ਅਦਾਲਤ 'ਚ ਦਿੱਤਾ ਬਿਆਨ
ਫਰੀਦਕੋਟ— ਪਿਛਲੇ ਮਹੀਨੇ ਕਥਿਤ ਤੌਰ 'ਤੇ ਅਗਵਾ ਕਰਕੇ ਗੋਆ ਤੋਂ ਲਿਜਾਈ ਗਈ 15 ਸਾਲਾ ਲੜਕੀ ਸ਼ਰੂਤੀ ਨੂੰ ਮੰਗਲਵਾਰ ਨੂੰ ਇਥੋਂ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਸ਼ਰੂਤੀ ਨੇ ਅਦਾਲਤ 'ਚ ਮੈਡੀਕਲ ਕਰਾਉਣ ਤੋਂ ਸਾਫ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਸਨੇ ਆਪਣੇ ਕਥਿਤ ਅਗਵਾਕਾਰ ਨਾਲ ਵਿਆਹ ਕਰ ਲਿਆ ਹੈ ਅਰਥਾਤ ਉਹ ਨਿਸ਼ਾਨ ਦੀ 'ਪਤਨੀ' ਹੈ। ਸ਼ਰੂਤੀ ਅਤੇ ਉਸਦੇ ਕਥਿਤ ਅਗਵਾਕਾਰ ਨਿਸ਼ਾਨ ਸਿੰਘ ਨੂੰ ਮੁੱਖ ਨਿਆਇਕ ਮੈਜਿਸਟ੍ਰੇਟ ਰਜਨੀਸ਼ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਲੜਕੀ ਵਲੋਂ ਮੈਡੀਕਲ ਜਾਂਚ ਤੋਂ ਇਨਕਾਰ ਕਰਨ ਪਿੱਛੋਂ ਜੱਜ ਨੇ ਉਸ ਨੂੰ ਨਾਰੀ ਨਿਕੇਤਨ ਭੇਜਣ ਦਾ ਹੁਕਮ ਦੇ ਦਿੱਤਾ।
10ਵੀਂ ਕਲਾਸ ਦੀ ਇਸ ਵਿਦਿਆਰਥਣ ਨੂੰ ਨਿਸ਼ਾਨ ਸਿੰਘ ਸਮੇਤ ਗੋਆ ਤੋਂ ਦਿੱਲੀ ਹੁੰਦੇ ਹੋਏ ਮੰਗਲਵਾਰ ਸਵੇਰੇ ਫਰੀਦਕੋਟ ਲਿਆਂਦਾ ਗਿਆ। ਨਿਸ਼ਾਨ ਸਿੰਘ ਨੇ 24 ਸਤੰਬਰ ਨੂੰ ਕੁਝ ਲੋਕਾਂ ਨਾਲ ਮਿਲ ਕੇ ਬੰਦੂਕ ਦੀ ਨੋਕ 'ਤੇ ਉਸ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਸੀ।
ਲੜਕੀ ਨੂੰ ਲੱਭਣ 'ਚ ਪੁਲਸ ਦੀ ਕਥਿਤ ਅਸਫਲਤਾ ਵਿਰੁੱਧ ਕਾਂਗਰਸ ਸਣੇ ਕਈ ਸੰਗਠਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਖਤ ਸੁਰੱਖਿਆ ਦਰਮਿਆਨ ਅਦਾਲਤ ਦੀ ਕਾਰਵਾਈ ਚੱਲੀ। ਅਦਾਲਤ 'ਚ ਲੜਕੀ ਦੇ ਮਾਤਾ ਪਿਤਾ ਦੀ ਮੌਜੂਦਗੀ 'ਚ ਉਸਦੇ ਬਿਆਨ ਲਏ ਗਏ।
ਪਰਿਵਾਰਕ ਸੂਤਰਾਂ ਅਨੁਸਾਰ ਲੜਕੀ ਨੇ ਪਹਿਲਾਂ ਅਦਾਲਤ ਨੂੰ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਨਾਲ ਜਾਣ ਲਈ ਤਿਆਰ ਹੈ ਪਰ ਬਾਅਦ 'ਚ ਉਹ ਇਸ ਤੋਂ ਪਲਟ ਗਈ। ਉਸ ਨੇ ਮੈਡੀਕਲ ਕਰਾਉਣ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਉਸਨੇ ਆਪਣੇ ਅਗਵਾਕਾਰ ਨਿਸ਼ਾਨ ਸਿੰਘ ਨਾਲ ਵਿਆਹ ਕਰ ਲਿਆ ਹੈ। ਫਰੀਦਕੋਟ ਦੇ ਸੀਨੀਅਰ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਛੇਤੀ ਹੀ ਦੋਵਾਂ ਦੋਸ਼ੀਆਂ ਨਵਜੋਤ ਕੌਰ ਅਤੇ ਜਿੰਪੀ ਸਮਰਾ ਨੂੰ ਗ੍ਰਿਫਤਾਰ ਕਰ ਲਵੇਗੀ।