ਸੁਖਬੀਰ ਦੇ ਕਬੱਡੀ ਪਿਆਰ 'ਤੇ ਕਾਂਗਰਸ ਨੇ ਕੀਤੇ ਸਵਾਲ ਕੈਨੇਡਾ 'ਚ ਡਰੱਗ ਮਾਫੀਆ ਨਾਲ ਸੁਖਬੀਰ ਬਾਦਲ ਦੇ ਸੰਬੰਧਾਂ ਦੀ ਸੀ. ਬੀ. ਆਈ. ਜਾਂਚ ਹੋਵੇ : ਸੁਖਜਿੰਦਰ ਸਿੰਘ ਰੰਧਾਵਾ 

ਗੁਰਦਾਸਪੁਰ, -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਅਤੇ ਕੈਨੇਡਾ ਤੇ ਹੋਰਨਾਂ ਦੇਸ਼ਾਂ ਤੋਂ ਡਰੱਗ ਦੀ ਸਪਲਾਈ ਕਰਨ ਵਾਲੇ ਮਾਫੀਆ ਨਾਲ ਸੰਬੰਧਾਂ ਦੀ ਸੀ. ਬੀ. ਆਈ. ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਥੇ ਜਾਰੀ ਬਿਆਨ ਵਿਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸੁਖਬੀਰ ਨੇ ਆਖਰੀ ਸਮੇਂ ‘ਤੇ ਅੰਤਰਰਾਸ਼ਟਰੀ ਨਸ਼ਾ ਤਸਕਰ ਦੇ ਭਰਾ ਦੇ ਘਰ ਜਾਣਾ ਰੱਦ ਕਰ ਦਿੱਤਾ ਸੀ ਅਤੇ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਕੈਨੇਡਾ, ਅਮਰੀਕਾ ਤੇ ਯੂਰਪ ਦੇ ਦੇਸ਼ਾਂ ਵਿਚ ਬਹੁ ਕਰੋੜੀ ਸਿੰਥੈਟਿਕ ਨਸ਼ੇ ਤਸਕਰੀ ਕਰਨ ਦੇ ਦੋਸ਼ ‘ਚ ਬਰਖਾਸਤ ਕਰ ਦਿੱਤਾ ਗਿਆ। ਸੁਖਬੀਰ ਦਾ ਬਠਿੰਡਾ ਜ਼ਿਲੇ ਦੇ ਪਿੰਡ ਚੋਕੇ ਦੇ ਸਾਬਕਾ ਸਰਪੰਚ ਘਮਦੂਰ ਸਿੰਘ ਵਲੋਂ ਆਯੋਜਿਤ ਦੁਪਹਿਰ ਦੇ ਖਾਣੇ ‘ਤੇ ਜਾਣਾ ਤੈਅ ਸੀ, ਜਿਹੜਾ ਜਗਦੀਸ਼ ਭੋਲਾ ਦੇ ਮਾਮੇ ਦਾ ਮੁੰਡਾ ਹੈ। ਪੰਜਾਬ ਪੁਲਸ ਦੀ ਸਲਾਹ ‘ਤੇ ਡਿਪਟੀ ਮੁੱਖ ਮੰਤਰੀ ਦੀ ਫੇਰੀ ਰੱਦ ਕਰ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਜਗਦੀਸ਼ ਭੋਲਾ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਕ ਹੈ। ਪਟਿਆਲਾ ਪੁਲਸ ਨੇ ਕੁਝ ਦਿਨ ਪਹਿਲਾਂ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ, ਜਿਹੜਾ ਪਿਛਲੇ ਸੱਤ ਸਾਲਾਂ ਤੋਂ ਪੰਜਾਬ ‘ਚ ਸਰਗਰਮ ਸੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮਾਫੀਆ ਦੀਆਂ ਜੜ੍ਹਾਂ ਸਿਰਫ ਪਟਿਆਲਾ ਤੱਕ ਸੀਮਤ ਨਹੀਂ ਰਹੀਆਂ ਅਤੇ ਇਸਦੇ ਮਾਲਵਾ ਦੇ ਬਠਿੰਡਾ, ਮਾਨਸਾ ਅਤੇ ਫਰੀਦਕੋਟ ਜ਼ਿਲਿਆਂ ਵਿਚ ਸੰਗਠਿਤ ਨੈੱਟਵਰਕ ਹੋਣ ਦੀ ਸ਼ੰਕਾ ਹੈ। ਹਾਲ ਹੀ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰ ਰਾਜਾ ਕੰਦੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਪੰਜਾਬ ਦੇ ਇਕ ਫਾਰਮ ਹਾਊਸ ‘ਚ ਨਸ਼ਾ ਉਤਪਾਦਨ ਦੀ ਸੁਵਿਧਾ ਕਾਇਮ ਕੀਤੀ ਹੋਈ ਸੀ। ਜਗਦੀਸ਼ ਭੋਲਾ ਨੇ ਆਜ਼ਾਦ ਕਬੱਡੀ ਕੱਪ ਨੂੰ ਪ੍ਰਮੋਟ ਕਰਨ ਵਾਲੇ ਇਕ ਐੱਨ. ਆਰ. ਆਈ. ਸਾਰਾ ਸਿੰਘ ਮਠੋੜਾ ਦਾ ਨਾਂ ਲਿਆ ਹੈ, ਜਿਸ ਨੇ ਕਈ ਅਕਾਲੀ ਆਗੂਆਂ ਦੀ ਮਹਿਮਾਨ ਨਿਵਾਜ਼ੀ ਕੀਤੀ ਹੈ। ਹੈਰਾਨੀਜਨਕ ਹੈ ਕਿ ਕਬੱਡੀ ਦੇ ਖਿਡਾਰੀਆਂ ਦਾ ਇਸਤੇਮਾਲ ਨਸ਼ੇ ਦੀ ਤਸਕਰੀ ਲਈ ਕੀਤਾ ਜਾ ਰਿਹਾ ਹੈ, ਜਿਸ ਨਾਲ ਸੁਖਬੀਰ ਦੇ ਕਬੱਡੀ ਪਿਆਰ ‘ਤੇ ਵੀ ਸ਼ੱਕ ਪੈਦਾ ਹੁੰਦਾ ਹੈ। ਹਾਲ ਹੀ ‘ਚ ਹਰਿਆਣਾ ਦੇ ਇਕ ਅੰਤਰਰਾਸ਼ਟਰੀ ਬਾਕਸਿੰਗ ਖਿਡਾਰੀ ਦਾ ਨਾਂ ਨਸ਼ਾ ਤਸਕਰੀ ਦੇ ਮਾਮਲੇ ‘ਚ ਸਾਹਮਣੇ ਆਇਆ ਸੀ, ਪਰ ਉਸਨੂੰ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਕ ਹੋਰ ਬਾਕਸਰ ਰਾਮ ਸਿੰਘ, ਜਿਹੜਾ ਪੰਜਾਬ ਪੁਲਸ ‘ਚ ਹੈੱਡ ਕਾਂਸਟੇਬਲ ਸੀ, ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਕਾਬੂ ਕੀਤਾ ਗਿਆ ਸੀ। ਉਸ ਤੋਂ 500 ਕਰੋੜ ਦੇ ਨਸ਼ੇ ਬਰਾਮਦ ਕੀਤੇ ਗਏ ਸਨ, ਜਦਕਿ ਜਗਦੀਸ਼ ਭੋਲਾ ਵਲੋਂ 700 ਕਰੋੜ ਦੇ ਨਸ਼ੇ ਤਸਕਰੀ ਕਰਨ ਦੀ ਖਬਰ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬੀ. ਐੱਸ. ਐੱਫ. ‘ਤੇ ਬਾਰਡਰ ‘ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਦੋਸ਼ ਲਗਾ ਰਹੇ ਹਨ, ਜਦਕਿ ਸਿੰਥੈਟਿਕ ਡਰੱਗ ਪੰਜਾਬ ਵਿਚ ਬਣਾਏ ਜਾ ਰਹੇ ਹਨ ਅਤੇ ਵਿਦੇਸ਼ਾਂ ‘ਚ ਤਸਕਰੀ ਕੀਤੀ ਜਾ ਰਹੀ ਹੈ। ਸੁਖਬੀਰ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ ਤਾਂ ਜੋ ਗੱਠਜੋੜ ਸਰਕਾਰ ਦੇ ਰਾਜ ‘ਚ ਹੋ ਰਹੇ ਇਸ ਧੰਦੇ ਤੋਂ ਉਨ੍ਹਾਂ ਦਾ ਧਿਆਨ ਭਟਕਾਇਆ ਜਾ ਸਕੇ। ਸੀ. ਬੀ. ਆਈ. ਜਾਂ ਕਿਸੇ ਹੋਰ ਸੁਤੰਤਰ ਏਜੰਸੀ ਤੋਂ ਜਾਂਚ ਅਕਾਲੀ-ਭਾਜਪਾ ਦੀ ਸ਼ਹਿ ‘ਤੇ ਚੱਲ ਰਹੇ ਡਰੱਗ ਮਾਫੀਆ ਦੇ ਕਾਰੋਬਾਰ ਦਾ ਭਾਂਡਾਫੋੜ ਕਰ ਸਕਦੀ ਹੈ।