jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 20 August 2013

ਮੁਕਤਸਰ ਜਿਲਾ ਪਾਣੀ ਦੀ ਭਿਅੰਕਰ ਮਾਰ ਹੇਠ, ਫ਼ਸਲਾਂ ਤਬਾਹ ਲੋਕ ਉੱਚੀਆਂ ਥਾਵਾਂ ਦੀ ਸ਼ਰਣ 'ਚ

www.sabblok.blogspot.com
ਕੁਦਰਤ ਨੇਂ ਜੋ ਜਖ਼ਮ ਕੀਤੇ ਤੰਤਰ ਉਨਾਂ 'ਤੇ ਆਰੀ ਚਲਾ ਰਿਹੈ!
ਮੁਕਤਸਰ ਜਿਲਾ ਪਾਣੀ ਦੀ ਭਿਅੰਕਰ ਮਾਰ ਹੇਠ, ਫ਼ਸਲਾਂ ਤਬਾਹ ਲੋਕ ਉੱਚੀਆਂ ਥਾਵਾਂ ਦੀ ਸ਼ਰਣ 'ਚ
 ਲੀਡਰ ਤੇ ਬਾਬੂ ਕਰ ਰਹੇ ਨੇ ਰਸਮਾਂ ਪੂਰੀਆਂ
 ਮਲੋਟ (ਮਿੰਟੂ ਗੁਰੂਸਰੀਆ): ਮੁੱਖ ਮੰਤਰੀ ਦਾ ਜੱਦੀ ਜਿਲਾ ਦੋ ਭਿਅੰਕਰ ਆਫ਼ਤਾਂ ਨਾਲ ਜੂਝ ਰਿਹੈ। ਪਹਿਲੀ ਆਫ਼ਤ ਹੈ 'ਕੱਲੇ ਕੱਛੇ' ਦੀ ਦਹਿਸ਼ਤ ਤੇ ਦੂਜੀ ਕੁਝ ਦਿਨ ਪਹਿਲਾਂ ਅੰਬਰੋਂ ਵਰੇ ਮੀਂਹ ਨਾਲ ਆਇਆ ਜਲ-ਸੈਲਾਬ। ਹਾਲਾਂਕਿ ਦੋਵੇਂ ਆਫ਼ਤਾਂ ਆਪੋ-ਆਪਣੀ ਜਗਾ ਸਿਰੇ ਦੀਆਂ ਦੁਖਦਾਈ ਹਨ, ਪਰ ਦੂਜੀ ਆਫ਼ਤ ਜੋ ਮੀਂਹ ਨਾਲ ਉਤਪੰਨ ਹੋਈ ਹੜਾਂ ਵਰਗੀ ਸਥਿਤੀ ਹੈ ਨੇ ਤਾਂ ਜਿੰਦਗੀ ਦੀ ਰਫ਼ਤਾਰ 'ਤੇ ਹੈਂਡ ਬਰੇਕ ਹੀ ਲਾ ਛੱਡੀ ਹੈ। ਕੱਲ ਤੱਕ ਜੋ ਪ੍ਰਸ਼ਾਸਨਿਕ ਅਧਿਕਾਰੀ ਦਾਅਵਿਆਂ ਦੀ ਖਿੱਚੜੀ ਪਕਾ ਰਹੇ ਸਨ ਕਿ 'ਸਭੇ ਤਿਆਰੀਆਂ ਮੁਕੰਮਲ ਨੇ' ਉਹ ਅਧਿਕਾਰੀ ਗੋਢਿਆਂ ਤੱਕ ਪੈਟਾਂ ਟੰਗ ਕੇ ਜਦ ਮੁਆਇਨਿਆਂ ਨੂੰ ਨਿਕਲਦੇ ਹਨ ਤਾਂ ਪਤਾ ਨਹੀਂ ਕਿਹੜੇ ਮੂੰਹ ਨਾਲ ਉਹ ਪੀੜਤਾਂ ਨੂੰ ਸਭ ਅੱਛਾ ਹੋਂਣ ਦੀ ਦਿਲਬਰੀ ਦੇਂਦੇ ਹਨ? ਦਰਅਸਲ, ਇਸ ਮੀਂਹ ਤੋਂ ਪਹਿਲਾਂ ਹੀ ਮੁਸੀਬਤ ਨੇ ਉਸ ਵੇਲੇ ਆਹਟ ਦਿੱਤੀ ਸੀ ਜਦੋਂ ਮੁਕਤਸਰ ਦੇ ਨਾਲ ਲੱਗਦੇ ਪਿੰਡ ਉਦੇਕਰਨ ਵਿਚ ਥੋੜੇ ਜਿਹੇ ਮੀਂਹ ਤੋਂ ਬਾਅਦ ਪਾਣੀ ਨੇ ਹਾਹਾਕਾਰ ਮਚਾ ਦਿੱਤੀ ਸੀ, ਪਰ ਕੰਨਾਂ 'ਚ ਅਣਗਹਿਲੀਆਂ ਦਾ ਰੂੰਅ ਧੁੰਨੀ ਬੈਠੀ ਅਫ਼ਸਰਸ਼ਾਹੀ ਨੂੰ ਲੋਕਾਂ ਦੀ ਵੇਦਨਾਂ ਦੀ ਚੀਕੋ-ਪੁਕਾਰ ਸੁਣਾਈ ਨਾ ਦਿੱਤੀ, ਤੇ ਫੇਰ ਉਹੀ ਹੋ ਗਿਆ ਜਿਸ ਦਾ ਧੜਕੂ ਲੋਕਾਂ ਦੇ ਮਨਾਂ ਵਿਚ ਸੀ। ਤਿੰਨ ਦਿਨ ਲਗਾਤਾਰ ਪਏ ਮੀਂਹ ਨੇ ਮੁਕਤਸਰ ਜਿਲੇ ਨੂੰ ਜਲ-ਕੁੰਭ ਵਿਚ ਤਬਦੀਲ ਕਰ ਦਿੱਤਾ। ਸ਼ਹਿਰ ਝੀਲਾਂ ਦਾ ਰੂਪ ਧਾਰਨ ਕਰ ਗਏ ਤੇ ਕਿਸਾਨਾਂ ਦੇ ਭਵਿੱਖ ਦੇ ਸਿਰਜਕ ਖੇਤ-ਖ਼ਲਿਆਣ ਟੋਬੇ ਬਣਕੇ ਚੁੱਲਿਆਂ ਨੂੰ ਸ਼ੀਤ ਕਰ ਗਏ। ਅੱਜ ਆਲਮ ਇਹ ਹੈ ਕਿ ਮੁਕਤਸਰ ਦੇ ਲੰਬੀ, ਮਲੋਟ, ਗਿੱਦੜਬਾਹਾ ਅਤੇ ਮੁਕਤਸਰ ਦੇ ਇਲਾਕਿਆਂ ਵਿਚ ਪਾਣੀ ਤਾਂਡਵ ਮਚਾ ਰਿਹਾ ਹੈ। ਜਿਲੇ ਦੇ ਪੱਕੀ ਟਿੱਬੀ, ਆਲਮਵਾਲਾ, ਪਿੰਡ ਮਲੋਟ, ਉਦੈਕਰਨ, ਵਧਾਈ, ਚੌਂਤਰਾ, ਮੰਨੀਆਂਵਾਲਾ, ਪੁੰਨੂੰ ਖੇੜਾ, ਭੂੰਦੜ, ਲੂੰਢੇ ਵਾਲਾ, ਖਾਨੇ ਕੀ ਢਾਬ, ਰੱਤਾ ਖੇੜਾ ਆਦਿ ਪਿੰਡਾਂ ਵਿਚ ਤਾਂ ਫ਼ਸਲ ਸੌ ਫ਼ੀਸਦੀ ਤਬਾਹ ਹੋ ਗਈ। ਪਿੰਡਾਂ ਵਿਚ ਜਲ-ਫੈਲਾਅ ਹੋ ਗਿਆ। ਲੋਕ ਟਿੱਬਿਆਂ 'ਤੇ ਜਾ ਕੇ ਡੇਰੇ ਲਾ ਬੈਠੇ ਹਨ। ਪੰਛੀ ਤੇ ਕੀੜੇ-ਮਕੌੜੇ ਵੱਡੇ ਪੱਧਰ 'ਤੇ ਮਰ ਗਏ ਹਨ। ਕਿਸਾਨਾਂ ਨੂੰ ਚਿੰਤਾਂ ਹੋ ਰਹੀ ਹੈ ਕਿ ਧੀ ਕਿਵੇਂ ਤੋਰੀ ਜਾਵੇਗੀ ਤੇ ਪੁੱਤ ਕਿੱਧਾਂ ਪੜਾਇਆ ਜਾਵੇਗਾ। ਪਰ ਇਨਾਂ ਹਾਲਾਤਾਂ ਵਿਚ ਪ੍ਰਸ਼ਾਸਨ ਫ਼ਰਜ਼ਾਂ ਨੂੰ ਨਿਭਾਉਂਣ ਤੇ ਪੀੜਤਾਂ ਨੂੰ ਮੱਦਦ ਦੇਂਣ 'ਚ ਅਸਹਾਈ ਸਾਬਤ ਹੋ ਰਿਹਾ ਹੈ। ਕੁਝ ਨੀਲੀਆਂ ਦਸਤਾਰਾਂ ਵਾਲੇ ਹੂਟਰ ਮਾਰਦੇ ਪਿੰਡਾਂ 'ਚ ਤਾਂ ਪੁੱਜ ਰਹੇ ਹਨ, ਪਰ ਉਨਾਂ ਦੇ ਇਹ ਦੌਰੇ ਹਮਦਰਦਾਨਾ ਘੱਟ ਤੇ ਅਖ਼ਬਾਰਾਂ ਰੰਗੀਨ ਕਰਨ ਲਈ ਸ਼ੌਕੀਆ ਜ਼ਿਆਦੇ ਹਨ। ਅਫਸਰਸ਼ਾਹੀ ਦਾ ਵੀ ਇਹੀ ਹਾਲ ਹੈ। ਲੀਡਰ ਤੇ ਸਰਕਾਰੀ ਬਾਬੂ ਜਿਹੜੇ ਵੀ ਪਿੰਡ ਵਿਚ ਜਾਂਦੇ ਹਨ, ਉੱਥੇ ਦੋ-ਚਾਰ ਹਜ਼ਾਰ ਦੀ ਸਹਾਇਤਾ ਕਰਕੇ ਦੀਨ-ਦੁਖੀਆਂ ਨੂੰ ਨਿਹਾਲ ਕਰ ਦੇਂਦੇ ਹਨ। ਤ੍ਰਾਸਦੀ ਵੇਖੋ, ਜਿਨਾਂ ਗ਼ਰੀਬਾਂ ਦੇ ਮਕਾਨ ਡਿੱਗ ਪਏ ਹਨ ਜਾਂ ਜੋ ਉੱਚੀਆਂ ਥਾਵਾਂ ਨੂੰ ਪ੍ਰਸਥਾਨ ਕਰ ਗਏ ਹਨ 'ਘਰ ਦੀ ਗੌਰਮਿੰਟ' ਨੇ ਅਜਿਹੇ ਲੋਕਾਂ ਨੂੰ ਹਾਲੇ ਤੱਕ ਤਰਪਾਲਾਂ ਵੀ ਨਹੀਂ ਦਿੱਤੀਆਂ। ਸਭ ਤੋਂ ਦਿਲਤੋੜੂ ਗੱਲ ਤਾਂ ਇਹ ਰਹੀ ਕਿ ਜਿਸ ਬਾਦਲ ਜੋੜੀ ਨੂੰ ਇਹ ਇਲਾਕਾ ਘਰ ਦੇ ਜੀਅ ਮੰਨਦਾ ਹੈ ਉਹ ਹਾਲੇ ਤੱਕ ਮੁਸੀਬਤ ਮਾਰਿਆਂ ਦਾ ਹਾਲ ਪੁੱਛਣ ਵੀ ਨਹੀਂ ਆਏ। ਸਭ ਤੋਂ ਮੰਦੇ ਭਾਗ ਕਿਸਾਨ ਦੇ ਲਿਕਲੇ, ਜਿਸ ਦੀ ਪਲੀ-ਪਲਾਈ ਫ਼ਸਲ ਕੁਦਰਤੀ ਆਫ਼ਤ ਦੀ ਭੇਟ ਚੜ ਗਈ, ਪਰ ਸਰਕਾਰ ਨੇ ਅਜੇ ਤੱਕ ਕੋਈ ਸਰਵੇਅ\ਗਿਰਦਾਵਰੀ ਦੇ ਹੁਕਮ ਨਹੀਂ ਦਿੱਤੇ। ਜਦ ਨੂੰ ਹੁਕਮ ਹੋਂਣਗੇ ਤਦ ਤੱਕ ਕਿਸਾਨ ਅੱਖਾਂ ਦਾ ਨੀਰ ਪੂੰਝ ਕੇ ਕਣਕ ਬੀਜਣ ਲਈ ਵੀ ਤਿਆਰ ਹੋ ਜਾਣਗੇ। ਪਿੰਡ ਆਲਮਵਾਲਾ ਦੇ ਕਿਸਾਨ ਅਤੇ ਅਧਿਆਪਨ ਨਾਲ ਜੁੜੇ ਗੁਰਮੀਤ ਸਿੰਘ ਸੇਖੋਂ ਨੇ ਦੱਸਿਆ ਕਿ ਉਸ ਦਾ 14 ਏਕੜ ਨਰਮਾ ਮੀਂਹ ਨਾਲ ਤਬਾਹ ਹੋ ਗਿਆ, ਉਹ ਇਸ ਫ਼ਸਲ ਤੇ ਦੋ ਲੱਖ ਦੇ ਕਰੀਬ ਪੈਸਾ ਖਰਚ ਚੁੱਕਾ ਸੀ, ਸਰਕਾਰ ਕੁਝ ਨਹੀਂ ਕਰੇਗੀ, ਜੇ ਦਿੱਤਾ ਵੀ ਤਾਂ ਓਨੇ ਪੈਸੇ ਖਾਤਾ ਖੁਲਵਾਉਂਣ 'ਚ ਖਰਚ ਹੋ ਜਾਣਗੇ ਜਿੰਨੇ ਦਾ ਸਰਕਾਰੀ ਚੈੱਕ ਹੋਵੇਗਾ। ਇਕ ਦੁਕਾਨਦਾਰ ਤੇ ਕਿਸਾਨ ਲਖਨਪਾਲ ਨੇ ਵੀ ਰੋਂਦਿਆਂ ਦੱਸਿਆ ਕਿ ਮੀਂਹ ਨੇ ਫ਼ਸਲ ਦੇ ਨਾਲ-ਨਾਲ ਸਿਰਾਂ ਤੋਂ ਛੱਤ ਵੀ ਖੋਹ ਲਈ ਹੈ, ਜੋ ਲੀਡਰ ਦੌਰਿਆਂ 'ਤੇ ਆਉਂਦੇ ਹਨ, ਉਹ ਫ਼ੋਟੋਆਂ ਖਿਚਵਾ ਕੇ ਘੋੜਾ ਮੋੜ ਲਿਜਾਂਦੇ ਹਨ, ਅਸੀਂ ਇਸ ਸਮੇਂ ਲਾਵਾਰਸ ਹਾਂ। ਲੋਕਾਂ ਦੀਆਂ ਧਾਹਾਂ ਸੱਚੀਆਂ ਹਨ। ਇਸ ਲਈ ਸਰਕਾਰ ਨੂੰ ਨੀਂਦ ਤੋਂ ਤਿਆਗ ਕੇ ਜੰਗੀ ਪੱਧਰ 'ਤੇ ਰਾਹਤ ਕਾਰਜ ਸ਼ੁਰੂ ਕਰਨੇ ਚਾਹੀਦੇ ਹਨ। ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਲਈ ਗਿਰਦਾਵਰੀ ਦੇ ਹੁਕਮ ਦੇਂਣ ਤੋਂ ਇਲਾਵਾ ਜਿੰਨਾਂ ਗ਼ਰੀਬਾਂ ਦੀ ਛੱਤ ਖੋਹੀ ਗਈ ਹੈ, ਉਨਾਂ ਦੇ ਸਿਰ ਢੱਕੇ ਜਾਂਣ 'ਤੇ ਜਮਾਂ ਹੋਏ ਪਾਣੀ ਨੂੰ ਜਲਦ ਕੱਢਣ ਲਈ ਮੋਟਰਾਂ ਲਾ ਕੇ ਪਾਣੀ ਸੇਮ ਨਾਲਿਆਂ 'ਚ ਸੁੱਟਿਆ ਜਾਵੇ। ਨਹੀਂ ਤਾਂ ਲੋਕਾਂ ਦਾ 'ਆਪਣੀ ਸਰਕਾਰ' ਤੋਂ ਭਰੋਸਾ ਉੱਠ ਜਾਵੇਗਾ।

No comments: