ਐੱਫ. ਡੀ. ਆਈ. ਮੁੱਦੇ 'ਤੇ ਪਾਰਟੀ ਆਪਣੇ ਸਟੈਂਡ 'ਤੇ ਅਟੱਲ : ਬਾਦਲ
ਨੂਰਪੁਰਬੇਦੀ,
(PTI)- ਐੱਫ. ਡੀ. ਆਈ. ਮੁੱਦੇ 'ਤੇ ਸ਼੍ਰੋਮਣੀ
ਅਕਾਲੀ ਦਲ ਬਾਦਲ ਆਪਣੇ ਵਿਰੋਧ ਦੇ ਸਟੈਂਡ 'ਤੇ ਅਟੱਲ ਹੈ, ਜਿਸ ਸਬੰਧੀ ਬਕਾਇਦਾ ਪਾਰਟੀ
ਵਲੋਂ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ
ਬਾਦਲ ਨੇ ਪਿੰਡ ਝਾਂਡੀਆਂ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸੇਵਾ-ਮੁਕਤ ਲੈਫਟੀਨੈਂਟ ਜਨਰਲ ਕੇ. ਐੱਸ. ਬਰਾੜ 'ਤੇ ਲੰਡਨ ਵਿਖੇ ਹੋਏ ਹਮਲੇ ਸਬੰਧੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ
ਲਗਾਏ ਦੋਸ਼ਾਂ ਸਬੰਧੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਅੱਤਵਾਦ ਦੌਰਾਨ
ਪੰਜਾਬ ਵਿਚ ਸਭ ਤੋਂ ਵੱਧ ਅਕਾਲੀਆਂ ਦੀਆਂ ਜਾਨਾਂ ਗਈਆਂ ਹਨ ਤੇ ਅਜਿਹੇ ਦੋਸ਼ਾਂ ਵਿਚ ਕੋਈ
ਸੱਚਾਈ ਨਹੀਂ ਹੈ। ਸੂਬੇ ਦੇ ਕਈ ਜ਼ਿਲਿਆਂ ਵਿਚ ਬੰਦ ਪਈ ਮਾਈਨਿੰਗ ਕਾਰਨ ਪ੍ਰਭਾਵਿਤ ਹੋ ਰਹੇ
ਨਿਰਮਾਣ ਕਾਰਜਾਂ ਸਬੰਧੀ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਿਸੇ ਵੀ ਰੂਪ ਵਿਚ
ਮਾਈਨਿੰਗ ਦੇ ਮਾਮਲੇ ਵਿਚ ਦਖਲ ਨਹੀਂ ਦਿੱਤਾ ਗਿਆ ਹੈ ਸਗੋਂ ਅਦਾਲਤ ਵਿਚ ਚੱਲ ਰਹੀ ਕਾਰਵਾਈ
ਕਾਰਨ ਮਾਈਨਿੰਗ 'ਤੇ ਪਾਬੰਦੀ ਲੱਗੀ ਹੋਈ ਹੈ। ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ
ਤੋਂ ਨੈਣਾ ਦੇਵੀ ਤੱਕ ਰੋਪਵੇ ਸ਼ੁਰੂ ਕੀਤਾ ਜਾ ਰਿਹਾ ਹੈ। ਸੂਬੇ ਦੀਆਂ ਲਿੰਕ ਸੜਕਾਂ ਦੀ
ਹਾਲਤ ਮੁਰੰਮਤ ਜਾਰੀ ਰੱਖਣ ਦੇ ਨਾਲ-ਨਾਲ ਨਵੀਆਂ ਸੜਕਾਂ ਵੀ ਉਸਾਰੀਆਂ ਜਾਣਗੀਆਂ, ਜਿਸ
ਤਹਿਤ ਵੱਖ-ਵੱਖ ਸੜਕਾਂ ਦੇ ਟੈਂਡਰ ਲਗਾਏ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨੇ ਸਰਾਏ ਪੱਤਣ ਤੋਂ ਕੁਲਾਰ-ਰੱਤੇਵਾਲ ਤੱਕ 28 ਕਰੋੜ ਰੁਪਏ ਦੀ ਲਾਗਤ
ਨਾਲ ਬਣਾਏ ਜਾਣ ਵਾਲੇ 17 ਕਿ. ਮੀ. ਲੰਬੇ ਮਹਾਰਾਜ ਸ਼੍ਰੀ ਬ੍ਰਹਮਾਨੰਦ ਭੂਰੀਵਾਲੇ ਮਾਰਗ
ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਹਲਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਵਲੋਂ ਇਲਾਕੇ
ਦੇ ਵਿਕਾਸ ਸਬੰਧੀ ਰੱਖੀਆਂ ਸਮੂਹ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਬਾਦਲ
ਨੇ ਰੂਪਨਗਰ ਦੇ ਬਾਇਓਗੈਸ ਪਲਾਂਟ ਲਈ 1 ਕਰੋੜ 75 ਲੱਖ ਰੁਪਏ, ਜਦਕਿ ਪਿੰਡ ਅਬਿਆਣਾ ਕਲਾਂ
ਵਿਖੇ ਬਣਾਏ ਜਾਣ ਵਾਲੇ ਸਿਹਤ ਕੇਂਦਰ ਲਈ 45 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ
ਗਿਆ। ਇਸ ਮੌਕੇ ਸਵਾਮੀ ਚੇਤਨਾਨੰਦ ਭੂਰੀਵਾਲੇ ਮਹਾਰਾਜ, ਲੋਕ ਨਿਰਮਾਣ ਵਿਭਾਗ ਦੇ ਮੰਤਰੀ
ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਡਾ. ਦਲਜੀਤ ਸਿੰਘ ਚੀਮਾ, ਸਿਹਤ ਮੰਤਰੀ ਮਦਨ ਮੋਹਣ
ਮਿੱਤਲ, ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ, ਸਕੱਤਰ ਲੋਕ ਨਿਰਮਾਣ ਵਿਭਾਗ ਪੀ. ਐੱਸ.
ਔਜਲਾ, ਡਿਪਟੀ ਕਮਿਸ਼ਨਰ ਰੂਪਨਗਰ ਪ੍ਰਦੀਪ ਅਗਰਵਾਲ, ਐੱਸ. ਐੱਸ. ਪੀ. ਰੂਪਨਗਰ ਜਤਿੰਦਰ
ਸਿੰਘ ਔਲਖ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ. ਸੁਰਿੰਦਰ ਸਿੰਘ ਦੋਵੇਂ ਸ਼੍ਰੋਮਣੀ ਕਮੇਟੀ
ਮੈਂਬਰ, ਸਾਬਕਾ ਮੰਤਰੀ ਸਤਵੰਤ ਕੌਰ ਸੰਧੂ, ਪ੍ਰੋ. ਮਹਿੰਦਰ ਸਿੰਘ ਬਾਗੀ ਪ੍ਰਧਾਨ
ਭੂਰੀਵਾਲੇ ਟਰੱਸਟ, ਡਾ. ਆਰ. ਐੱਸ. ਪਰਮਾਰ, ਪਰਮਜੀਤ ਸਿੰਘ ਮੱਕੜ, ਭਾਜਪਾ ਨੇਤਾ ਵਿਜੇ
ਪੁਰੀ, ਜਥੇਦਾਰ ਜਗਤਾਰ ਸਿੰਘ ਭੈਣੀ, ਜਥੇਦਾਰ ਸੁੱਚਾ ਸਿੰਘ, ਹਰਜਿੰਦਰ ਸਿੰਘ, ਐਡਵੋਕੇਟ
ਦੌਲਤ ਸਿੰਘ ਚੱਬਰੇਵਾਲ, ਤਿਲਕ ਰਾਜ ਪਚਰੰਡਾ, ਓਮ ਪ੍ਰਕਾਸ਼ ਕੌਸ਼ਿਕ, ਬਾਦਲ ਸਿੰਘ ਮੱਲ੍ਹੀ,
ਪਰਮਿੰਦਰਪਾਲ ਸਿੰਘ ਬਿੰਟਾ, ਬਾਬਾ ਦਿਲਬਾਗ ਸਿੰਘ ਤੇ ਭੁਪਿੰਦਰ ਸਿਘ ਬਜਰੂੜ ਆਦਿ ਹਾਜ਼ਰ
ਸਨ।
No comments:
Post a Comment