ਨਵੀਂ ਦਿੱਲੀ(PTI)— ਇੰਡੀਆ ਅਗੇਂਸਟ ਕਰਪਸ਼ਨ ਦੇ ਆਗੂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਅੰਬਾਨੀ ਗਰੁੱਪ 'ਤੇ ਨਿਸ਼ਾਨਾ ਲਾਉਂਦਿਆਂ ਉਸ ਦੇ ਭਾਜਪਾ ਅਤੇ ਕਾਂਗਰਸ ਨਾਲ ਰਿਸ਼ਤਿਆਂ ਦਾ ਖੁਲਾਸਾ ਕੀਤਾ। ਦਿੱਲੀ 'ਚ ਇਕ ਪ੍ਰੈੱਸ ਕਾਂਨਫਰੰਸ ਦੌਰਾਨ ਜਿੱਥੇ ਨੀਰਾ ਰਾਡੀਆ ਅਤੇ ਅਟਲ ਬਿਹਾਰੀ ਵਾਜਪਾਈ ਦੇ ਦਾਮਾਦ ਰੰਜਨ ਭਟਾਚਾਰਿਆ ਦੀ ਗੱਲਬਾਤ ਦੇ 2 ਵੀਡੀਓ ਕਲਿੱਪ ਸੁਣਾਏ ਅਤੇ ਨਾਲ ਹੀ ਦਾਅਵਾ ਕੀਤਾ ਕਿ ਕਿਸ ਤਰ੍ਹਾਂ ਕਾਂਗਰਸ ਅਤੇ ਭਾਜਪਾ ਦੀ ਰਿਲਾਇੰਸ ਗਰੁੱਪ ਦੀ ਮੁੱਠੀ 'ਚ ਹਨ।
ਅੰਬਾਨੀ 'ਤੇ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਅੰਬਾਨੀ ਨੇ ਕਈ ਵਾਰ ਕਾਂਗਰਸ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅੰਬਾਨੀ ਗਰੁੱਪ ਨੇ ਗੈਸ ਦੀ ਜਮਾਖੋਰੀ ਕੀਤੀ ਅਤੇ ਸਰਕਾਰ ਨੂੰ ਬਲੈਕਮੇਲ ਕੀਤਾ। ਅੱਜ ਦੇਸ਼ 'ਚ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਉਸ ਲਈ ਰਿਲਾਇੰਸ ਗਰੁੱਪ ਜਿੰਮੇਵਾਰ ਹੈ। ਕੇਜਰੀਵਾਲ ਨੇ ਕਿਹਾ ਕਿ ਜਿਹੜੀ ਬਿਜਲੀ ਸਸਤੀ ਮਿਲਣੀ ਚਾਹੀਦੀ ਸੀ, ਉਹ ਅੱਜ ਉੱਚੀਆਂ ਕੀਮਤਾਂ 'ਤੇ ਲੋਕਾਂ ਨੂੰ ਮਿਲ ਰਹੀ ਹੈ। ਪ੍ਰੈੱਸ ਕਾਂਨਫਰੰਸ 'ਚ ਕੇਜਰੀਵਾਲ ਨੇ ਖੁਲਾਸਾ ਕੀਤਾ ਕਿ ਨੀਰਾ ਰਾਡੀਆ ਅਤੇ ਵਾਜਪਾਈ ਦੇ ਦਾਮਾਦ ਰੰਜਨ ਭਟਾਚਾਰੀਆ ਦੇ ਦਰਮਿਆਨ ਹੋਈ ਗੱਲਬਾਤ 'ਚ ਭਟਾਚਾਰੀਆ ਨੇ ਸਪਸ਼ਟ ਕਿਹਾ ਹੈ ਕਿ ਕਾਂਗਰਸ ਆਪਣੀ ਦੁਕਾਨ ਹੈ।