
ਕੈਲੀਫੋਰਨੀਆ, 4 ਨਵੰਬਰ (ਹੁਸਨ ਲੜੋਆ ਬੰਗਾ)-ਯੂਬਾ ਸਿਟੀ, ਕੈਲੀਫੋਰਨੀਆ ਵਿਚ ਐਤਵਾਰ ਨੂੰ 34ਵੇਂ ਨਗਰ ਕੀਰਤਨ ਵਿਚ ਦੁਨੀਆ ਭਰ 'ਚੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ | 1980 ਵਿਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਬਜ਼ੁਰਗ ਸਿੱਖ ਆਗੂ ਸ: ਦੀਦਾਰ ਸਿੰਘ ਬੈਂਸ ਨੇ ਕੀਤੀ ਸੀ | ਰਵਾਇਤ ਮੁਤਾਬਿਕ ਐਤਕਾਂ ਵੀ 16 ਸਤੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋਈ, ਜਿਸ ਦੇ 3 ਨਵੰਬਰ ਨੂੰ ਭੋਗ ਪਾਏ ਗਏ | ਇਸ ਉਪਰੰਤ ਕੀਰਤਨ ਦਰਬਾਰ 21 ਅਕਤੂਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਚੱਲਿਆ | ਇਸ ਕੀਰਤਨ ਸਮਾਗਮ ਵਿਚ ਪਹੁੰਚਣ ਵਾਲੇ ਰਾਗੀਆਂ ਵਿਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲੇ, ਭਾਈ ਤਾਰਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ, ਗਿਆਨੀ ਗੁਰਮੁੱਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਤੇ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਕਥਾਵਾਚਕਾਂ ਤੇ ਢਾਡੀਆਂ ਆਦਿ ਨੇ ਕੀਰਤਨ ਸਮਾਗਮ ਵਿਚ ਭਰਵੀਂ ਹਾਜ਼ਰੀ ਦਿੱਤੀ | ਸ਼ੁੱਕਰਵਾਰ ਨੂੰ ਗੁਰਤਾਗੱਦੀ ਦੀ ਖੁਸ਼ੀ ਵਿਚ ਪ੍ਰਬੰਧਕਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਬਾਕੀ ਭਾਈਚਾਰਿਆਂ ਨੇ ਵੀ ਆਨੰਦ ਮਾਣਿਆ | ਸਨਿਚਰਵਾਰ ਨੂੰ ਇਕ ਵਿਸ਼ੇਸ਼ ਕਵੀ ਦਰਬਾਰ ਵੀ ਹੋਇਆ ਜੋ ਨਿਰੋਲ ਧਾਰਮਿਕ ਸੀ ਤੇ ਗੁਰੂ ਸਾਹਿਬਾਨਾਂ ਦੀ ਉਸਤਤ ਵਿਚ ਸੀ | ਇਨ੍ਹਾਂ ਦੀਵਾਨਾਂ ਦੌਰਾਨ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਵੀ 31 ਅਕਤੂਬਰ ਨੂੰ ਮਨਾਇਆ ਗਿਆ, ਜਿਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ | ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਰੈਣ ਸਬਾਈ ਕੀਰਤਨ ਦਰਬਾਰ ਹੋਇਆ |




No comments:
Post a Comment