ਆਸਾਰਾਮ ਦੀ ਗਿ੍ਰਫ਼ਤਾਰੀ ਸੰਭਵ ਪੁਲਸ ਨੂੰ ਮਿਲੇ ਪੁਖ਼ਤਾ ਸਬੂਤ
ਨਵੀਂ ਦਿੱਲੀ : 17 ਸਾਲਾ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਜੋਧਪੁਰ ਪੁਲਸ ਛੇਤੀ ਹੀ ਵਿਵਾਦਤ ਧਰਮਗੁਰੂ ਆਸਾਰਾਮ ਬਾਪੂ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਦੀ ਗਿ੍ਰਫ਼ਤਾਰੀ ਵੀ ਹੋ ਸਕਦੀ ਹੈ। ਪੁਲਸ ਨੂੰ ਹੁਣ ਤੱਕ ਦੀ ਜਾਂਚ 'ਚ ਉਨ੍ਹਾਂ ਖ਼ਿਲਾਫ਼ ਪੁਖਤਾ ਸਬੂਤ ਮਿਲੇ ਹਨ। ਵੀਰਵਾਰ ਨੂੰ ਉਨ੍ਹਾਂ ਦਾ ਆਸ਼ਰਮ ਸੀਲ ਕਰ ਦਿੱਤਾ ਗਿਆ। ਇਸ ਮਾਮਲੇ ਨੇ ਹੁਣ ਸਿਆਸੀ ਰੰਗ ਲੈ ਲਿਆ ਹੈ। ਕਾਂਗਰਸ ਸ਼ਾਸਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੁਲਸ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤਾਂ ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਨੇ ਆਸਾਰਾਮ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਬੇਕਸੂਰ ਦੱਸਿਆ ਹੈ। ਜੋਧਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸਾਫ ਹੈ ਕਿ ਆਸਾਰਾਮ ਘਟਨਾ ਵਾਲੇ ਦਿਨ 15 ਅਗਸਤ ਨੂੰ ਜੋਧਪੁਰ ਆਸ਼ਰਮ 'ਚ ਹੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਅਗਾਊਂ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੇ ਇਕ ਚੇਲੇ ਨੇ ਜੋਧਪੁਰ ਤੇ ਜੈਪੁਰ ਦੇ ਸੀਨੀਅਰ ਵਕੀਲਾਂ ਨਾਲ ਇਸ ਸਬੰਧੀ ਗੱਲ ਕੀਤੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਾਮਲੇ 'ਚ ਜਾਂਚ ਦੀ ਜ਼ਿੰਮੇਵਾਰੀ ਪੁਲਸ ਕਮਿਸ਼ਨਰ ਨੂੰ ਸੌਂਪੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਉਮਾ ਭਾਰਤੀ ਨੇ ਟਵੀਟ ਕੀਤਾ ਕਿ ਬਾਪੂ ਨਿਰਦੋਸ਼ ਹਨ। ਉਨ੍ਹਾਂ ਨੂੰ ਸੋਨੀਆ ਤੇ ਰਾਹੁਲ ਗਾਂਧੀ ਦਾ ਵਿਰੋਧ ਕਰਨ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਕਾਂਗਰਸ ਸ਼ਾਸਤ ਸੂਬਿਆਂ 'ਚ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ। ਸੰਤ ਸਮਾਜ ਉਨ੍ਹਾਂ ਦੇ ਨਾਲ ਹੈ। ਇਸ ਦੌਰਾਨ ਜੈਪੁਰ 'ਚ ਇਕ ਪ੍ਰੋਗਰਾਮ ਦੌਰਾਨ ਜੈਨ ਸੰਤ ਤਰੁਣ ਸਾਗਰ ਮਹਾਰਾਜ ਨੇ ਆਸਾਰਾਮ ਨੂੰ ਅੱਤਵਾਦੀ ਓਸਾਮਾ ਬਿਨ ਲਾਦੇਨ ਤੋਂ ਵੀ ਖ਼ਤਰਨਾਕ ਦੱਸਿਆ। ਉਨ੍ਹਾਂ ਕਿਹਾ ਕਿ ਲਾਦੇਨ ਨੇ ਲੋਕਾਂ ਦੀ ਹੱਤਿਆ ਕੀਤੀ ਸੀ ਪਰ ਆਸਾਰਾਮ ਨੇ ਭਗਤਾਂ ਦੇ ਵਿਸ਼ਵਾਸ ਦੀ ਹੱਤਿਆ ਕੀਤੀ। ਜੋਧਪੁਰ ਪੁਲਸ ਮੁਤਾਬਕ ਆਸਾਰਾਮ ਨੇ ਪੀੜਤ ਲੜਕੀ ਨੂੰ ਧਮਕਾਇਆ ਸੀ ਕਿ ਉਹ ਭਗਵਾਨ ਹੈ ਤੇ ਜੇਕਰ ਉਸ ਨੇ ਕਿਸੇ ਨੂੰ ਬਲਾਤਕਾਰ ਬਾਰੇ ਦੱਸਿਆ ਤਾਂ ਉਹ ਉਸ ਨੰੂ ਪਰਿਵਾਰ ਸਮੇਤ ਭਸਮ ਕਰ ਦੇਣਗੇ। ਜ਼ਿਕਰਯੋਗ ਹੈ ਕਿ ਸੰਤ 'ਤੇ ਗ਼ੈਰ ਜ਼ਮਾਨਤੀ ਧਾਰਾਵਾਂ ਲੱਗੀਆਂ ਹਨ। ਪੁਲਸ ਨੇ ਪਾਕਸੋ ਐਕਟ 'ਚ ਵੀ ਕੇਸ ਦਰਜ ਕੀਤਾ ਹੈ। ਇਸ ਕਾਨੂੰਨ 'ਚ ਪੀੜਤਾ ਦੇ ਬਿਆਨ ਹੀ ਸਭ ਤੋਂ ਅਹਿਮ ਮੰਨੇ ਜਾਂਦੇ ਹਨ। ਯਾਦ ਰਹੇ ਕਿ 74 ਸਾਲ ਦੇ ਆਸਾਰਾਮ ਤੇ ਉਨ੍ਹਾਂ ਦੇ ਤਿੰਨ ਚੇਲਿਆਂ 'ਤੇ ਨਾਬਾਲਿਗ ਵਿਦਿਆਰਥਣ ਨੇ ਦਿੱਲੀ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਦਿੱਲੀ ਪੁਲਸ ਨੇ ਮਾਮਲਾ ਜੋਧਪੁਰ ਟਰਾਂਸਫਰ ਕਰ ਦਿੱਤਾ। ਪੀੜਤਾ ਆਸਾਰਾਮ ਦੇ ਿਛੰਦਵਾੜਾ (ਮੱਧ ਪ੍ਰਦੇਸ਼) ਵਿਖੇ ਆਸ਼ਰਮ 'ਚ 12ਵੀਂ ਜਮਾਤ 'ਚ ਪੜ੍ਹਦੀ ਹੈ। ਮੂਲ ਰੂਪ 'ਚ ਉਹ ਯੂਪੀ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਾਲੇ ਪਿਛਲੇ ਦਸ ਸਾਲਾਂ ਤੋਂ ਆਸਾਰਾਮ ਦੇ ਚੇਲੇ ਸਨ।