ਬੰਗਲੌਰ - ਪੰਜਾਬ ਨੇ ਆਤਮਘਾਤੀ ਗੋਲ ਦੀ ਮਦਦ ਨਾਲ ਅੱਜ ਇੱਥੇ ਏਅਰ ਇੰਡੀਆ ਨੂੰ 2-1 ਨਾਲ ਹਰਾ ਕੇ ਦੂਸਰੀ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਪਹਿਲੇ ਹਾਫ ਵਿਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੰਜਾਬ ਨੇ ਦੂਸਰੇ ਹਾਫ ਦੇ ਸ਼ੁਰੂ ਵਿਚ ਹੀ 36ਵੇਂ ਮਿੰਟ ਵਿਚ ਪ੍ਰਭਦੀਪ ਸਿੰਘ ਦੇ ਗੋਲ ਨਾਲ ਬੜ੍ਹਤ ਬਣਾਈ। ਏਅਰ ਇੰਡੀਆ ਲਈ ਇਸ ਦੇ ਦੋ ਮਿੰਟ ਬਾਅਦ ਹੀ ਵਿਨੇ ਵੋਕਾਲਿਗਾ ਨੇ ਪੈਨਲਟੀ ਕਾਰਨਰ 'ਤੇ ਬਰਾਬਰੀ ਦਾ ਗੋਲ ਕੀਤਾ। ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ, ਜਿਸ ਕਾਰਨ ਮੈਚ ਵਾਧੂ ਸਮੇਂ ਤਕ ਖਿੱਚਿਆ ਗਿਆ ਪਰ ਇਸਦੇ ਦੂਸਰੇ ਮਿੰਟ ਵਿਚ ਹੀ ਗੁਰਬਾਜ ਸਿੰਘ ਦਾ ਸੱਜੇ ਪਾਸੇ ਤੋਂ ਲਗਾਇਆ ਗਿਆ ਕਰਾਰਾ ਸ਼ਾਟ  ਡਿਫੈਂਡਰ ਜੋਗਾ ਸਿੰਘ ਦੀ ਸਟਿਕ ਨਾਲ ਲੱਗ ਕੇ ਗੋਲ ਵਿਚ ਚਲਾ ਗਿਆ ਤੇ ਇਸ ਤਰ੍ਹਾਂ ਨਾਲ ਪੰਜਾਬ ਚੈਂਪੀਅਨ ਬਣ ਗਿਆ।  ਕਰਨਾਟਕ ਨੇ ਹਰਿਆਣਾ ਨੂੰ ਹਰਾ ਕੇ ਤੀਸਰਾ ਸਥਾਨ ਕੀਤਾ ਹਾਸਲ¸ਕਰਨਾਟਕ ਅੱਜ ਇੱਥੇ ਹਾਕੀ ਇੰਡੀਆ ਦੀ ਦੂਸਰੀ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪਿਛਲੇ ਚੈਂਪੀਅਨ ਹਰਿਆਣਾ ਨੂੰ 2-1 ਨਾਲ ਹਰਾ ਕੇ ਤੀਸਰੇ ਸਥਾਨ 'ਤੇ ਰਿਹਾ। ਕਰਨਾਟਕ ਦੇ ਹਰੇਕ ਹਾਫ ਵਿਚ ਐੱਮ. ਬੀ. ਉਥੱਪਾ ਤੇ ਕਪਤਾਨ ਵੀ. ਆਰ. ਰਘੁਨਾਥ ਨੇ ਇਕ-ਇਕ ਗੋਲ ਕੀਤੇ। 'ਮੈਨ ਆਫ ਦਿ ਮੈਚ' ਉਥੱਪਾ ਨੇ 24ਵੇਂ ਤੇ ਰਘੁਨਾਥ ਨੇ 41ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਹਰਿਆਣਾ ਲਈ ਕਪਤਾਨ ਸਰਦਾਰ ਸਿੰਘ ਨੇ 60ਵੇਂ ਮਿੰਟ ਵਿਚ ਗੋਲ ਕਰਕੇ ਇਸ ਫਰਕ ਨੂੰ ਘੱਟ ਕੀਤਾ।