www.sabblok.blogspot.com
ਕੈਨੇਡਾ ਸਰਕਾਰ ਦੇ ਪੱਤਰ ਮਗਰੋਂ ਸੁਖਬੀਰ ਬਾਦਲ ਦਾ ਕੈਨੇਡਾ ਦੌਰਾ ਰੱਦ
ਗਗਨਦੀਪ ਸੋਹਲ 9876471153
ਚੰਡੀਗੜ੍ਹ, 21 ਅਗਸਤ : ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਅਗਲੇ ਮਹੀਨੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਕੈਨੇਡਾ ਦੌਰਾ ਆਖਰ ਰੱਦ ਕਰ ਦਿਤਾ ਗਿਆ ਹੈ| ਮਨੁੱਖੀ ਅਧਿਕਾਰ ਸੰਗਠਨ ਸਿੱਖਸ ਫਾਰ ਜਸਟਿਸ ਤੇ ਕੁਝ ਗਰਮਖਿਆਲੀ ਜਥੇਬੰਦੀਆਂ ਵਲੋਂ ਸੁਖਬੀਰ ਖਿਲਾਫ ਕੈਨੇਡਾ ਚ ਕੇਸ ਦਰਜ ਕਰਾਏ ਜਾਣ ਦੇ ਐਲਾਨ ਮਗਰੋਂ ਜਿਥੇ ਪੰਜਾਬ ਦੇ ਸਿਆਸੀ ਗਲਿਆਰਿਆਂ ਚ ਕਈ ਤਰ੍ਹਾਂ ਦੀ ਚਰਚਾ ਸੀ ਪਰ ਕੈਨੇਡਾ ਸਰਕਾਰ ਵਲੋਂ ਭਾਰਤ ਸਰਕਾਰ ਰਾਹੀਂ ਪੰਜਾਬ ਸਰਕਾਰ ਨੂੰ ਲਿਖੇ ਇਕ ਸਲਾਹਮਈ ਸੁਆਗਤ ਪੱਤਰ ਕਾਰਨ ਪੰਜਾਬ ਸਰਕਾਰ ਵਲੋਂ ਇਹ ਦੌਰਾ ਰੱਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ|
ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਕੈਨੇਡਾ ਸਰਕਾਰ ਨੂੰ ਸੁਖਬੀਰ ਦੀ ਸੰਭਾਵਤ ਫੇਰੀ ਦੀ ਜਾਣਕਾਰੀ ਦੇਣ ਲਈ ਇਕ ਪੱਤਰ ਲਿਖਿਆ ਗਿਆ ਸੀ| ਹੁਣ ਇਸ ਦੇ ਜੁਆਬ ਚ ਕੈਨੇਡਾ ਸਰਕਾਰ ਨੇ ਇਕ ਪੱਤਰ ਪੰਜਾਬ ਸਰਕਾਰ ਨੂੰ ਵਾਇਆ ਭਾਰਤ ਸਰਕਾਰ ਲਿਖਿਆ ਹੈ| ਇਸ ਪੱਤਰ ਰਾਹੀਂ ਉਨ੍ਹਾਂ ਨੂੰ ਕੈਨੇਡਾ ਆਉਣ ਤੇ ਸ਼ੁਭਕਾਮਨਾਵਾਂ ਤਾਂ ਦਿਤੀਆਂ ਗਈਆਂ ਹਨ ਪਰ ਪੱਤਰ ਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਕੈਨੇਡਾ ਚ ਸੁਖਬੀਰ ਦੀ ਫੇਰੀ ਦੌਰਾਨ ਉਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਹੋ ਸਕਦੇ ਹਨ| ਪੱਤਰ ਚ ਕੈਨੇਡੀਅਨ ਸਰਕਾਰ ਨੇ ਲਿਖਿਆ ਹੈ ਕਿ ਉਹ ਅਜਿਹੇ ਪ੍ਰਦਰਸ਼ਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਚਾਰਟਰ ਮੁਤਾਬਕ ਰੋਕ ਨਹੀਂ ਸਕਦੀ ਤੇ ਨਾ ਹੀ ਭਾਰਤ ਵਾਂਗ ਉਹ ਕੈਨੇਡਾ ਚ ਵੀ. ਆਈ. ਪੀਜ਼ ਨੂੰ ਸੁਰੱਖਿਆ ਦੇ ਸਕਦੀ ਹੈ| ਇਸ ਪੱਤਰ ਮੁਤਾਬਕ ਸੁਖਬੀਰ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਅਸਿੱਧੇ ਤੌਰ ਤੇ ਆਪਣੇ ਸ਼ੰਕੇ ਉਜਾਗਰ ਕੀਤੇ ਸਨ| ਇਹ ਪੱਤਰ ਮਿਲਣ ਉਪਰੰਤ ਪੰਜਾਬ ਸਰਕਾਰ ਨੇ ਸੁਖਬੀਰ ਦੀ ਸਤੰਬਰ ਫੇਰੀ ਰੱਦ ਕਰ ਦਿਤੀ ਹੈ|
ਦੂਜੇ ਪਾਸੇ ਬਾਬੂਸ਼ਾਹੀ ਦੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚਲੇ ਸੂਤਰਾਂ ਅਨੁਸਾਰ ਅਜੇ ਸਿਰਫ ਟੋਰਾਂਟੋ ਚ ਹੀ ਅਕਾਲੀ ਦਲ ਵਲੋਂ ਇਕ ਵੱਡਾ ਹਾਲ ਸੁਖਬੀਰ ਦੀ ਫੇਰੀ ਲਈ ਬੁੱਕ ਕੀਤਾ ਗਿਆ ਸੀ ਪਰ ਹੁਣ ਫੇਰੀ ਰੱਦ ਹੋਣ ਕਾਰਨ ਜਿਥੇ ਕੈਨੇਡਾ ਦੇ ਅਕਾਲੀਆਂ ਚ ਮਾਯੂਸੀ ਦਾ ਆਲਮ ਛਾ ਜਾਏਗਾ, ਉਥੇ ਦੌਰੇ ਦਾ ਵਿਰੋਧ ਕਰਨ ਵਾਲੇ ਗਰਮਖਿਆਲੀਆਂ ਤੇ ਸਿੱਖਸ ਫਾਰ ਜਸਟਿਸ ਇਸ ਫੈਸਲੇ ਨਾਲ ਬਾਗੋਬਾਗ ਹੋਣਗੇ|
No comments:
Post a Comment