ਕੋਟ ਫਤੂਹੀ, (PTI)- ਪਿੰਡ ਠੁਆਣਾ ਦੇ ਮਾਤਾ ਚਿੰਤਪੁਰਨੀ ਮੰਦਿਰ ਦੇ ਕਰੀਬ ਦੇਰ ਸ਼ਾਮ ਪੁਲਸ ਵਲੋਂ ਲਗਾਏ ਨਾਕੇ ਨੂੰ ਵੇਖਦੇ ਹੋਏ ਨੌਜਵਾਨ ਦੀ ਪਿੱਛੇ ਮੁੜਨ ਲੱਗਿਆਂ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਟਰਾਲੀ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਚਾਲਕ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਠੁਆਣਾ ਦਾ ਨੌਜਵਾਨ ਰਘਵੀਰ ਸਿੰਘ ਜੋ ਪਿੰਡ ਵੱਲ ਨੂੰ ਆਪਣੇ ਮੋਟਰਸਾਈਕਲ ਪੀ ਬੀ 24 ਏ 5974 ਉਪਰ ਆ ਰਿਹਾ ਸੀ, ਜਦੋਂ ਉਸ ਨੇ ਚਿੰਤਪੁਰਨੀ ਮੰਦਿਰ ਕੋਲ ਪੁਲਸ ਨਾਕਾ ਵੇਖਿਆ ਤਾਂ ਉਹ ਪਿੱਛੇ ਨੂੰ ਤੇਜ਼ੀ ਨਾਲ ਮੁੜਨ ਲੱਗਾ ਤਾਂ ਪਿਛਿਓਂ ਆ ਰਹੇ ਟਰੈਕਟਰ-ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਟਰੈਕਟਰ ਚਾਲਕ ਵਲੋਂ ਇਸ ਦਾ ਬਚਾਅ ਕਰਦੇ ਹੋਏ ਸੜਕ ਕਿਨਾਰੇ ਦਰੱਖਤ ਵੱਲ ਟਰੈਕਟਰ ਮੋੜਨ ਨਾਲ ਟਰੈਕਟਰ ਦਰੱਖਤ ਨਾਲ ਟਕਰਾ ਕੇ ਰੁਕ ਗਿਆ, ਜਦਕਿ ਮੌਕੇ ਉਪਰ ਨੌਜਵਾਨ ਮੋਟਰਸਾਈਕਲ ਸਮੇਤ ਟਰਾਲੀ ਦੇ ਹੇਠਾਂ ਆ ਗਿਆ ਤੇ ਜ਼ਖਮੀ ਹੋ ਗਿਆ, ਰਾਹਗੀਰਾਂ ਤੇ ਪੁਲਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਟਰਾਲੀ ਥੱਲਿਓਂ ਕੱਢਿਆ।