ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਦਿੱਲੀ ਮੰਤਰੀ ਮੰਡਲ ਨੇ ਅੱਜ ਜਨ ਲੋਕਪਾਲ ਬਿੱਲ ਨੂੰ ਪਾਸ ਕਰ ਦਿੱਤਾ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿੱਲ ਪਾਸ ਹੋਣ 'ਤੇ ਲੋਕਾਂ ਨੂੰ ਧੰਨਵਾਦ ਕੀਤਾ ਹੈ | ਇਸ ਬਿੱਲ ਦੀ ਖਾਸੀਅਤ ਇਹ ਹੈ ਕਿ ਇਸ ਬਿੱਲ ਦੇ ਦਾਇਰੇ 'ਚ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਵੀ ਹੋਣਗੇ | ਕਿਸੇ ਨੂੰ ਵੀ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾਵੇਗਾ | ਦਿੱਲੀ ਸਰਕਾਰ ਬਿੱਲ ਨੂੰ ਸਿੱਧਾ ਵਿਧਾਨ ਸਭਾ ਭੇਜੇਗੀ | ਇਸ ਨੂੰ ਕੇਂਦਰ ਕੋਲ ਨਹੀਂ ਭੇਜਿਆ ਜਾਵੇਗਾ | ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਬੀਤੇ ਦਿਨੀਂ ਦਿੱਲੀ ਕੈਬਨਿਟ ਦੀ ਬੈਠਕ 'ਚ ਬਿੱਲ ਦੇ ਮਸੌਦੇ 'ਤੇ ਚਰਚਾ ਕੀਤੀ ਗਈ ਜਿਸ 'ਚ ਦੋਸ਼ੀ ਪਾਏ ਜਾਣ 'ਤੇ ਅਧਿਕਾਰੀਆਂ ਦੀ ਸੰਪਤੀ ਜ਼ਬਤ ਕਰਨ, ਉਨ੍ਹਾਂ ਨੂੰ ਸੇਵਾ ਮੁਕਤ ਦੀ ਪੈਨਸ਼ਨ ਆਦਿ ਸੁਵਿਧਾਵਾਂ ਤੋਂ ਖਾਰਜ ਕੀਤੇ ਜਾਣ ਦੀ ਵਿਵਸਥਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਸਹਿਤ ਡੀ.ਡੀ.ਏ., ਐੱਨ. ਡੀ. ਐੱਮ. ਸੀ. ਅਤੇ ਦਿੱਲੀ ਪੁਲਿਸ ਨੂੰ ਵੀ ਬਿੱਲ ਦੇ ਦਾਇਰੇ 'ਚ ਸ਼ਾਮਿਲ ਕੀਤਾ ਗਿਆ ਹੈ | ਇਸ ਵਿਵਸਥਾ 'ਤੇ ਕੇਂਦਰ ਇਤਰਾਜ਼ ਦਰਜ ਕਰਵਾ ਸਕਦਾ ਹੈ ਕਿਉਂਕਿ ਤਿੰਨਾਂ ਹੀ ਏਜੰਸੀਆਂ (ਡੀ. ਡੀ. ਏ., ਐੱਨ. ਡੀ. ਐੱਮ. ਸੀ. ਅਤੇ ਦਿੱਲੀ ਪੁਲਿਸ) ਦੀ ਜਵਾਬਦੇਹੀ ਸਿੱਧੇ ਤੌਰ 'ਤੇ ਗ੍ਰਹਿ ਮੰਤਰਾਲੇ ਦੇ ਅੰਤਰਗਤ ਆਉਂਦੀ ਹੈ | ਪੀ. ਡਬਲਯੂ. ਡੀ. ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੈਬਨਿਟ ਨੇ 13 ਫਰਵਰੀ ਤੋਂ 16 ਫਰਵਰੀ ਤੱਕ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦਾ ਫੈਸਲਾ ਕੀਤਾ ਹੈ ਅਤੇ ਸਦਨ ਦੇ ਇਜਲਾਸ ਦਾ ਅੰਤਿਮ ਦਿਨ ਇੰਦਰਾ ਗਾਂਧੀ ਸਟੇਡੀਅਮ 'ਚ ਚੱਲੇਗਾ ਜਿਥੇ ਆਮ ਜਨਤਾ ਨੂੰ ਵੀ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇਗਾ | ਅਧਿਕਾਰੀਆਂ ਨੇ ਕਿਹਾ ਕਿ ਵਿਧਾਨ ਸਭਾ ਇਜਲਾਸ ਬੁਲਾਉਣ 'ਤੇ ਉਪ ਰਾਜਪਾਲ ਨਜੀਬ ਜੰਗ ਦੀ ਸਹਿਮਤੀ ਮਿਲਣੀ ਜ਼ਰੂਰੀ ਹੈ | ਇਸੇ ਤਹਿਤ ਦਿੱਲੀ ਪੁਲਿਸ ਸੁਰੱਖਿਆ ਕਾਰਨਾਂ ਕਰਕੇ ਰਾਮ ਲੀਲਾ ਮੈਦਾਨ 'ਚ ਇਜਲਾਸ ਬੁਲਾਉਣ 'ਤੇ ਵਿਰੋਧ ਜਤਾ ਚੁੱਕੀ ਸੀ |
No comments:
Post a Comment