ਬੱਸੀ ਪਠਾਣਾਂ- ''ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਜਿਹੜੇ ਰਾਜ ਵਿਚ ਵੀ ਕਾਂਗਰਸ ਦੀ ਸਰਕਾਰ ਨੂੰ ਦੋ ਵਾਰ ਹਾਰ ਦਾ ਮੂੰਹ ਵੇਖਣਾ ਪਿਆ, ਉਥੇ ਮੁੜ ਕੇ ਕਦੇ ਵੀ ਕਾਂਗਰਸ ਪਾਰਟੀ ਸੱਤਾ ਵਿਚ ਨਹੀਂ ਆ ਸਕੀ ਅਤੇ ਕਾਂਗਰਸ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੂੰਹ ਦੀ ਖਾਣੀ ਪਈ। ਪੰਜਾਬ ਵਿਚ ਵੀ ਕਾਂਗਰਸ ਪਾਰਟੀ ਲੋਕ ਵਿਰੋਧੀ ਨੀਤੀਆਂ ਕਰਕੇ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਵੇਖ ਚੁੱਕੀ ਹੈ ਅਤੇ ਕਾਂਗਰਸ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਵਿਸਾਰ ਦਿੱਤਾ ਹੈ ਅਤੇ ਭਵਿੱਖ ਵਿਚ ਪੰਜਾਬ ਵਿਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਖ਼ਤਮ ਹੋ ਜਾਵੇਗਾ।'' ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੱਸੀ ਪਠਾਣਾਂ ਵਿਖੇ ਪੀ.ਆਰ.ਟੀ.ਸੀ. ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਉਪਰੰਤ ਆਯੋਜਿਤ ਕੀਤੇ ਗਏ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਨੇ ਹਮੇਸ਼ਾ ਹਰ ਵਰਗ ਦਾ ਨਿਰਪੱਖ ਤੌਰ 'ਤੇ ਸਮੁੱਚਾ ਵਿਕਾਸ ਕੀਤਾ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਵਲੋਂ ਕੀਤੇ ਗਏ ਵਿਕਾਸ ਨੂੰ ਮੁੱਖ ਰੱਖਦਿਆਂ ਹੀ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਅਕਾਲੀ-ਭਾਜਪਾ ਗਠਜੋੜ ਨੂੰ ਮੁੜ ਸੱਤਾ ਵਿਚ ਲਿਆਂਦਾ।
 ਉਨ੍ਹਾਂ ਇਸ ਮੌਕੇ ਬੱਸੀ ਪਠਾਣਾਂ ਅਤੇ ਖਮਾਣੋਂ ਸਬ-ਡਵੀਜ਼ਨਾਂ ਵਿਚ ਸਬ-ਡਵੀਜ਼ਨ ਪੱਧਰ ਦੇ ਪ੍ਰਬੰਧਕੀ ਕੰਪਲੈਕਸਾਂ ਦਾ ਨਿਰਮਾਣ ਕਰਵਾਉਣ ਦੇ ਨਾਲ-ਨਾਲ ਸੀਵਰੇਜ, ਪੀਣ ਵਾਲੇ ਪਾਣੀ ਦੀ ਵਿਵਸਥਾ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਹੋਰ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਬੱਸੀ ਪਠਾਣਾਂ ਵਿਚੋਂ ਲੰਘਦੀ ਮੋਰਿੰਡਾ ਸੜਕ ਦੇ ਨਾਲ ਲੰਘਦੇ ਗੰਦੇ ਨਾਲੇ ਦੀ ਸਫਾਈ, ਮੁੱਖ ਸੜਕ ਨੂੰ ਚੌੜਾ ਕਰਨ ਅਤੇ ਬੱਸੀ ਪਠਾਣਾਂ ਅਤੇ ਖਮਾਣੋਂ ਸਬ- ਡਵੀਜ਼ਨ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਉਣ ਦਾ ਵੀ ਐਲਾਨ ਕੀਤਾ।
ਪੰਜਾਬ ਵਿਚ ਮੁੜ ਅੱਤਵਾਦ ਉਜਾਗਰ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿਚ ਇੱਕਾ-ਦੁੱਕਾ ਹੋਣ ਵਾਲੀ ਘਟਨਾ ਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਵਿਚ ਕਿਸੇ ਕਿਸਮ ਦੇ ਅੱਤਵਾਦ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਪੁਰ ਅਮਨ-ਸ਼ਾਂਤੀ ਵਾਲਾ ਮਾਹੌਲ ਹੈ ਅਤੇ ਇਸੇ ਕਰਕੇ ਪੰਜਾਬ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਵਿਧਾਇਕ ਬੱਸੀ ਪਠਾਣਾਂ ਜਸਟਿਸ (ਰਿਟਾ.) ਨਿਰਮਲ ਸਿੰਘ ਨੇ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਮੁੱਖ ਮੰਤਰੀ ਸ. ਬਾਦਲ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਹਮੇਸ਼ਾ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ। ਸਮਾਗਮ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੌਹਾੜ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪੀ.ਆਰ.ਟੀ.ਸੀ. ਦੇ ਐੱਮ. ਡੀ. ਡੀ. ਪੀ. ਐੱਸ. ਖਰਬੰਦਾ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜ਼ਿਲਾ ਪ੍ਰਧਾਨ ਅਕਾਲੀ ਦਲ ਜਗਦੀਪ ਸਿੰਘ ਚੀਮਾ, ਭਾਜਪਾ ਦੇ ਜ਼ਿਲਾ ਪ੍ਰਧਾਨ ਐੱਸ. ਐੱਨ. ਸ਼ਰਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਾਬਕਾ ਮੰਤਰੀ ਤੇ ਮੈਂਬਰ ਐੱਸ. ਜੀ. ਪੀ . ਸੀ. ਰਣਧੀਰ ਸਿੰਘ ਚੀਮਾ, ਡਾ. ਰਪਿੰਦਰ ਸਿੰਘ ਸੋਨੂੰ, ਮਨਜੀਤ ਸਿੰਘ ਪੀ. ਏ., ਸਰਬਜੀਤ ਸਿੰਘ ਸੋਨੂੰ, ਪ੍ਰਦੀਪ ਕਲੋੜ, ਲਖਬੀਰ ਸਿੰਘ ਥਾਬਲਾਂ ਸਾਬਕਾ ਪ੍ਰਧਾਨ ਮਾਰਕੀਟ ਕਮੇਟੀ, ਜ਼ਿਲਾ ਪ੍ਰੈੱਸ ਸਕੱਤਰ ਅਸ਼ੋਕ ਟੁਲਾਨੀ, ਮੈਂਬਰ ਵਰਕਿੰਗ ਕਮੇਟੀ ਅਕਾਲੀ ਦਲ ਰਣਜੀਤ ਸਿੰਘ ਲਿਬੜਾ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਰਜਿੰਦਰ ਕੌਰ ਸਲਾਣਾ, ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ, ਐੱਸ. ਐੱਸ. ਪੀ. ਐੱਚ. ਐੱਸ. ਮਾਨ, ਐੱਸ. ਡੀ. ਐੱਮ. ਬੱਸੀ ਪਠਾਣਾਂ ਸੁਖਦੇਵ ਸਿੰਘ, ਐਡਵੋਕੇਟ ਰਣਦੀਪ ਸਿੰਘ ਬੈਨੀਪਾਲ, ਜਸਪ੍ਰੀਤ ਸਿੰਘ ਬੈਨੀਪਾਲ, ਅਕਾਲੀ ਦਲ (ਸ਼ਹਿਰੀ) ਮਲਕੀਤ ਸਿੰਘ ਮਠਾੜੂ, ਕ੍ਰਿਪਾਲ ਸਿੰਘ ਸੇਠੀ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ, ਸ਼ਸ਼ੀ ਭੂਸ਼ਣ ਗੁਪਤਾ, ਰਮਨ ਗੁਪਤਾ, ਪਰਮਿੰਦਰ ਸਿੰਘ ਸੋਮਲ, ਰਾਜੇਸ਼ ਗੌਤਮ, ਕੁਲਦੀਪ ਪਾਠਕ, ਰਾਜੀਵ ਮਲਹੋਤਰਾ, ਅਮਰਜੀਤ ਸਿੰਘ, ਰਣਬੀਰ ਸਿੰਘ, ਸਰਪੰਚ ਚਮਕੌਰ ਸਿੰਘ ਨਲੀਨੀ, ਵਿਵੇਕ ਕੁਮਾਰ ਵਿੱਕੀ, ਸੁਸ਼ੀਲ ਸਿੰਗਲਾ, ਅਜੀਤ ਮੱਕੜ, ਯੂਥ ਆਗੂ ਰੁਪਿੰਦਰ ਸਿੰਘ ਵਿਰਕ ਤੋਂ ਇਲਾਵਾ ਪਤਵੰਤੇ ਕੌਂਸਲਰ, ਸਰਪੰਚ-ਪੰਚ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ  ਨਿਵਾਸੀ ਵੀ ਮੌਜੂਦ ਸਨ।