ਕਰਨਾਲ- ਹਰਿਆਣਾ ਦੇ ਕਰਨਾਲ ਦਾ ਇਕ ਛੋਟਾ ਜਿਹਾ ਪਿੰਡ ਪੋਪੜਾ ਇਨੀਂ ਦਿਨੀਂ ਸੁਰਖੀਆਂ 'ਚ ਹੈ। ਇਸ ਦਾ ਕਾਰਨ ਇਸ ਪਿੰਡ 'ਚ ਹੋਈ ਇਕ ਅਨੋਖੀ ਸ਼ਾਦੀ ਹੈ ਜਿਸ ਵਿਚ ਸੱਤ ਸਮੁੰਦਰ ਪਾਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਇਕ ਲੜਕੀ ਪਿੰਡ ਦੇ ਇਕ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਆਈ।  ਦੋਹਾਂ ਨੇ ਐਤਵਾਰ ਨੂੰ ਵਿਆਹ ਕਰਵਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੱਤਰਕਾਰਿਤਾ 'ਚ ਮਾਸਟਰ ਦੀ ਡਿਗਰੀ ਕਰ ਰਹੇ ਕਰਨਾਲ ਦੇ ਪਿੰਡ ਪੋਪੜਾ ਨਿਵਾਸੀ ਮੁਕੇਸ਼ (25)  ਦਾ ਅਮਰੀਕਾ ਨਿਵਾਸੀ ਐਡਰੀਆਨਾ ਪੈਰੋਲ ਨਾਲ ਫੇਸਬੁੱਕ 'ਤੇ ਸੰਪਰਕ ਹੋਇਆ। ਫੇਸਬੁੱਕ ਰਾਹੀਂ ਦੋਹਾਂ 'ਚ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ। ਇਸ ਦੌਰਾਨ ਮੁਕੇਸ਼ ਨੇ ਆਪਣੇ ਘਰ ਦੇ ਹਾਲਾਤਾਂ ਬਾਰੇ ਐਡਰੀਆਨਾ ਨੂੰ ਸਭ ਕੁਝ ਦੱਸ ਦਿੱਤਾ ਅਤੇ ਐਡਰੀਆਨਾ ਨੇ ਵੀ ਮੁਕੇਸ਼ ਨੂੰ ਆਪਣੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨਾਲ ਜੀਵਨ ਗੁਜ਼ਾਰਨ ਦਾ ਫੈਸਲਾ ਕਰ ਲਿਆ। ਫਿਰ ਕੀ ਸੀ ਬੀਤੇ ਦਿਨੀਂ ਐਡਰੀਆਨਾ ਸੱਤ ਸਮੁੰਦਰ ਪਾਰ ਤੋਂ ਮੁਕੇਸ਼ ਦੇ ਪਿੰਡ ਪਹੁੰਚ ਗਈ। ਜੀਂਸ ਅਤੇ ਟਾਪ ਪਹਿਨਣ ਵਾਲੀ ਐਡਰੀਆਨਾ ਨੇ ਦੇਸੀ ਸੂਟ ਪਹਿਨ ਕੇ ਵਿਆਹ ਕਰਵਾਇਆ।
ਹਮੇਸਾ ਸੁੱਖ-ਸਹੂਲਤਾਂ ਵਿਚ ਜੀਵਨ ਗੁਜ਼ਾਰਨ ਵਾਲੀ ਐਡਰੀਆਨਾ ਨੇ ਪਲੰਗ 'ਚ ਰਾਤ ਗੁਜ਼ਾਰੀ ਪਰ ਉਸ ਨੂੰ ਆਪਣੇ ਇਸ ਸਾਧਾਰਣ ਜੀਵਨ 'ਚ ਖੁਸ਼ੀ ਹੈ ਅਤੇ ਉਹ ਭਾਰਤ 'ਚ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਐਡਰੀਆਨਾ ਦਾ ਪਹਿਲਾਂ ਨੇਵੀ 'ਚ ਕੰਮ ਕਰਦੇ ਇਕ ਸੈਨਿਕ ਨਾਲ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਲੜਕੀ ਵੀ ਹੈ। ਪਰ ਉਨ੍ਹਾਂ ਦਾ ਵਿਆਹਿਕ ਜੀਵਨ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਿੰਨ ਸਾਲ ਬਾਅਦ ਤਲਾਕ ਹੋ ਗਿਆ। ਇਸ ਦੌਰਾਨ ਉਸ ਦਾ ਸੰਪਰਕ ਮੁਕੇਸ਼ ਨਾਲ ਫੇਸਬੁੱਕ ਰਾਹੀਂ ਹੋਇਆ ਅਤੇ ਦੋਹਾਂ ਨੇ ਆਪਣੇ ਜੀਵਨ ਦੀਆਂ ਸਾਰੀਆਂ ਗੱਲਾਂ ਇਕ-ਦੂਜੇ ਨਾਲ ਸਾਂਝੀਆਂ ਕਰਨ ਤੋਂ ਬਾਅਦ ਜੀਵਨ ਸਾਥੀ ਬਣਨ ਦਾ ਫੈਸਲਾ ਕਰ ਲਿਆ। ਐਡਰੀਅਨਾ ਦੇ ਇਸ ਫੈਸਲੇ ਦਾ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਕਾਫੀ ਵਿਰੋਧ ਕੀਤਾ ਪਰ ਆਪਣੇ ਪਿਆਰ ਨੂੰ ਪਰਵਾਨ ਕਰਨ ਲਈ ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਭਾਰਤ ਆ ਗਈ। ਐਡਰੀਅਨਾ ਨੇ ਕਿਹਾ ਕਿ ਮੈਨੂੰ ਭਾਰਤ ਦਾ ਸ਼ਾਕਾਹਾਰੀ ਭੋਜਨ ਬਹੁਤ ਚੰਗਾ ਲੱਗਾ ਅਤੇ ਉਸ ਨੇ ਪਿੰਡ 'ਚ ਬਣੀ ਸਬਜ਼ੀ ਅਤੇ ਰੋਟੀ ਖਾਈ। ਉਸ ਨੇ ਕਿਹਾ ਕਿ ਇਥੋਂ ਦੇ ਲੋਕਾਂ ਦੀ ਮਾਸੂਮੀਅਤ ਨੇ ਉਸ ਦਾ ਦਿਲ ਜਿੱਤ ਲਿਆ ਅਤੇ ਉਸ ਨੂੰ ਇਥੋਂ ਦਾ ਰਹਿਨ-ਸਹਿਨ ਅਤੇ ਸੰਸਕ੍ਰਿਤੀ ਵੀ ਭਾਅ ਗਈ।