ਮੋਹਾਲੀ, ਹਰਿਆਣਾ ਦੇ ਜ਼ਿਲਾ ਸਿਰਸਾ ਵਿਖੇ ਸਥਿਤ ਡੇਰਾ ਸਿਰਸਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਵਿਰੁੱਧ ਸਵ. ਰਣਜੀਤ ਸਿੰਘ ਦੇ ਕਤਲ ਕੇਸ ਵਿਚ ਸ਼ਾਮਲ ਇਕ ਮੁਲਜ਼ਮ ਜਸਵੀਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ 'ਤੇ ਅੱਜ ਸੀ. ਬੀ. ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਬਹਿਸ ਹੋਈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਇਸ ਜ਼ਮਾਨਤ ਦਾ ਫੈਸਲਾ 6 ਅਕਤੂਬਰ 2012 ਲਈ ਰਾਖਵਾਂ ਰੱਖ ਲਿਆ ਹੈ। ਅੱਜ ਮਾਣਯੋਗ ਅਦਾਲਤ ਵਿਚ ਉਕਤ ਕੇਸਾਂ ਵਿਚ ਹੀ ਗਵਾਹੀ ਦਰਜ ਕਰਵਾਉਣ ਆਏ ਬਾਬਾ ਗੁਰਮੀਤ ਰਾਮ ਰਹੀਮ ਦੇ ਕਿਸੇ ਵੇਲੇ ਡਰਾਈਵਰ ਰਹੇ ਖੱਟਾ ਸਿੰਘ ਦੀ ਗਵਾਹੀ ਦਰਜ ਨਹੀਂ ਕੀਤੀ ਜਾ ਸਕੀ ਜਦ ਕਿ ਇਕ ਹੋਰ ਗਵਾਹ ਡੀ. ਐੱਸ. ਪੀ. ਵਿਜੇ ਸਿੰਘ ਦੀ ਅਰਜ਼ੀ ਆ ਜਾਣ ਕਾਰਨ ਮਾਣਯੋਗ ਅਦਾਲਤ ਨੇ ਛਤਰਪਤੀ ਕਤਲ ਕੇਸ ਦੀ ਅਗਲੀ ਸੁਣਵਾਈ 20 ਅਕਤੂਬਰ 2012 ਨਿਰਧਾਰਿਤ ਕੀਤੀ ਹੈ।
ਇਸ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿਰਸਾ ਦੇ ਸੈਸ਼ਨ ਜੱਜ ਦੀ ਅਦਾਲਤ ਵਿਚ 10 ਵਜੇ ਦੇ ਕਰੀਬ ਹਾਜ਼ਰ ਹੋਏ ਅਤੇ ਲਗਭਗ 12.30 ਵਜੇ ਤੱਕ ਅਦਾਲਤ ਵਿਚ ਹਾਜ਼ਰ ਰਹੇ ਜਿਥੋਂ ਉਨ੍ਹਾਂ ਨੇ ਵੀਡਿਓ ਕਾਨਫਰੰਸਿੰਗ ਵਿਧੀ ਰਾਹੀਂ ਸੀ. ਬੀ. ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਸਵ. ਛਤਰਪਤੀ ਅਤੇ ਸਵ. ਰਣਜੀਤ ਸਿੰਘ ਦੇ ਕਤਲ ਕੇਸ ਵਿਚ ਸ਼ਮੂਲੀਅਤ ਕੀਤੀ। ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਸਕੱਤਰ ਜਨਰਲ ਭਾਈ ਤੀਰਥ ਸਿੰਘ ਭਟੋਆ ਅਤੇ ਤਫਤੀਸ਼ੀ ਅਫਸਰ ਸਤੀਸ਼ ਡਾਂਗਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਡਵੋਕੇਟ ਜਸਵੀਰ ਸਿੰਘ ਵੀ ਅਦਾਲਤ ਵਿਚ ਹਾਜ਼ਰ ਸਨ। ਬਾਬਾ ਗੁਰਮੀਤ ਰਾਮ ਰਹੀਮ ਦੇ ਐਡਵੋਕੇਟ ਐੱਸ. ਕੇ. ਗਰਗ ਨਰਵਾਣਾ ਨੇ ਦੱਸਿਆ ਕਿ ਖੱਟਾ ਸਿੰਘ ਦੇ ਬਿਆਨਾਂ ਨਾਲ ਸਬੰਧਤ ਰਿਕਾਰਡ ਦੇ ਅਦਾਲਤ ਵਿਚ ਆਉਣ 'ਤੇ ਉਹ ਇਸ ਬਾਰੇ ਕੁੱਝ ਅਹਿਮ ਖੁਲਾਸੇ ਕਰਨਗੇ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਵਲੋਂ ਉਕਤ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਜਸਵੀਰ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਲਾਲ ਨੂੰ ਵੀ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀ. ਬੀ. ਆਈ. ਦੇ ਐਡਵੋਕੇਟ ਐੱਚ. ਪੀ. ਐੱਸ. ਵਰਮਾ ਨੇ ਦੱਸਿਆ ਕਿ ਅੱਜ ਅਦਾਲਤ ਵਿਚ ਰਣਜੀਤ ਸਿੰਘ ਕਤਲ ਕੇਸ ਵਿਚ ਸ਼ਾਮਲ ਮੁਲਜ਼ਮ ਜਸਵੀਰ ਸਿੰਘ ਵਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ 'ਤੇ ਦੋਵੇਂ ਧਿਰਾਂ ਦੇ ਵਕੀਲਾਂ ਦਰਮਿਆਨ ਬਹਿਸ ਵੀ ਹੋਈ। ਐਡਵੋਕੇਟ ਸ਼੍ਰੀ ਵਰਮਾ ਨੇ ਦੱਸਿਆ ਕਿ ਬਚਾਅ ਪੱਖ ਦੇ ਵਕੀਲਾਂ ਵਲੋਂ ਇਕ ਹੋਰ ਅਰਜ਼ੀ ਦਾਇਰ ਕਰਕੇ ਕੁੱਝ ਰਿਕਾਰਡ ਅਦਾਲਤ ਵਿਚ ਤਲਬ ਕਰਨ ਦੀ ਮੰਗ ਕੀਤੀ ਸੀ, ਜਿਹੜਾ ਕਿ ਸਿਰਸਾ ਮੁਖੀ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਬਿਆਨਾਂ ਨਾਲ ਸਬੰਧਤ ਸੀ। ਖੱਟਾ ਸਿੰਘ ਦੀ ਗਵਾਹੀ ਹੁਣ 20 ਅਕਤੂਬਰ 2012 ਨੂੰ ਮਾਣਯੋਗ ਅਦਾਲਤ ਵਲੋਂ ਦਰਜ ਕੀਤੀ ਜਾਵੇਗੀ ਜਦਕਿ ਇਸੇ ਮਾਮਲੇ ਵਿਚ ਇਕ ਹੋਰ ਗਵਾਹ ਵਿਜੇ ਸਿੰਘ ਡੀ. ਐੱਸ. ਪੀ. ਦੀ ਸਿਹਤ ਖਰਾਬ ਹੋਣ ਕਾਰਨ ਉਹ ਅਦਾਲਤ ਵਿਚ ਹਾਜ਼ਰ ਨਾ ਹੋਏ। ਜ਼ਿਕਰਯੋਗ ਹੈ ਕਿ ਇਹ ਅਰਜ਼ੀ ਮਾਣਯੋਗ ਅਦਾਲਤ ਵਲੋਂ ਪ੍ਰਵਾਨ ਨਹੀਂ ਕੀਤੀ ਗਈ ਅਤੇ ਇਸ ਦੀ ਗਵਾਹੀ ਵੀ 20 ਅਕਤੂਬਰ 2012 ਨੂੰ ਹੀ ਦਰਜ ਕੀਤੀ ਜਾਵੇਗੀ।