ਨਵੀਂ ਦਿੱਲੀ, 31 ਅਗਸਤ (ਪੀ. ਟੀ. ਆਈ.)-ਰੁਪਏ ਦੀ ਕੀਮਤ ਵਿਚ ਭਾਰੀ ਗਿਰਾਵਟ ਨੂੰ ਦੇਖਦੇ ਹੋਏ ਤੇਲ ਕੰਪਨੀਆਂ ਨੇ ਪੈਟਰੋਲ 2.35 ਰੁਪਏ ਅਤੇ ਡੀਜ਼ਲ 50 ਪੈਸੇ ਪ੍ਰਤੀ ਲਿਟਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਵਾਧਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਸਰਕਾਰ ਦੇ ਯਤਨਾਂ ਦੇ ਬਾਵਜੂਦ ਇਸ ਸਾਲ ਹੁਣ ਤਕ ਰੁਪਏ ਦੀ ਕੀਮਤ ਵਿਚ 20 ਫ਼ੀਸਦੀ ਗਿਰਾਵਟ ਆਈ ਹੈ। ਤੇਲ ਕੰਪਨੀਆਂ ਨੂੰ ਰੁਪਏ ਦੀ ਕੀਮਤ ਘਟਣ ਕਾਰਨ ਡੀਜ਼ਲ, ਪੈਟਰੋਲ ਅਤੇ ਮਿੱਟੀ ਦੇ ਤੇਲ ਦੀ ਵਿਕਰੀ 'ਤੇ ਸਾਲਾਨਾ 7900 ਕਰੋੜ ਰੁਪਏ ਦਾ ਵਾਧੂ ਨੁਕਸਾਨ ਹੋਣ ਦੀ ਆਸ ਹੈ। ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਕਰੰਸੀ ਬਾਜ਼ਾਰ ਚੋਂ ਡਾਲਰ ਦੀਆਂ ਵੱਡੀਆਂ ਖਰੀਦਦਾਰ ਹਨਅਤੇ ਉਨ੍ਹਾਂ ਨੂੰ ਹਰੇਕ ਮਹੀਨੇ ਔਸਤਨ 7.5 ਕਰੋੜ ਟਨ ਕੱਚੇ ਤੇਲ ਦੀ ਦਰਾਮਦ ਲਈ 8.5 ਅਰਬ ਡਾਲਰਾਂ ਦੀ ਲੋੜ ਪੈਂਦੀ ਹੈ।

ਪੰਜਾਬ ਵਿਚ 3.07 ਰੁਪਏ ਮਹਿੰਗਾ ਹੋਇਆ ਪੈਟਰੋਲ
ਜਲੰਧਰ, 31 ਅਗਸਤ (ਸ਼ਿਵ ਸ਼ਰਮਾ)- ਤੇਲ ਕੰਪਨੀਆਂ ਵਲੋਂ ਅੱਜ ਫਿਰ ਪੈਟਰੋਲ 2.35 ਰੁਪਏ ਅਤੇ ਡੀਜ਼ਲ 50 ਪੈਸੇ ਪ੍ਰਤੀ ਲਿਟਰ ਕੀਮਤ ਵਧਾਉਣ ਨਾਲ ਪੰਜਾਬ ਵਿਚ ਪੈਟਰੋਲ ਲਗਪਗ 3.07 ਰੁਪਏ ਅਤੇ ਡੀਜ਼ਲ 55 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਪੈਟਰੋਲ ਉੱਪਰ 31 ਫ਼ੀਸਦੀ ਦੇ ਕਰੀਬ ਵੈਟ ਹੋਣ ਕਾਰਨ ਪੈਟਰੋਲ ਜ਼ਿਆਦਾ ਮਹਿੰਗਾ ਹੋ ਜਾਂਦਾ ਹੈ ਜਦਕਿ ਡੀਜ਼ਲ ਦੇ ਉੱਪਰ ਵੈਟ 9.63 ਹੈ। ਵੱਡੇ ਸ਼ਹਿਰਾਂ ਵਿਚ 4 ਪੈਸੇ ਪ੍ਰਤੀ ਲਿਟਰ ਦਾ ਅੰਤਰ ਰਹਿੰਦਾ ਹੈ। ਪੈਟਰੋਲ ਮਹਿੰਗਾ ਹੋਣ ਕਾਰਨ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਸਾਲਾਨਾ 200 ਕਰੋੜ ਰੁਪਏ ਤੋਂ ਜ਼ਿਆਦਾ ਦਾ ਫਾਇਦਾ ਹੋਵੇਗਾ। ਉੱਧਰ ਡੀਜ਼ਲ ਦਾ ਮੁੱਲ ਵਧਣ ਨਾਲ ਹੁਣ ਨਿਗਮਾਂ, ਪੁਲਿਸ ਵਿਭਾਗ ਸਮੇਤ ਹੋਰ ਵਿਭਾਗਾਂ 'ਤੇ ਵੀ ਜ਼ਿਆਦਾ ਭਾਰ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਇਨ੍ਹਾਂ ਅਦਾਰਿਆਂ ਨੇ ਡੀਜ਼ਲ ਹੁਣ ਆਪਣੇ ਪੰਪਾਂ 'ਤੇ ਲਿਆਉਣਾ ਬੰਦ ਕਰਕੇ ਨਿੱਜੀ ਪੰਪਾਂ ਤੋਂ ਖ਼ਰੀਦ ਰਹੇ ਹਨ। ਪੈਟਰੋਲ ਮਹਿੰਗਾ ਹੋਣ ਦੀ ਸੂਚਨਾ ਮਿਲਣ 'ਤੇ ਕਈ ਪੰਪਾਂ 'ਤੇ ਭੀੜ ਲੱਗਣੀ ਸ਼ੁਰੂ ਹੋ ਗਈ ਸੀ।
ਤਿੰਨ ਸ਼ਹਿਰਾਂ ਵਿਚ ਇਹ ਹੋਣਗੇ ਰੇਟ-
ਜਲੰਧਰ
ਪਹਿਲਾਂ ਹੁਣ
78.62 81.69
ਲੁਧਿਆਣਾ
78.82 81.89
ਅੰਮ੍ਰਿਤਸਰ
78.87 81.94