follow us on twitter
ਚੰਡੀਗੜ੍ਹ, (RTI) - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਫਿੱਕੀ ਵਲੋਂ ਕਰਵਾਏ ਚੌਥੇ ਗਲੋਬਲ ਖੇਡ ਸੰਮੇਲਨ 'ਟਰਫ 2012' ਦਾ ਉਦਘਾਟਨ ਕਰਦਿਆਂ ਦੇਸ਼ ਅੰਦਰ ਖੇਡਾਂ ਦੀ ਪ੍ਰਫੁੱਲਤਾ ਨੂੰ ਸਰਬਉੱਚ ਪਹਿਲ ਦਿੱਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੁਚੱਜੀ ਵਿਉਂਤਬੰਦੀ ਅਤੇ ਖੇਡ ਪ੍ਰਤਿਭਾਵਾਂ ਦੀ ਛੋਟੀ ਉਮਰੇ ਹੀ ਸ਼ਨਾਖਤ ਕਰਦਿਆਂ ਦੇਸ਼ ਦੇ ਓਲੰਪਿਕ ਤਮਗਿਆਂ ਦੀ ਗਿਣਤੀ ਨੂੰ 6 ਤੋਂ ਵਧਾ ਕੇ 60 ਕੀਤਾ ਜਾ ਸਕਦਾ ਹੈ। ਬਾਅਦ ਵਿਚ ਉਨ੍ਹਾਂ ਸਨਅਤਕਾਰਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਪੰਜਾਬ ਅੰਦਰ ਖੇਡਾਂ ਦੇ ਖੇਤਰ ਵਿਚ ਨਿਵੇਸ਼ ਦੇ ਉਪਲਬਧ ਮੌਕਿਆਂ ਤੋਂ ਜਾਣੂ ਕਰਵਾਉਂਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।  ਫਿੱਕੀ ਆਡੀਟੋਰੀਅਮ ਵਿਖੇ ਬਾਦਲ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਖੇਡ ਪਿੜ ਵਿਚ ਦੇਸ਼ ਦੀ ਸ਼ਾਨ ਨੂੰ ਕਾਇਮ ਕਰਨ ਲਈ ਵਧੇਰੇ ਵਚਨਬੱਧਤਾ ਨਾਲ ਪਹਿਲ ਕਦਮੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਾਡੇ 1.20 ਅਰਬ ਲੋਕਾਂ ਦੇ ਦੇਸ਼ ਵਿਚ ਖੇਡਾਂ ਦਾ ਕੌਮੀ ਬਜਟ ਮਹਿਜ 700 ਕਰੋੜ ਰੁਪਏ ਹੈ ਅਤੇ ਅਸੀਂ ਰਾਸ਼ਟਰ ਮੰਡਲ ਖੇਡਾਂ ਜਿਹੇ ਮੁਕਾਬਲਿਆਂ ਦੇ ਆਯੋਜਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਇਹ ਪਹੁੰਚ ਸਪੱਸ਼ਟ ਕਰਦੀ ਹੈ ਕਿ ਅਸੀਂ ਦੇਸ਼ ਅੰਦਰ ਖੇਡਾਂ ਨੂੰ ਉਤਸ਼ਾਹਿਤ, ਲੋੜੀਂਦੇ ਖੇਡ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਦੇਸ਼ ਅੰਦਰ ਇਕ ਨਿਵੇਕਲਾ ਖੇਡ ਸੱਭਿਆਚਾਰ ਵਿਕਸਤ ਕਰਨ ਪ੍ਰਤੀ ਸੰਜੀਦਾ ਨਹੀਂ ਹਾਂ। ਉਨ੍ਹਾਂ ਕੌਮੀ ਖੇਡ ਬਜਟ ਨੂੰ ਘੱਟੋ-ਘੱਟ 10,000 ਕਰੋੜ ਰੁਪਏ ਕਰਨ ਦੀ ਮੰਗ ਕਰਦਿਆਂ ਦੇਸ਼ ਅੰਦਰ ਉਭਰ ਰਹੇ ਖਿਡਾਰੀਆਂ ਲਈ ਸਿੱਖਿਆ ਅਤੇ ਰੋਜ਼ਗਾਰ, ਦੋਹਾਂ ਹੀ ਖੇਤਰਾਂ ਵਿਚ ਬਿਹਤਰ ਵਿਵਸਥਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਮੌਕੇ ਦੇਸ਼ ਦੇ ਉਘੇ ਸਨਅਤਕਾਰਾਂ ਅਤੇ ਵਪਾਰਕ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ-ਇਕ ਖੇਡ ਨੂੰ ਅਪਨਾਉਣ।