਾਫ ਮੁੰਬਈ 'ਚ 293 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਸਚਿਨ ਤੇਂਦੁਲਕਰ ਦਾ ਟੈਸਟ ਮੈਚਾਂ 'ਚ ਅਜੇਤੂ 248 ਦੌੜਾਂ ਦਾ ਸਭ ਤੋਂ ਵਧੀਆ ਸਕੋਰ ਹੈ। ਸਹਿਵਾਗ ਤੋਂ ਇਲਾਵਾ ਕ੍ਰਿਸ ਗੇਲ, ਬ੍ਰਾਇਨ ਲਾਰਾ ਅਤੇ ਬ੍ਰੈਡਮੈਨ ਹੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ 2 ਵਾਰ 300 ਦਾ ਅੰਕੜਾਂ ਪਾਰ ਕੀਤਾ ਹੈ।
ਵਰਿੰਦਰ ਸਹਿਵਾਗ ਨੇ ਹੁਣ ਤੱਕ 98 ਟੈਸਟ ਮੈਚਾਂ 'ਚ 22 ਸੈਂਕੜੇ ਅਤੇ 32 ਅਰਧ ਸੈਂਕੜਿਆਂ ਦੀ ਮਦਦ ਨਾਲ 8,306 ਦੌੜਾਂ ਬਣਾਈਆਂ ਹਨ। ਟੈਸਟ ਮੈਚਾਂ 'ਚ ਸਹਿਵਾਗ ਦਾ ਜਦੋਂ ਵੀ ਬੱਲਾ ਚੱਲਦਾ ਹੈ, ਉਦੋਂ ਸਹਿਵਾਗ ਨੇ ਲੰਬੀਆਂ ਪਾਰੀਆਂ ਖੇਡੀਆਂ ਹਨ। ਉਨ੍ਹਾਂ ਦਾ ਇਕ ਪਾਰੀ 'ਚ 14 ਵਾਰ 150 ਤੋਂ ਜ਼ਿਆਦਾ ਸਕੋਰ ਹੈ। 190 ਟੈਸਟ ਮੈਚਾਂ 'ਚ 51 ਅਰਧ ਸੈਂਕੜੇ ਲਗਾ ਚੁੱਕੇ ਸਚਿਨ ਵੀ 6 ਵਾਰ ਦੋ ਸੌ ਤੋਂ ਜ਼ਿਆਦਾ ਸਕੋਰ ਬਣਾ ਚੁੱਕੇ ਹਨ। ਇਕ ਦਿਨਾ ਮੈਚਾਂ 'ਚ ਸਹਿਵਾਗ ਦਾ ਸਭ ਤੋਂ ਵਧੀਆ ਸਕੋਰ 219 ਹੈ। 208 ਗੇਂਦਾਂ ਦੀ ਇਸ ਮਹਾਨ ਪਾਰੀ ਸਹਿਵਾਗ ਨੇ ਵੈਸਟਇੰਡੀਜ਼ ਖਿਲਾਫ ਇੰਦੌਰ 'ਚ ਖੇਡੀ ਸੀ। ਜਦ ਕਿ ਸਚਿਨ ਦਾ ਇਕ ਦਿਨਾ ਮੈਚਾਂ 'ਚ ਸਭ ਤੋਂ ਵਧੀਆ ਸਕੋਰ ਅਜੇਤੂ 200 ਦੌੜਾਂ ਹੈ।
ਸਟ੍ਰਾਈਕ ਰੇਟ ਦੇ ਮਾਮਲੇ 'ਚ ਵੀ ਵੀਰੂ ਸਚਿਨ ਤੋਂ ਅੱਗੇ ਹੈ। ਟੈਸਟ ਮੈਚਾਂ 'ਚ ਵੀਰੂ ਦੀ ਸਟ੍ਰਾਈਕ ਰੇਟ 82 ਤੋਂ ਜ਼ਿਆਦਾ ਹੈ ਅਤੇ ਦਿਨਾ ਮੈਚਾਂ 'ਚ 105 ਦੀ ਸਟ੍ਰਾਈਕ ਰੇਟ ਹੈ। ਉੱਥੇ ਸਚਿਨ ਦੀ ਟੈਸਟ 'ਚ 50 ਤੋਂ ਘੱਟ ਅਤੇ ਇਕ ਦਿਨਾ ਮੈਚਾਂ 'ਚ 86 ਦੀ ਸਟ੍ਰਾਈਕ ਰੇਟ ਹੈ।