ਕੋਲੰਬੋ- ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨਾਲ ਸਮਝੌਤਾ ਕਰ ਲੈਣ ਤੋਂ ਬਾਅਦ ਕੇਵਿਨ ਪੀਟਰਸਨ ਨੇ ਘੱਟੋ ਘੱਟ 2015 ਤੱਕ ਇੰਗਲੈਂਡ ਲਈ ਕ੍ਰਿਕਟ ਦੇ ਤਿੰਨਾਂ ਫਾਰਮੈਟਾ 'ਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਪੀਟਰਸਨ ਨੇ ਕਿਹਾ ਕਿ ਮੈਂ ਇੰਗਲੈਂਡ ਦੇ ਤਿੰਨਾਂ ਫਾਰਮੈਟਾਂ 'ਚ ਖੇਡਣ ਲਈ ਤਿਆਰ ਹਾਂ। ਮੈਂ ਵਾਪਸੀ ਦੀ ਸਾਰੀ ਕਾਰਵਾਈ ਪੂਰੀ ਕਰ ਲਈ ਹੈ। ਮੈਨੂੰ ਉਮੀਦ ਹੈ ਕਿ ਮੈਂ 2015 ਦੇ ਵਿਸ਼ਵ ਕੱਪ ਤੱਕ ਇੰਗਲੈਂਡ ਦੇ ਲਈ ਤਿੰਨਾਂ ਫਾਰਮੈਟਾ 'ਚ ਖੇਡ ਸਕਾਂਗਾ। ਇਹ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਮੇਰਾ ਸਰੀਰ ਮੈਨੂੰ ਕਦੋਂ ਤੱਕ ਖੇਡਣ ਦੀ ਆਗਿਆ ਦਿੰਦਾ ਹੈ।
ਪੀਟਰਸਨ ਨੇ ਕਿਹਾ ਕਿ ਮੈਂ ਇਸ ਮੌਕੇ 'ਤੇ ਆਪਣੀ ਟੀਮ ਦੇ ਸਾਰੇ ਖਿਡਾਰੀਆਂ, ਇੰਗਲੈਂਡ ਦੇ ਸਮੱਰਥਕਾਂ ਅਤੇ ਈ. ਸੀ. ਬੀ. ਤੋਂ ਉਨ੍ਹਾਂ ਹਾਲਾਤਾਂ ਲਈ ਮਾਫੀ ਮੰਗਦਾ ਹਾਂ, ਜਿਹੜੀਆਂ ਪਿਛਲੇ ਇਕ-ਦੋ ਮਹੀਨਿਆਂ 'ਚ ਪੈਦਾ ਹੋਈਆਂ ਸਨ, ਪਰ ਹੁਣ ਸਭ ਕੁਝ ਠੀਕ ਹੋ ਚੁੱਕਾ ਹੈ ਅਤੇ ਅਸੀਂ ਅੱਗੇ ਵਧਣ ਲਈ ਤਿਆਰ ਹਾਂ। ਈ. ਸੀ. ਬੀ. ਦੇ ਪ੍ਰਧਾਨ ਜਾਈਲਸ ਕਲਾਰਕ ਨੇ ਕਿਹਾ ਕਿ ਪੀਟਰਸਨ ਨੇ ਐਂਡਰਿਊ ਸਟਾਰਸ ਤੋਂ ਵੀ ਮਾਫੀ ਮੰਗ ਲਈ ਹੈ। ਉਹ ਹੁਣ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁੰਦਾ ਹੈ। ਪੀਟਰਸਨ ਨੂੰ ਜਲਦੀ ਹੀ ਟੀਮ 'ਚ ਸ਼ਾਮਲ ਕਰ ਲਿਆ ਜਾਵੇਗਾ।