jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਬਾਦਲ ਵੱਲੋਂ ਡਾ: ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦੀ ਜਲੰਧਰ ਤੋਂ ਸ਼ੁਰੂਆਤ

www.sabblok.blogspot.com

ਸਕੀਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ-ਸੁਖਬੀਰ



ਜਸਪਾਲ ਸਿੰਘ
ਜਲੰਧਰ, 8 ਨਵੰਬਰ -ਹੋਣਹਾਰ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਾ: ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦੀ ਰਸਮੀ ਸ਼ੁਰੂਆਤ ਜਲੰਧਰ ਤੋਂ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਕੀਮ ਨੂੰ ਗਰੀਬਾਂ ਤੇ ਖਾਸ ਕਰ ਦਲਿਤ ਪਰਿਵਾਰਾਂ ਦੇ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਦੱਸਿਆ | ਅੱਜ ਇਥੇ ਪੀ. ਏ. ਪੀ. ਕੰਪਲੈਕਸ ਵਿਖੇ ਪੰਜਾਬ ਭਰ ਤੋਂ ਆਏ 3304 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਇਕ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਸਕੀਮ ਨਾਲ ਨਿੱਜੀ ਸਕੂਲਾਂ 'ਚ ਪੜ੍ਹਨ ਵਾਲੇ ਅਤੇ ਗਰੀਬ ਬੱਚਿਆਂ ਵਿਚਕਾਰਲੇ ਪਾੜੇ ਨੂੰ ਖਤਮ ਕੀਤਾ ਜਾ ਸਕੇਗਾ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 80 ਫੀਸਦੀ ਤੋਂ ਉੱਪਰ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਸਾਲਾਨਾ 30 ਹਜ਼ਾਰ ਵਜ਼ੀਫਾ ਮਿਲੇਗਾ, ਜਿਸ ਨਾਲ ਉਹ ਆਰਥਿਕ ਪੱਖੋਂ ਬੇਫਿਕਰ ਹੋ ਕੇ ਪੜ੍ਹਾਈ ਕਰ ਸਕਣਗੇ | ਸ: ਬਾਦਲ ਨੇ ਕਿਹਾ ਕਿ ਅੱਜ ਸਨਮਾਨਤ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ 90 ਫੀਸਦੀ ਤੋਂ ਉੱਪਰ ਅੰਕ ਲੈਣ ਵਾਲੇ ਹਨ ਤੇ ਜੇਕਰ ਸਰਕਾਰੀ ਸਕੂਲਾਂ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਅਤੇ ਵਧੀਆ ਮਾਹੌਲ ਦਿੱਤਾ ਜਾਵੇ ਤਾਂ ਇਹ ਹੋਰ ਵੀ ਅੱਗੇ ਵੱਧ ਸਕਦੇ ਹਨ ਤੇ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਲਦ ਹੀ 6 ਵੱਡੇ ਸ਼ਹਿਰਾਂ ਵਿਚ ਅਜਿਹੇ ਸਕੂਲ ਖੋਲ੍ਹੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਅੱਜ ਦੇ ਸਮੇਂ ਕੋਈ ਸਿਫਾਰਿਸ਼ ਨਹੀਂ ਚੱਲਦੀ ਤੇ ਇਨਸਾਨ ਦੀ ਕਾਬਲੀਅਤ ਹੀ ਉਸ ਲਈ ਤਰੱਕੀ ਦੇ ਰਾਹ ਖੋਲ੍ਹ ਸਕਦੀ ਹੈ | ਉਨ੍ਹਾਂ ਕਿਹਾ ਕਿ ਅੱਜ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਲੜਕੀਆਂ ਹਨ ਤੇ ਜੇਕਰ ਲੜਕਿਆਂ ਨੇ ਮਿਹਨਤ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਲੜਕੀਆਂ ਦੀ ਥਾਂ ਉਨ੍ਹਾਂ ਨੂੰ ਰਸੋਈ ਦਾ ਕੰਮ ਕਰਨਾ ਪਵੇ |
ਇਸ ਮੌਕੇ ਉਨ੍ਹਾਂ ਇਕ ਵਾਰ ਫਿਰ ਕੇਂਦਰ 'ਤੇ ਪੰਜਾਬ ਨਾਲ ਮਤਰੇਆ ਸਲੂਕ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਰੇ ਅਧਿਕਾਰ ਕੇਂਦਰ ਵਲੋਂ ਆਪਣੇ ਕੋਲ ਰੱਖਣ ਕਾਰਨ ਪੰਜਾਬ ਨੂੰ ਛੋਟੇ-ਮੋਟੇ ਕੰਮਾਂ ਲਈ ਵੀ ਕੇਂਦਰ ਵੱਲ ਦੇਖਣਾ ਪੈਂਦਾ ਹੈ | ਪਿਆਜ਼ ਤੇ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ 'ਤੇ ਟਕੋਰ ਕਰਦਿਆਂ ਉਨ੍ਹਾਂ ਮਹਿੰਗਾਈ ਲਈ ਵੀ ਕੇਂਦਰ ਨੂੰ ਕੋਸਿਆ | ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਹੋਰਨਾਂ ਆਗੂਆਂ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਡਾ. ਹਰਗੋਬਿੰਦ ਸਕੀਮ ਤਹਿਤ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਹੋਣਹਾਰ 21 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਨਮਾਨਿਤ ਕੀਤਾ |
ਪੰਜਾਬ ਦੇਸ਼ ਦਾ ਪਹਿਲਾ ਸੂਬਾ-ਸੁਖਬੀਰ
ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ:ਹਰਗੋਬਿੰਦ ਖੁਰਾਣਾ ਸਕੀਮ ਨੂੰ ਹੁਣ ਤੱਕ ਦੀਆਂ ਪੰਜਾਬ ਸਰਕਾਰ ਵਲੋਂ ਚਲਾਈਆਂ ਸਾਰੀਆਂ ਸਕੀਮਾਂ ਨਾਲੋਂ ਬਿਹਤਰ ਦੱਸਦਿਆਂ ਕਿਹਾ ਕਿ ਇਹ ਸਕੀਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦੇ ਪਹਿਲਾ ਸੂਬਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਸਾਲ ਇਸ ਸਕੀਮ ਤਹਿਤ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵਲੋਂ ਕਾਲਜ 'ਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਸਰਕਾਰ ਵਲੋਂ ਪਹਿਲਾਂ ਤੋਂ ਹੀ ਵਜ਼ੀਫੇ ਦਿੱਤੇ ਜਾ ਰਹੇ ਹਨ ਤੇ ਹੁਣ ਤੱਕ ਵੱਡੀ ਗਿਣਤੀ 'ਚ ਬੱਚੇ ਇਸ ਦਾ ਫਾਇਦਾ ਲੈ ਚੁੱਕੇ ਹਨ | ਇਸ ਮੌਕੇ ਵਿਰੋਧੀ ਧਿਰ ਵਲੋਂ ਖਜ਼ਾਨਾ ਖਾਲੀ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਝੂਠਾ ਤੇ ਬੇਬੁਨਿਆਦ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦੀ ਮਾਲੀ ਹਾਲਤ ਵਧੀਆ ਹੈ ਤੇ ਅਨੇਕਾਂ ਵਿਕਾਸ ਕੰਮ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਥਰਮਲ ਪਾਵਰ ਪਲਾਂਟ ਚਾਲੂ ਹੁੰਦੇ ਹੀ ਪੰਜਾਬ 'ਚ ਬਿਜਲੀ ਦੀ ਕੋਈ ûੜ ਨਹੀਂ ਰਹਿ ਜਾਵੇਗੀ ਤੇ ਇਕ ਮਿੰਟ ਲਈ ਬਿਜਲੀ ਨਹੀਂ ਜਾਵੇਗੀ |
ਖਾਲੀ ਆਸਾਮੀਆਂ ਭਰੀਆਂ ਜਾਣਗੀਆਂ
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਤਰਜ਼ੀਹ ਸਿੱਖਿਆ ਹੈ ਤੇ ਇਸ ਸਬੰਧੀ ਜਿੱਥੇ ਸਰਕਾਰ ਵੱਲੋਂ ਸਕੂਲਾਂ 'ਚ ਮੁੱਢਲਾ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਆਉਂਦੇ 3-4 ਮਹੀਨਿਆਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਵੀ ਭਰ ਦਿੱਤੀਆਂ ਜਾਣਗੀਆਂ | ਉਨ੍ਹਾਂ ਡਾ: ਹਰਗੋਬਿੰਦ ਖੁਰਾਣਾ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਸਕੀਮ ਦੇ ਸਾਰਥਕ ਸਿੱਟੇ ਸਾਹਮਣੇ ਆਉਣਗੇ |
ਇਸ ਮੌਕੇ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਤੇ ਸ੍ਰੀ ਕੇ. ਡੀ. ਭੰਡਾਰੀ ਨੇ ਵੀ ਆਪਣੇ ਵਿਚਾਰ ਰੱਖੇ | ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਜੀ ਆਇਆਂ ਆਖਿਆ | ਮੰਚ ਦਾ ਸੰਚਾਲਨ ਡਾ: ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ | ਸਮਾਗਮ 'ਚ ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਪਵਨ ਟੀਨੂੰ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਸੋਹਣ ਸਿੰਘ ਠੰਡਲ, ਸਰਬਜੀਤ ਸਿੰਘ ਮੱਕੜ, ਨਗਰ ਨਿਗਮ ਦੇ ਮੇਅਰ ਸੁਨੀਲ ਜੋਤੀ, ਗੁਰਚਰਨ ਸਿੰਘ ਚੰਨੀ, ਪਰਮਜੀਤ ਸਿੰਘ ਰਾਏਪੁਰ, ਸੁਖਮਿੰਦਰ ਸਿੰਘ ਰਾਜਪਾਲ ਤੇ ਗੁਰਪ੍ਰਤਾਪ ਸਿੰਘ ਪਨੂੰ ਆਦਿ ਵੀ ਮੌਜੂਦ ਸਨ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ |
ਮੋਦੀ ਦੀ ਸੁਰੱਖਿਆ ਲਈ ਕਦਮ ਚੁੱਕੇ ਜਾਣ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ | ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਲੱਗ ਰਹੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਦੇ ਆਗੂ ਹੀ ਉਨ੍ਹਾਂ ਨੂੰ ਫਸਾਉਣਾ ਚਾਹੁੰਦੇ ਹਨ | ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਵੈਰ-ਵਿਰੋਧ ਦੀ ਰਾਜਨੀਤੀ ਵਿਚ ਵਿਸ਼ਵਾਸ਼ ਨਹੀਂ ਰੱਖਿਆ ਤੇ ਨਾ ਹੀ ਬਦਲਾਖੋਰੀ ਤਹਿਤ ਕਿਸੇ ਆਗੂ ਨੂੰ ਨਿਸ਼ਾਨਾ ਬਣਾਇਆ ਹੈ | ਹਾਲਾਂ ਕਿ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਮਾਮਲਿਆਂ 'ਚ ਫਸਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਅਜਿਹੀ ਸੋਚ ਨਹੀਂ ਰੱਖੀ | ਇਸ ਮੌਕੇ ਉਨ੍ਹਾਂ ਵਪਾਰੀਆਂ ਤੇ ਸਨਅਤਕਾਰਾਂ ਦੇ ਮਾਮਲੇ ਵੀ ਜਲਦ ਹੱਲ ਕਰ ਲੈਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਸਨਅਤਾਂ ਦੇ ਵਿਕਾਸ ਲਈ ਯਤਨਸ਼ੀਲ ਹੈ |
ਜਦੋਂ ਮਜੀਠੀਆ ਦੇ ਨਾਂਅ 'ਤੇ ਗੁੱਸੇ 'ਚ ਆਏ ਬਾਦਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਬਾਦਲ ਲਗਾਤਾਰ ਵੈਰ-ਵਿਰੋਧ ਦੀ ਰਾਜਨੀਤੀ ਛੱਡ ਕੇ ਉਸਾਰੂ ਪਹੁੰਚ ਦੀ ਲੋੜ 'ਤੇ ਜ਼ੋਰ ਦੇ ਰਹੇ ਸਨ ਤੇ ਇਸ ਕੰਮ ਲਈ ਉਨ੍ਹਾਂ ਸਾਰੀਆਂ ਰਾਜਸੀ ਧਿਰਾਂ ਦੇ ਨਾਲ-ਨਾਲ ਮੀਡੀਆ ਨੂੰ ਵੀ ਅਪੀਲ ਕੀਤੀ ਪਰ ਪੱਤਰਕਾਰਾਂ ਵਲੋਂ ਵਾਰ-ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਆਗੂਆਂ ਖਿਲਾਫ ਲੱਗ ਰਹੇ ਦੋਸ਼ਾਂ ਤੇ ਖਾਸ ਕਰ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲੋਂ ਉਠਾਏ ਜਾ ਰਹੇ ਮਾਮਲੇ ਦਾ ਹਵਾਲਾ ਦਿੱਤਾ ਤਾਂ ਉਹ ਭੜਕ ਪਏ ਤੇ ਉਨ੍ਹਾਂ ਸਾਫ ਕਿਹਾ ਕਿ ਮਜੀਠੀਏ ਦੀ ਮਜੀਠੀਆ ਜਾਣੇ, ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ |
ਭੰਡਾਰੀ ਤੇ ਜੋਤੀ ਤੋਂ ਇਲਾਵਾ ਹੋਰ ਕੋਈ ਭਾਜਪਾ ਆਗੂ ਨਾ ਪੁੱਜਾ
ਸੂਬਾ ਪੱਧਰੀ ਇਸ ਸਮਾਗਮ 'ਚ ਮੁੱਖ ਸੰਸਦੀ ਸਕੱਤਰ ਸ੍ਰੀ ਕੇ. ਡੀ. ਭੰਡਾਰੀ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੁਨੀਲ ਜੋਤੀ ਤੋਂ ਇਲਾਵਾ ਭਾਜਪਾ ਦਾ ਕੋਈ ਵੀ ਸੀਨੀਅਰ ਆਗੂ ਮੰਚ 'ਤੇ ਮੌਜੂਦ ਨਹੀਂ ਸੀ | ਹਾਲਾਂਕਿ ਇਸ਼ਤਿਹਾਰੀ ਬੋਰਡਾਂ 'ਤੇ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀ ਤਸਵੀਰ ਅਤੇ ਉਨ੍ਹਾਂ ਦੀ ਕੁਰਸੀ ਵੀ ਉਪ ਮੁੱਖ ਮੰਤਰੀ ਦੇ ਨਾਲ ਲਗਾਈ ਗਈ ਸੀ ਪਰ ਇਸ ਦੇ ਬਾਵਜੂਦ ਉਹ ਸਮਾਗਮ 'ਚ ਨਹੀਂ ਪੁੱਜੇ |
ਡਾ: ਹਰਗੋਬਿੰਦ ਖੁਰਾਣਾ ਦੀ ਤਸਵੀਰ ਲਾਉਣੀ ਭੁੱਲੇ
ਡਾ: ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦੀ ਸ਼ੁਰੂਆਤ ਮੌਕੇ ਪੀ. ਏ. ਪੀ. ਕੰਪਲੈਕਸ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਮੰਚ ਦੇ ਪਿੱਛੇ ਲਗਾਏ ਗਏ ਹੋਰਡਿੰਗ 'ਤੇ ਰਾਜਸੀ ਆਗੂਆਂ ਦੀਆਂ ਤਸਵੀਰਾਂ ਤਾਂ ਸਨ ਪਰ ਜਿਸ ਮਹਾਨ ਵਿਗਿਆਨੀ ਡਾ: ਹਰਗੋਬਿੰਦ ਖੁਰਾਣਾ ਦੇ ਨਾਂਅ 'ਤੇ ਪੰਜਾਬ ਸਰਕਾਰ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਇਹ ਵਜ਼ੀਫਾ ਸਕੀਮ ਸ਼ੁਰੂ ਕੀਤੀ ਗਈ ਉਸ ਦੀ ਤਸਵੀਰ ਹੀ ਨਹੀਂ ਸੀ। ਇਸ ਸਬੰਧੀ ਪੁੱਛਣ 'ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਗਿਆ ਪਰ ਸਾਡੇ ਮਨ 'ਚ ਉਨ੍ਹਾਂ ਲਈ ਸਤਿਕਾਰ ਹੈ ਤੇ ਇਸੇ ਲਈ ਇੰਨੀ ਵੱਡੀ ਸਕੀਮ ਉਨ੍ਹਾਂ ਦੇ ਨਾਂਅ 'ਤੇ ਸ਼ੁਰੂ ਕੀਤੀ ਗਈ ਹੈ।

No comments: