ਸਖ਼ਤ ਸੁਰੱਖਿਆ ਪਹਿਰੇ ਹੇਠ ਮੁੰਬਈ ਪਹੁੰਚੇ ਬਰਾੜ
ਮੁੰਬਈ, 3 ਅਕਤੂਬਰ (ਏਜੰਸੀਆਂ)-ਸੇਵਾ-ਮੁਕਤ ਲੈਫਟੀਨੈਂਟ
ਜਨਰਲ ਕੁਲਦੀਪ ਸਿੰਘ ਬਰਾੜ ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਅੱਜ
ਆਪਣੀ ਪਤਨੀ ਨਾਲ ਮੁੰਬਈ ਪਹੁੰਚ ਗਏ ਹਨ। ਬੀਤੇ ਦਿਨੀ ਲੰਦਨ
ਵਿਚ ਹੋਏ ਇਕ ਹਮਲੇ ਵਿਚ ਬਰਾੜ ਜ਼ਖ਼ਮੀ ਹੋ ਗਏ ਸੀ। ਇਥੇ ਹਵਾਈ
ਅੱਡੇ ਤੋਂ ਬਾਹਰ ਆਉਂਦੇ ਹੋਏ ਬਰਾੜ ਦੀ ਪਤਨੀ ਮੀਨਾ ਨੇ ਕਿਹਾ
ਕਿ ਉਹ ਘਰ ਵਾਪਸ ਆਉਣ 'ਤੇ ਬੇਹੱਦ ਖੁਸ਼ ਹਨ। ਸਾਰਿਆਂ ਵਲੋਂ
ਜਤਾਈ ਗਈ ਚਿੰਤਾ ਲਈ ਉਨ੍ਹਾਂ ਨੇ ਸ਼ੁਕਰੀਆ ਅਦਾ ਕੀਤਾ। ਇਹ
ਪੁੱਛਣ 'ਤੇ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ
ਪਤੀ ਦੀ ਜਾਨ ਨੂੰ ਖਤਰਾ ਵਧ ਗਿਆ ਹੈ ਤੇ ਉਨ੍ਹਾਂ ਨੂੰ ਵਧੇਰੇ
ਸੁਰੱਖਿਆ ਦੀ ਲੋੜ ਹੈ, ਤਾਂ ਮੀਨਾ ਨੇ ਕਿਹਾ ਕਿ ਖਤਰਾ ਹਮੇਸ਼ਾ
ਬਣਿਆ ਰਹਿੰਦਾ ਹੈ ਅਤੇ ਬਣਿਆ ਰਹੇਗਾ। ਅਸਲ ਵਿਚ ਇਸ ਨਾਲ ਕੋਈ
ਫਰਕ ਨਹੀਂ ਪੈਂਦਾ ਵਾਧੂ ਸੁਰਖਿਆ ਦੀ ਕੋਈ ਲੋੜ ਨਹੀਂ ਹੈ।
ਬਰਾੜ ਦੀ ਧੌਣ ਤੇ ਗੱਲ੍ਹ 'ਤੇ ਪੱਟੀ ਬੰਨ੍ਹੀ ਹੋਈ ਸੀ। ਉਹ
ਲੰਦਨ ਤੋਂ ਆਪਣੀ ਪਤਨੀ ਨਾਲ ਬਾਅਦ ਦੁਪਹਿਰ ਇਥੇ ਪੁੱਜੇ।
ਉਨ੍ਹਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਤੱਕ ਸਖ਼ਤ ਸੁਰੱਖਿਆ
ਪਹਿਰੇ ਹੇਠ ਲਿਜਾਇਆ ਗਿਆ। ਉਨ੍ਹਾਂ ਦੀ ਅਗਵਾਈ ਲਈ ਸੀਨੀਅਰ
ਰਖਿਆ ਅਧਿਕਾਰੀ ਮੌਜੂਦ ਸਨ। ਸੂਤਰਾਂ ਅਨੁਸਾਰ ਸਰਕਾਰ ਜਨਰਲ
ਬਰਾੜ ਦੀ ਸੁਰੱਖਿਆ ਨੂੰ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਜਨਰਲ ਬਰਾੜ ਨੂੰ ਹਾਲੇ ਜ਼ੈਡ ਸੁਰੱਖਿਆ ਪ੍ਰਾਪਤ ਹੈ ਅਤੇ ਸਰਕਾਰ
ਉਸ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ 'ਤੇ ਵਿਚਾਰ ਕਰ ਰਹੀ ਹੈ।
ਇਸੇ ਦੌਰਾਨ ਐਤਵਾਰ ਰਾਤ ਨੂੰ ਜਨਰਲ ਬਰਾੜ 'ਤੇ ਹੋਏ ਹਮਲੇ ਦੀ
ਜਾਂਚ ਕਰ ਰਹੇ ਦਲ ਨੂੰ ਸ਼ੱਕ ਹੈ ਕਿ ਜਨਰਲ ਬਰਾੜ 'ਤੇ ਹਮਲੇ ਦੀ
ਸਾਜਿਸ਼ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਜਰਮਨੀ 'ਚ ਰਚੀ ਹੈ।
ਇੰਗਲੈਂਡ 'ਚ ਸਿੱਖ ਆਗੂਆਂ ਤੋਂ
ਪੁੱਛਗਿੱਛ
ਲੰਦਨ, 3 ਅਕਤੂਬਰ (PTI)-ਇੰਗਲੈਂਡ 'ਚ ਯੁਨਾਇਟਿਡ ਖਾਲਸਾ ਦਲ ਯੂ. ਕੇ. ਦੇ ਜਨਰਲ
ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਜਰਮਨੀ ਸਿੱਖ ਸੈਂਟਰ
ਫਰੈਂਕਫਰਟ ਵਿਖੇ ਹੋਈ ਪੰਥਕ ਕਾਨਫਰੰਸ ਤੋਂ ਵਾਪਸੀ ਮੌਕੇ
ਹੀਥਰੋ ਹਵਾਈ ਅੱਡੇ 'ਤੇ ਬਰਤਾਨਵੀ ਪੁਲਿਸ ਵੱਲੋਂ ਪੁੱਛ-ਪੜਤਾਲ
ਕੀਤੀ ਗਈ ਅਤੇ ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਅਤੇ ਡੀ. ਐਨ.
ਏ. ਟੈਸਟ ਲਈ ਸੈਂਪਲ ਲਏ ਗਏ। ਇਸੇ ਤਰ੍ਹਾਂ ਐਫ. ਐਸ. ਓ. ਦੇ
ਕੋਆਰਡੀਨੇਟਰ ਭਾਈ ਜੋਗਾ ਸਿੰਘ, ਜੋ ਇਸੇ ਕਾਨਫਰੰਸ ਤੋਂ ਵਾਪਸ
ਆ ਰਹੇ ਸਨ, ਤੋਂ ਵੀ ਬਰਮਿੰਘਮ ਹਵਾਈ ਅੱਡੇ 'ਤੇ ਪੁੱਛ-ਗਿੱਛ
ਕੀਤੀ ਗਈ ਹੈ। ਭਾਈ ਜੋਗਾ ਸਿੰਘ ਨੇ ਦੱਸਿਆ ਕਿ ਇਹ ਪੁੱਛਗਿੱਛ
ਆਮ ਕਰਕੇ ਹੁੰਦੀ ਹੀ ਰਹਿੰਦੀ ਹੈ, ਇਸ ਪੁੱਛਗਿੱਛ ਦਾ ਜ਼ਿਆਦਾ
ਹਿੱਸਾ ਪੰਥਕ ਕਾਰਜਾਂ ਦਾ ਹੀ ਹੁੰਦਾ ਹੈ, ਉਹਨਾਂ ਕਿਹਾ ਕਿ
ਅਸੀਂ ਜੋ ਵੀ ਪੰਥਕ ਕਾਰਜ ਕਰਦੇ ਹਾਂ, ਉਹ ਕਾਨੂੰਨ ਦੇ ਦਾਇਰੇ
ਅੰਦਰ ਰਹਿ ਕੇ ਹੀ ਕਰਦੇ ਹਾਂ, ਕਦੇ ਵੀ ਕਾਨੂੰਨ ਨੂੰ ਆਪਣੇ
ਹੱਥਾਂ ਵਿਚ ਨਹੀਂ ਲਿਆ। ਪਰ ਫਿਰ ਵੀ ਉਨ੍ਹਾਂ ਨੂੰ ਇਸ ਤਰ੍ਹਾਂ
ਤੰਗ ਪ੍ਰੇਸ਼ਾਨ ਅਕਸਰ ਹੀ ਕੀਤਾ ਜਾਂਦਾ ਹੈ। ਭਾਈ ਲਵਸ਼ਿੰਦਰ
ਸਿੰਘ ਡੱਲੇਵਾਲ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਹੀਥਰੋ ਹਵਾਈ
ਅੱਡੇ 'ਤੇ 4 ਘੰਟੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਯਾਦ ਰਹੇ ਕਿ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਬੀਤੇ
ਐਤਵਾਰ ਨੂੰ ਪੰਥਕ ਕਾਨਫਰੰਸ ਹੋਈ ਸੀ, ਜਿਸ 'ਚ ਸ਼੍ਰੋਮਣੀ
ਅਕਾਲੀ ਦਲ ਅੰਮ੍ਰਿਤਸਰ ਦੇ ਸ: ਸਿਮਰਨਜੀਤ ਸਿੰਘ ਮਾਨ ਨੇ ਵੀ
ਸੰਬੋਧਨ ਕੀਤਾ ਸੀ ਅਤੇ ਇਸ ਤੋਂ ਬਾਅਦ ਸ: ਮਾਨ ਇੰਗਲੈਂਡ
ਪਹੁੰਚ ਚੁੱਕੇ ਹਨ।
ਹਮਲੇ ਪਿੱਛੇ ਕਤਲ ਦੀ
ਨੀਅਤ-ਲੰਦਨ ਪੁਲਿਸ
ਲੰਦਨ, 3 ਅਕਤੂਬਰ (ਪੀ. ਟੀ. ਆਈ.)-ਅਪ੍ਰੇਸ਼ਨ ਬਲਿਊ ਸਟਾਰ
ਦੀ ਅਗਵਾਈ ਕਰਨ ਵਾਲੇ ਰਿਟਾ. ਜਨਰਲ ਕੇ ਐਸ ਬਰਾੜ 'ਤੇ ਬੀਤੇ
ਐਤਵਾਰ ਰਾਤ ਨੂੰ ਹੋਇਆ ਹਮਲਾ ਕਤਲ ਕਰਨ ਦੀ ਨੀਅਤ ਨਾਲ ਕੀਤਾ
ਗਿਆ ਸੀ। ਬਰਤਾਨਵੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ
ਸਪਸ਼ਟ ਹੈ ਕਿ ਹਮਲਾ ਕਰਨ ਵਾਲੇ ਚਾਰੇ ਵਿਅਕਤੀਆਂ ਲੰਬੀਆਂ
ਦਾੜੀਆਂ ਵਾਲੇ ਏਸ਼ੀਆਈ ਮੂਲ ਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ
ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਹਮਲਾਵਰਾਂ ਦੀਆਂ ਫੋਟੋ
ਜਾਂ ਸਕੈਚ ਜਾਰੀ ਕੀਤੇ ਜਾਣ ਜਾਂ ਨਹੀਂ। ਉਨ੍ਹਾਂ ਸਥਾਨਕ
ਲੋਕਾਂ ਨੂੰ ਜਾਂਚ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
No comments:
Post a Comment