ਟਾਂਡਾ ਉੜਮੁੜ(ਕੁਲਦੀਸ਼, ਪੱਪੂ)- ਬਲਾਕ ਟਾਂਡਾ ਦੇ ਪਿੰਡ ਰੜਾ ਵਿਖੇ ਦਰਿਆ ਬਿਆਸ ਦੀ ਮਾਰ ਹੇਠਾਂ ਆਏ ਮੰਡ ਇਲਾਕੇ 'ਚ ਪਾਣੀ ਦੀ ਨਿਕਾਸੀ ਨਾ ਹੋਣ ਸਦਕਾ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਸ਼੍ਰੀਮਤੀ ਸੰਤੋਸ਼ ਚੌਧਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਉਚੇਚੇ ਤੌਰ 'ਤੇ ਪਹੁੰਚੇ। ਰੜਾ, ਗੰਦੇਵਾਲ, ਫੱਤਾ ਕੁੱਲਾ ਆਦਿ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੇ ਕੇਂਦਰੀ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਨੂੰ ਦੱਸਿਆ ਕਿ ਦਰਿਆ ਬਿਆਸ 'ਚ ਪੌਂਗ ਡੈਮ ਤੋਂ ਛੱਡੇ ਪਾਣੀ ਸਦਕਾ ਰੜਾ, ਮੰਡ ਅਤੇ ਨਾਲ ਲੱਗਦੇ ਇਲਾਕੇ ਵਿਚ ਪਾਣੀ ਇਕੱਠਾ ਹੋ ਗਿਆ ਹੈ, ਜਿਸ ਦੀ ਨਿਕਾਸੀ ਨਾ ਹੋਣ ਸਦਕਾ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਆਸ 'ਤੇ ਬਣੇ ਪੁਲ ਦੇ ਨਾਲ ਬਣੀ ਯੂ-ਟਰਨ ਸੜਕ ਸਦਕਾ ਧੁੱਸੀ ਦੇ ਨਾਲ-ਨਾਲ ਖੜ੍ਹਾ ਪਾਣੀ ਝੀਲ ਦਾ ਰੂਪ ਧਾਰਨ ਕਰ ਗਿਆ ਹੈ। ਪਾਣੀ ਨਾ ਨਿਕਲਣ ਕਰਕੇ ਇਕੱਲੇ ਰੜਾ, ਮੰਡ ਖੇਤਰ ਵਿਚ ਹੀ ਲਗਭਗ 2100 ਏਕੜ ਖੜ੍ਹੀ ਫਸਲ ਖਰਾਬ ਹੋ ਰਹੀ ਹੈ। ਸਥਾਨਕ ਲੋਕਾਂ 'ਚ ਗਿਆਨ ਸਿੰਘ ਸੰਧੂ ਸਾਬਕਾ ਪ੍ਰਧਾਨ, ਰਣਜੀਤ ਸਿੰਘ, ਅਵਤਾਰ ਸਿੰਘ (ਦੋਵੇਂ ਸਾਬਕਾ ਸਰਪੰਚ), ਰੇਸ਼ਮ ਸਿੰਘ ਸਾਬਕਾ ਸੰਮਤੀ ਮੈਂਬਰ, ਭੁਪਿੰਦਰ ਸਿੰਘ, ਜਗਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਹਰ ਸਾਲ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਲਈ ਪਾਣੀ ਦੀ ਨਿਕਾਸੀ ਲਈ ਵਿਭਾਗ ਵਲੋਂ 3 ਪੁਲੀਆਂ ਮਨਜ਼ੂਰ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ ਇਕ ਪੁਲੀ ਹੀ ਬਣੀ। ਉਕਤ ਲੋਕਾਂ ਨੇ ਇਕ ਹੋਰ ਪੁਲੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਸ਼੍ਰੀਮਤੀ ਚੌਧਰੀ ਨੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਇਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਡੀ. ਸੀ. ਹੁਸ਼ਿਆਰਪੁਰ ਨੂੰ ਬੈਕਵਰਡ ਏਰੀਆ ਗ੍ਰਾਂਟ ਰਾਹੀਂ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਕਿਹਾ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਵਾਉਣ ਲਈ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਉਹ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਰਾਮ ਲੁਭਾਇਆ ਸਾਬਕਾ ਵਿਧਾਇਕ, ਵਿਨੋਦ ਕੁਮਾਰ ਜੇ. ਈ., ਗੁਰਪਾਲ ਸਿੰਘ ਪੰਚਾਇਤ ਸਕੱਤਰ, ਕੈਪਟਨ ਸੁਰਜੀਤ ਸਿੰਘ, ਸ਼ਿਵਦੀਪ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਜੋਗਿੰਦਰ ਸਿੰਘ, ਲਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।