ਟਾਂਡਾ(ਜੌੜਾ, ਪੱਪੂ)¸ਸੂਬੇ ਅੰਦਰ ਸਾਲ 2006 ਤੋਂ ਪਹਿਲਾਂ ਬਣੀਆਂ 13 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 1700 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਵਲੋਂ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਟਾਂਡਾ ਬਲਾਕ ਦੇ ਪਿੰਡ ਹਰਸੀ ਪਿੰਡ 'ਚ ਕਿਸਾਨ ਆਗੂ ਰਛਪਾਲ ਸਿੰਘ ਸਰਪੰਚ ਦੇ ਪਿਤਾ ਦਰਬਾਰਾ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਨ ਉਪਰੰਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ 'ਚ 565 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ 'ਤੇ 73 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ। ਸ. ਲੱਖੋਵਾਲ ਨੇ ਦੱਸਿਆ ਕਿ ਕੰਢੀ ਖੇਤਰ ਨਾਲ ਸੰਬੰਧਿਤ ਜ਼ਿਲਾ ਹੁਸ਼ਿਆਰਪੁਰ 'ਚ ਲੱਕੜ ਦਾ ਵਪਾਰ ਵਧੇਰੇ ਹੋਣ ਕਰਕੇ ਇਥੇ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਦੇਖਦਿਆਂ ਜ਼ਿਲੇ ਦੇ ਨੌਸ਼ਹਿਰਾ ਅਤੇ ਦਸੂਹਾ 'ਚ 6 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੀਆਂ ਲੱਕੜ ਮੰਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ 'ਚ ਨੌਸ਼ਹਿਰਾ ਦੀ ਲੱਕੜ ਮੰਡੀ 31 ਅਗਸਤ ਤੱਕ ਕੰਮ ਮੁਕੰਮਲ ਕਰਕੇ ਚਾਲੂ ਕਰ ਦਿੱਤੀ ਜਾਵੇਗੀ।
ਲੱਖੋਵਾਲ ਨੇ ਬਿਆਸ ਦਰਿਆ ਦੇ ਪਾਣੀ ਕਾਰਨ ਧੁੱਸੀ ਬੰਨ੍ਹ ਅੰਦਰ ਪੈਂਦੀਆਂ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ 15 ਫੀਸਦੀ ਹੋਏ ਨੁਕਸਾਨ ਦੇ ਮੁਆਵਜ਼ੇ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟਾਂਡਾ ਉੜਮੁੜ ਹਲਕੇ ਅੰਦਰ 84 ਕਿਲੋਮੀਟਰ ਸੜਕਾਂ ਦਾ ਕੰਮ 10 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੰਡੀਆਂ ਨੂੰ ਆਧੁਨਿਕ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਪੈਦਾ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੰਡੀਆਂ 'ਚ ਕੱਚੇ ਫੜ੍ਹ ਅਤੇ ਸ਼ੈੱਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਉਨ੍ਹਾਂ ਦੀ ਲਿਸਟ ਤਿਆਰ ਹੋ ਰਹੀ ਹੈ ਜੋ ਆਉਂਦੇ ਸੀਜ਼ਨ ਤੱਕ ਪੂਰੀ ਤਰ੍ਹਾਂ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਚੇਅਰਮੈਨ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਮੰਡੀਆਂ 'ਚ ਖਰੀਦ ਮੌਕੇ ਹੋਣ ਵਾਲੀ ਲੁੱਟ ਨੂੰ ਰਾਹਤ ਮਿਲ ਜਾਵੇਗੀ ਕਿਉਂਕਿ ਜਲਦ ਹੀ ਇਕ ਬਣਾਈ ਗਈ ਕਮੇਟੀ ਵਲੋਂ ਸੂਬੇ ਅੰਦਰ ਕਿਸਾਨਾਂ ਦੀ ਫਸਲ ਦਾ ਓਪਨ ਮੰਡੀ 'ਚ ਭਾਅ ਲੱਗੇਗਾ। ਇਸ ਮੌਕੇ ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਕਮਲਜੀਤ ਸਿੰਘ  ਕੁਲਾਰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਚੌਧਰੀ ਬਲਬੀਰ ਸਿੰਘ ਮਿਆਣੀ, ਸੁਖਵਿੰਦਰ ਸਿੰਘ ਮੂਨਕ ਮੈਂਬਰ ਜ਼ਿਲਾ ਪ੍ਰੀਸ਼ਦ, ਜਥੇ. ਤਾਰਾ ਸਿੰਘ ਸੱਲ੍ਹਾਂ ਮੈਂਬਰ ਸ਼੍ਰੋਮਣੀ ਕਮੇਟੀ, ਚੌਧਰੀ ਕਮਲ ਕ੍ਰਿਸ਼ਨ, ਰਛਪਾਲ ਸਿੰਘ, ਹਰਨਾਮ ਸਿੰਘ, ਕੈਪਟਨ ਤਰਸੇਮ ਸਿੰਘ ਕੋਟਲਾ, ਦਵਿੰਦਰ ਸਿੰਘ, ਮਾਸਟਰ ਕਸ਼ਮੀਰਾ ਸਿੰਘ, ਗੁਰਨਾਮ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ ਲੱਖੀ, ਮਾਨ ਸਿੰਘ, ਰਵਿੰਦਰ ਸਿੰਘ ਪੁਰੀ, ਸਵਰਨ ਸਿੰਘ ਧੁੱਗਾ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਅਵਤਾਰ ਸਿੰਘ ਸਿੰਘਾਪੁਰੀ, ਜਸਵੰਤ ਸਿੰਘ ਸਠਿਆਲੀ, ਸਰਦਾਰ ਸਿੰਘ ਕਡਿਆਣਾ, ਅਵਤਾਰ ਸਿੰਘ ਮਹਿਲਾਂ, ਜਸਵੰਤ ਸਿੰਘ ਹੁੰਦਲ ਆਦਿ ਆਗੂਆਂ ਵਲੋਂ ਸਵਰਗੀ ਦਰਬਾਰਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।