ਜਲੰਧਰ—ਕੇਂਦਰ ਸਰਕਾਰ ਜਿਸ ਤਰ੍ਹਾਂ ਦੇਸ਼ ਦੇ ਕਰਿਆਨਾ ਕਾਰੋਬਾਰ  ਵਿਚ  ਐੱਫ. ਡੀ. ਆਈ. ਕਰਵਾਉਣ 'ਤੇ ਆਮਦਾ ਹੈ, ਇਸ ਨਾਲ ਦੇਸ਼ ਦਾ ਕਰਿਆਨਾ ਵਪਾਰੀ ਸਿਰਫ ਇਕ ਸੇਲਜ਼ਮੈਨ ਬਣ ਕੇ ਰਹਿ ਜਾਵੇਗਾ ਅਤੇ ਦੇਸ਼ ਦਾ ਸਾਰਾ ਕਰਿਆਨਾ ਵਪਾਰ ਵਿਦੇਸ਼ੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ। ਇਹ ਗੱਲ ਅੰਮ੍ਰਿਤਸਰ ਤੋਂ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਕਹੀ। ਸਿੱਧੂ ਨੇ ਕਿਹਾ ਕਿ ਭਾਜਪਾ ਐੱਫ. ਡੀ. ਆਈ. ਦਾ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਿਸ ਤਰ੍ਹਾਂ ਕਦੇ ਈਸਟ ਇੰਡੀਆ ਨੇ ਆ ਕੇ ਆਪਣੇ ਪੈਰ ਪਸਾਰੇ ਸਨ ਅਤੇ ਫਿਰ ਪੂਰੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਸੀ, ਉਸੇ ਤਰ੍ਹਾਂ ਐੱਫ. ਡੀ. ਆਈ. ਦੇਸ਼  ਨੂੰ ਵਾਪਸ ਗੁਲਾਮੀ ਵੱਲ ਧੱਕਣ ਵਰਗਾ ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਪਣੀ ਖੇਤੀ ਸਮਰੱਥਾ ਅਤੇ ਉਤਪਾਦਨ ਵਧਾਉਣਾ ਪਵੇਗਾ ਅਤੇ ਚੀਨ ਦੀ ਤਰ੍ਹਾਂ ਖੁਦ ਆਪਣੀ ਆਰਥਿਕਤਾ ਦੇ ਸੁਧਾਰ ਲਈ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਐੱਫ. ਡੀ. ਆਈ. ਨਾਲ ਸਾਰੇ ਮੁਨਾਫੇ ਦਾ 70 ਫੀਸਦੀ ਹਿੱਸਾ ਵਿਦੇਸ਼ਾਂ ਵਿਚ ਚਲਾ ਜਾਵੇਗਾ।
ਇਸ ਮੌਕੇ ਉਨ੍ਹਾਂ ਆਪਣੀ ਪਤਨੀ ਅਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੀ ਕਾਰਜਸ਼ੈਲੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਕੌਰ ਇਕ ਡਾਕਟਰ ਹਨ ਅਤੇ ਸ਼ੁਰੂ ਤੋਂ ਹੀ ਉਹ ਦੇਸ਼ ਦੇ ਸੁਧਾਰ ਲਈ ਗੰਭੀਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਕਾਰਜਸ਼ੈਲੀ ਪੰਜਾਬ ਨੂੰ ਵਿਕਾਸ ਲਈ ਅਗਾਂਹ ਵਧਾਉਣ ਵਾਲੀ ਹੈ ਅਤੇ ਭਾਵੇਂ ਕਿੰਨੀ ਵੀ ਵਿਰੋਧਤਾ ਹੋਵੇ, ਉਹ ਆਪਣੀ ਸੱਚ ਦੀ ਰਾਹ ਛੱਡਣ ਵਾਲੀ ਨਹੀਂ ਹੈ।