www.sabblok.blogspot.com
ਖੁਰਾਕ ਮੰਤਰੀ ਕੇ.ਵੀ. ਥੌਮਸ ਵੱਲੋਂ ਬਿੱਲ ਨੂੰ ਬਹਿਸ ਲਈ ਪੇਸ਼ ਕੀਤੇ ਜਾਣ ਤੋਂ ਬਾਅਦ ਬਹਿਸ ਸ਼ੁਰੂ ਕਰਦਿਆਂ ਮੁਰਲੀ ਮਨੋਹਰ ਜੋਸ਼ੀ (ਭਾਜਪਾ) ਨੇ ਕਿਹਾ ਕਿ ਉਹ ਬਿੱਲ ਦੇ ਪੱਖ ਵਿਚ ਹਨ ਪਰ ਇਸ ਦੇ ਨੁਕਸ ਦਰੁਸਤ ਕੀਤੇ ਜਾਣ। ਉਨ੍ਹਾਂ ਕਿਹਾ, ‘‘ਇਸ ਬਿੱਲ ਦੀ ਚਰਚਾ 2009 ਵਿਚ ਰਾਸ਼ਟਰਪਤੀ ਦੇ ਭਾਸ਼ਣ ਵਿਚ ਕੀਤੀ ਗਈ ਸੀ ਪਰ ਇਸ ਨੂੰ ਹੁਣ ਲਿਆਂਦਾ ਗਿਆ ਹੈ ਜਦੋਂ ਤੁਸੀਂ ਜਾਣ ਲੱਗੇ ਹੋ।’’
ਨਵੀਂ ਦਿੱਲੀ
ਕਾਫ਼ੀ ਸਮੇਂ ਤੋਂ ਲਟਕਿਆ ਖੁਰਾਕ ਸੁਰੱਖਿਆ ਬਿੱਲ ਅੱਜ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ। ਦੇਸ਼ ਦੀ 82 ਕਰੋੜ ਵਸੋਂ ਨੂੰ ਨਾਂ-ਮਾਤਰ ਕੀਮਤਾਂ ’ਤੇ ਅਨਾਜ ਮੁਹੱਈਆ ਕਰਵਾਉਣ ਦੀ ਵਿਵਸਥਾ ਵਾਲਾ ਇਹ ਇਤਿਹਾਸਕ ਬਿੱਲ ਸਦਨ ਨੇ 8 ਘੰਟਿਆਂ ਦੀ ਬਹਿਸ ਤੋਂ ਬਾਅਦ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ। ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਸਦਨ ਨੇ ਵਿਰੋਧੀ ਧਿਰ ਵੱਲੋਂ ਪੇਸ਼ 300 ਤੋਂ ਵੱਧ ਤਰਮੀਮਾਂ ਰੱਦ ਕੀਤੀਆਂ। ਇਹ ਬਿੱਲ 5 ਜੁਲਾਈ ਨੂੰ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਲਵੇਗਾ। ਇਹ ਬਿੱਲ ਯੂਪੀਏ ਦੀ ਮੁਖੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਗੈਰਹਾਜ਼ਰੀ ਵਿੱਚ ਪਾਸ ਹੋਇਆ। ਪਹਿਲਾਂ ਬਹਿਸ ਦੌਰਾਨ ਉਨ੍ਹਾਂ ਨੇ ਇਸ ਬਿੱਲ ਦੀ ਜ਼ੋਰਦਾਰ ਪੈਰਵੀ ਕੀਤੀ ਸੀ, ਪਰ ਤਰਮੀਮਾਂ ’ਤੇ ਵੋਟਾਂ ਪੈਣ ਸਮੇਂ ਬਿਮਾਰ ਹੋ ਗਏ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਰੀਆਂ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸਰਬਸੰਮਤੀ ਨਾਲ ਇਸ ਨੂੰ ਪਾਸ ਕਰਾਉਣ ਦੀ ਅਪੀਲ ਕੀਤੀ, ਜਦਕਿ ਸਰਕਾਰ ਦੀ ਸਹਿਯੋਗੀ ਧਿਰ – ਸਮਾਜਵਾਦੀ ਪਾਰਟੀ ਨੇ ਮੰਗ ਕੀਤੀ ਕਿ ਜਦੋਂ ਤਕ ਰਾਜਾਂ ਨਾਲ ਇਸ ਬਾਰੇ ਸਲਾਹ-ਮਸ਼ਵਰਾ ਨਹੀਂ ਹੋ ਜਾਂਦਾ ਉਦੋਂ ਤਕ ਇਹ ਬਿੱਲ ਪਾਸ ਨਾ ਕੀਤਾ ਜਾਵੇ। ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਬਿੱਲ ਨੂੰ ‘ਵੋਟ ਸੁਰੱਖਿਆ ਬਿੱਲ’ ਦਾ ਲਕਬ ਦਿੰਦਿਆਂ ਇਸ ਦੀਆਂ ਤਰੁੱਟੀਆਂ ’ਤੇ ਉਂਗਲ ਧਰੀ ਅਤੇ ਇਸ ਨੂੰ ਲਾਗੂ ਕਰਨ ਅਤੇ ਲਾਭਪਾਤਰੀਆਂ ਬਾਰੇ ਕਈ ਸੁਆਲ ਉਠਾਏ। ਬਾਅਦ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਹ ਬਿਲ ਭਾਵੇਂ ਅੱਧ-ਪੱਕਿਆ ਤੇ ਕਮਜ਼ੋਰ ਹੈ, ਫਿਰ ਵੀ ਭਾਜਪਾ ਇਸ ਦੀ ਹਮਾਇਤ ਇਸ ਆਸ ਨਾਲ ਕਰ ਰਹੀ ਹੈ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿਚ ‘ਅਸੀਂ ਇਸ ਦੀਆਂ ਖਾਮੀਆਂ ਦੂਰ ਕਰ ਦਿਆਂਗੇ।’
No comments:
Post a Comment