jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਗਦਰੀ ਬਾਬਿਆਂ ਦਾ ਮੇਲਾ ਰੌਣਕਾਂ ਨਾਲ ਸਮਾਪਤ

www.sabblok.blogspot.com


ਗਦਰੀ ਬਾਬਿਆਂ ਦੇ ਮੇਲੇ ਤੇ ਪ੍ਰੋ.ਕਰਮਜੀਤ ਕੌਰ ਕਿਸ਼ਾਂਵਲ ਮੁਖ ਸੰਪਾਦਕ ਦੇਸ ਪੰਜਾਬ
ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਨੂੰ ਆਪਣੀ ਪੁਸਤਕ ਸੁਣ ਵੇ ਮਾਹੀਆ ਭੇਂਟ ਕਰਦੇ ਹੋਏ।
ਨਵਾਂ ਜਮਾਨਾ ਦੇ ਮੈਗਜੀਨ  ਸੰਪਾਦਕ ਬਲਵੀਰ ਪਰਵਾਨਾ ਤੇ ਪੰਜਾਬ ਟਾਈਮਜ  ਯੂਕੇ ਦੇ
ਰੈਜੀਡੈਂਟ ਐਡੀਟਰ   ਪ੍ਰੋ.ਬਲਵਿੰਦਰ ਪਾਲ ਸਿੰਘ   ਨਜ਼ਰ ਆ  ਰਹੇ ਹਨ।

ਜਲੰਧਰ, -'ਗ਼ਦਰ ਸ਼ਤਾਬਦੀ ਕੋਈ ਰਸਮੀ ਜਾਂ ਰਵਾਇਤੀ ਸ਼ਤਾਬਦੀ ਨਹੀਂ, ਬਲਕਿ ਗ਼ਦਰ ਸ਼ਤਾਬਦੀ ਮਨਾਉਣ ਦਾ ਮਕਸਦ ਗ਼ਦਰੀ ਬਾਬਿਆਂ ਦੀ ਅਜੋਕੀ ਪੀੜ੍ਹੀ ਨਾਲ ਇਤਿਹਾਸਕ ਸਾਂਝ ਦੀ ਤੰਦ ਨੂੰ ਹੋਰ ਮਜ਼ਬੂਤ ਕਰਨਾ ਹੈ | ਗ਼ਦਰੀ ਬਾਬਿਆਂ ਨੇ ਮੁੜ ਨਹੀਂ ਆਉਣਾ, ਸਗੋਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਸਿਖਦੇ ਹੋਏ ਕੁਰਬਾਨੀ ਭਰੀ ਅਗਵਾਈ ਵੱਲ ਵਧਣਾ ਪੈਣਾ ਹੈ | ਮੌਜੂਦਾ ਪ੍ਰਬੰਧ ਅਫ਼ਰਾ-ਤਫ਼ਰੀ ਦੇ ਦੌਰ ਵੱਲ ਵਧ ਰਿਹਾ ਹੈ ਤੇ ਨਿਤਾਰਾ ਇਸ ਗੱਲ ਨੇ ਕਰਨਾ ਹੈ ਕਿ ਲੋਕ ਬੇਚੈਨੀ ਨੂੰ ਕਿਹੜੀਆਂ ਤਾਕਤਾਂ ਵਰਤਦੀਆਂ ਹਨ |' ਇਹ ਹੋਕਾ ਗ਼ਦਰ ਸ਼ਤਾਬਦੀ ਮੇਲੇ ਦੇ ਸਿਖਰਲੇ ਦਿਨ ਸੈਂਕੜਿਆਂ ਦੀ ਤਦਾਦ 'ਚ ਜੁੜੇ ਮੇਲਾ ਪ੍ਰੇਮੀਆਂ ਨੂੰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਦਿੱਤਾ |
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਗ਼ਦਰ ਦੀ ਗੂੰਜ (ਸੰਪਾਦਕ ਅਮੋਲਕ ਸਿੰਘ), ਗੀਤ ਚਿਰਾਗਾਂ ਦੇ (ਸੰਪਾਦਕ ਅਮੋਲਕ ਸਿੰਘ) ਸੋਵੀਨਾਰ ਅਤੇ ਦੇਸ਼ ਭਗਤ ਯਾਦਗਾਰ ਹਾਲ ਲਾਇਬ੍ਰੇਰੀ ਦੀ ਡਾਇਰੈਕਟਰੀ ਰਿਲੀਜ਼ ਕੀਤੀ ਗਈ | ਰਿਲੀਜ਼ ਮੌਕੇ ਡਾ: ਰਘਬੀਰ ਕੌਰ, ਕਾਮਰੇਡ ਮੰਗਤ ਰਾਮ ਪਾਸਲਾ, ਦੇਵ ਰਾਜ ਨਈਅਰ, ਡਾ: ਪਰਮਿੰਦਰ, ਅਮੋਲਕ ਸਿੰਘ, ਗੁਰਮੀਤ, ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ, ਹਰਵਿੰਦਰ ਭੰਡਾਲ, ਰਮਿੰਦਰ ਪਟਿਆਲਾ, ਬਲਵੀਰ ਕੌਰ ਬੁੰਡਾਲਾ, ਕੁਲਵੰਤ ਸੰਧੂ, ਰਣਜੀਤ ਸਿੰਘ, ਪ੍ਰੋ. ਵਰਿਆਮ ਸਿੰਘ ਸੰਧੂ,  ਤੇ ਅਜਮੇਰ ਸਿੰਘ ਹਾਜ਼ਰ ਸਨ | 
ਇਸ ਮੌਕੇ ਦੇਸ ਰਾਜ ਛਾਜਲੀ ਦੇ ਢਾਡੀ ਜਥੇ ਨੇ ਗ਼ਦਰੀ ਵਾਰਾਂ ਗਾ ਕੇ ਮਾਹੌਲ ਨੂੰ ਜੋਸ਼ ਭਰਿਆ ਬਣਾ ਦਿੱਤਾ | ਡਾ: ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਨੇ ਸੰਬੋਧਨ ਕਰਦਿਆਂ ਗ਼ਦਰੀ ਬਾਬਿਆਂ ਦੇ ਅਣਛੋਹੇ ਪੱਖਾਂ ਨੂੰ ਸਾਂਝਾ ਕਰਦਿਆਂ ਨਵੀਂ ਪੀੜ੍ਹੀ ਨੂੰ ਇਨਕਲਾਬੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ | 
ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਉਭਾਰੀ ਗ਼ਦਰ ਲਹਿਰ ਦੀ ਝਲਕ 
ਰਾਤ ਨੂੰ ਭਖਵੇਂ ਮਾਮਲਿਆਂ ਨਾਲ ਸਰੋਕਾਰ ਰੱਖਣ ਵਾਲੇ ਨਾਟਕ ਪੇਸ਼ ਕੀਤੇ ਗਏ। ਮੰਚ ਰੰਗ ਮੰਚ ਅੰਮ੍ਰਿਤਸਰ ਦੀ ਪੇਸ਼ਕਸ਼ ਅਤੇ ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ' ਨੇ ਗ਼ਦਰ ਲਹਿਰ 'ਚ 'ਕਾਮਾਗਾਟਾ ਮਾਰੂ' ਜਹਾਜ਼ ਦੀ ਘਟਨਾ ਵੇਲੇ ਸਮਾਜਿਕ ਹਾਲਤਾਂ ਦੀ ਬਾਤ ਪਾਉਂਦਿਆਂ ਅਜੋਕੇ ਸਮੇਂ 'ਚ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਸਾਰਥਿਕਤਾ ਨੂੰ ਬਿਆਨ ਕੀਤਾ। ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ ਅਤੇ ਡਾ: ਸਾਹਿਬ ਸਿੰਘ ਨਿਰਦੇਸ਼ਕ ਨਾਟਕ 'ਚਮੁਖੀਆ', ਇਸੇ ਤਰ੍ਹਾਂ ਤੀਜਾ ਨਾਟਕ 'ਨਟੀ ਵਿਨੋਦਨੀ' ਨਾਟਕਕਾਰ ਅਨੀਤਾ ਸਬਦੀਸ਼ ਸੁਚੇਤਕ ਰੰਗਮੰਚ ਮੁਹਾਲੀ ਨੇ ਪੇਸ਼ ਕੀਤਾ। ਪ੍ਰੋ. ਅੰਕੁਰ ਸ਼ਰਮਾ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ 'ਮਕੜਜਾਲ' ਨੇ ਕਾਰਪੋਰੇਟ ਜਗਤ ਦੇ ਗ਼ਲਬੇ ਦੇ ਦੌਰ 'ਚ ਕਿਸਾਨਾਂ ਤੇ ਮਜ਼ਦੂਰਾਂ ਦੀ ਬਦਹਾਲ ਹਾਲਤ ਬਿਆਨਦਿਆਂ ਸਮੁੱਚੀ ਮੁਕਤੀ ਲਈ ਸੰਘਰਸ਼ ਦਾ ਰਾਹ ਅਪਨਾਉਣ ਦਾ ਸੱਦਾ ਦਿਤਾ। ਪ੍ਰੋ: ਅਜਮੇਰ ਔਲਖ ਦੁਆਰਾ ਇਸ ਰਾਤ ਦਾ ਆਖਰੀ ਨਾਟਕ 'ਤੂੰ ਚਰਖ਼ਾ ਘੂਕਦਾ ਰੱਖ ਜ਼ਿੰਦੇ' ਵਿਚ ਬੀਬੀ ਗੁਲਾਬ ਕੌਰ ਦੇ ਗ਼ਦਰ ਲਹਿਰ 'ਚ ਇਤਿਹਾਸਕ ਯੋਗਦਾਨ ਦਾ ਵਰਨਣ ਕਰਦਿਆਂ ਮਨੁੱਖਤਾ ਦੀ ਬੰਦ ਖੁਲਾਸੀ ਲਈ ਇਨਕਲਾਬ ਦੇ ਰਾਹ ਪੈਣ ਦਾ ਸੱਦਾ ਦਿਤਾ। ਗੀਤ-ਸੰਗੀਤ 'ਚ ਜਗਸੀਰ ਜੀਦਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੰਵਰ ਬਹਾਰ, ਨਵਦੀਪ ਧੌਲਾ, ਵਿਨੈ ਅਤੇ ਚਾਰੂਲ (ਅਹਿਮਦਾਬਾਦ), ਇਕਬਾਲ ਉਦਾਸੀ ਤੇ ਅੰਮ੍ਰਿਤਪਾਲ (ਬਠਿੰਡਾ) ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। 
ਸ਼ਹਿਰ 'ਚ ਨਿਕਲਿਆ ਸ਼ਤਾਬਦੀ ਮਾਰਚ 
ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਗ਼ਦਰ ਸ਼ਤਾਬਦੀ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਪੁੱਜਾ। ਇਸ ਮਾਰਚ ਦੀ ਅਗਵਾਈ ਉਚੇਚੇ ਤੌਰ 'ਤੇ ਬਜ਼ੁਰਗ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਸਮੇਤ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉੱਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਕੋ-ਕੋਆਰਡੀਨੇਟਰ ਗੁਰਮੀਤ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਨ ਨੇ ਕੀਤੀ। 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਮਾਰਚ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਲੰਧਰ ਦੀਆਂ ਸੜਕਾਂ 'ਤੇ ਇਤਿਹਾਸਕ ਸ਼ਤਾਬਦੀ ਮੌਕੇ ਹੋਇਆ ਇਹ ਮਾਰਚ ਆਪਣੇ-ਆਪ 'ਚ ਯਾਦਗਾਰੀ ਹੋ ਨਿਬੜਿਆ। ਇਸ ਮਾਰਚ 'ਚ ਪੰਜਾਬ ਦੀਆਂ ਡੇਢ ਸੌ ਤੋਂ ਵੱਧ ਜਥੇਬੰਦੀਆਂ, ਗ਼ਦਰੀ ਪਿੰਡਾਂ ਦੀਆਂ ਕਮੇਟੀਆਂ ਅਤੇ ਵੱਖ-ਵੱਖ ਮੁਲਕਾਂ 'ਚ ਵਸਦੇ ਪੰਜਾਬੀਆਂ ਦੀਆਂ ਪ੍ਰਤੀਨਿਧ ਜਥੇਬੰਦੀਆਂ ਦੇ ਵਫ਼ਦਾਂ ਨੇ ਸ਼ਮੂਲੀਅਤ ਕੀਤੀ।

No comments: