jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 20 August 2013

ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਸਲੀ ਵਾਰਸ ਕੌਣ ਹਨ?

www.sabblok.blogspot.com

  •   ਵੀਹ ਅਗਸਤ 1985 ਦਾ ਮਨਹੂਸ ਦਿਨ, ਜਦੋਂ ਸ਼ੇਰਪੁਰ ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਭੀਸ਼ਮ ਪਿਤਾਮਾ ਤੀਰਾਂ ਰੂਪੀ ਗੋਲੀਆਂ ਦੀ ਸੇਜ ਉਪਰ ਸਦਾ ਲਈ ਸੌਂ ਗਿਆ ਅਤੇ ਪੰਜਾਬ ਅੰਦਰ ਹਿੰਦੂ ਸਿੱਖ ਏਕਤਾ ਦਾ ਮੁੱਦਈ ਇਕ ਸੂਰਜ ਸਦਾ ਲਈ ਅਸਤ ਹੋ ਗਿਆ। ਜਮਹੂਰੀਅਤ ਦੀ ਰਾਖੀ ਲਈ ਭਾਰਤ ਦੀ ਸਰਕਾਰ ਨਾਲ ਮੱਥਾ ਲਾਉਣ ਵਾਲੇ ਇਸ ਯੋਧੇ ਦਾ ਨਾਮ ਦੁਨੀਆਂ ਭਰ ਵਿਚ ਅੱਜ ਵੀ ਪੂਰੇ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਪੂਰੀ ਲੋਕਾਈ ਉਸ ਮਹਾਨ ਆਤਮਾ ਨੂੰ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਮ ਨਾਲ ਯਾਦ ਕਰਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਹਰ ਸਾਲ ਪਿੰਡ ਲੌਂਗੋਵਾਲ ਦੀ ਧਰਤੀ ’ਤੇ ਅਗਸਤ ਦੇ ਮਹੀਨੇ ਮਨਾਈ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਜਦੋਂ ਸੱਤਾ ਵਿਚ ਹੁੰਦਾ ਹੈ ਤਾਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਸਰਕਾਰੀ ਤੌਰ ’ਤੇ ਮਨਾਉਣ ਦੀਆਂ ਗੱਲਾਂ ਕਰਦਾ ਅਤੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਇਸ ਬਰਸੀ ’ਤੇ ਦੇਸ਼ ਭਰ ਤੋਂ ਆਗੂਆਂ ਨੂੰ ਸੱਦ ਕੇ ਵੱਡਾ ਇਕੱਠ ਕਰਨ ਦੇ ਯਤਨ ਕਰਦਾ ਹੈ, ਪਰ ਸਚਾਈ ਇਹ ਵੀ ਹੈ ਕਿ ਸੰਤ ਲੌਂਗੋਵਾਲ ਦੀਆਂ ਪਹਿਲੀਆਂ ਕਰੀਬ ਦਸ ਬਰਸੀਆਂ ਦਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਬਾਈਕਾਟ ਵੀ ਕਰੀ ਰੱਖਿਆ ਸੀ, ਦੂਸਰੇ ਪਾਸੇ ਸ਼ੋਮਣੀ ਅਕਾਲੀ ਦਲ (ਲੌਂਗੋਵਾਲ) ਵੱਲੋਂ ਵੀ ਵੱਖਰੇ ਤੌਰ ’ਤੇ ਦੋ ਚਾਰ ਦਿਨਾਂ ਦੇ ਫਰਕ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਜਾਂਦੀ ਹੈ, ਪਰ ਸੰਤ ਲੌਂਗੋਵਾਲ ਦੇ ਅਸਲੀ ਵਾਰਸ ਕੌਣ ਹਨ, ਇਸ ਸਬੰਧੀ ੍ਯਨਿਰਣਾ ਕੌਮ ਨੂੰ ਕਰਨਾ ਪੈਣਾ ਹੈ, ਕਿਉਂਕਿ ਸੰਤ ਲੌਂਗੋਵਾਲ ਵੱਲੋਂ ਉਸ ਸਮੇਂ ਆਪਣੀ ਜਾਨ ਦਾਅ ’ਤੇ ਲਾਕੇ ਸਿੱਖ ਨੌਜਵਾਨਾਂ ਦੇ ਹੋ ਘਾਣ ਨੂੰ ਰੋਕਣ ਲਈ ਅਤੇ ਕੁਝ ਨਾ ਕੁਝ ਪੰਜਾਬ ਦੇ ਪੱਲੇ ਪਾਉਣ ਲਈ ਜੋ ਰਾਜੀਵ-ਲੌਂਗੋਵਾਲ ਸਮਝੌਤਾ ਕੀਤਾ ਗਿਆ ਸੀ, ਸੰਤ ਲੌਂਗੋਵਾਲ ਦੀ ਸ਼ਹਾਦਤ ’ਤੇ ਆਪਣੀ ਵਜਾਰਤ ਬਣਾਉਣ ਵਾਲਾ ਸ੍ਰ: ਸੁਰਜੀਤ ਸਿੰਘ ਬਰਨਾਲਾ ਨੂੰ ਵੀ ਆਪਣੀ ਕੁਰਸੀ ਪਿਆਰੀ ਹੋ ਗਈ ਅਤੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਬਰਨਾਲਾ ਵੀ ਲਾਗੂ ਨਹੀਂ ਕਰਵਾ ਸਕਿਆ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਹਿਲਾਂ ਤਾਂ ਇਸ ਸਮਝੌਤੇ ਨੂੰ ਮੰਨਣ ਤੋਂ ਹੀ ਇਨਕਾਰੀ ਰਿਹਾ, ਪਰ ਜਦੋਂ ਸ੍ਰ: ਬਾਦਲ ਦੇ ਹੱਥ ਵਿੱਚ ਸੱਤਾ ਦੀ ਵਾਗਡੋਰ ਪੰਜਵੀਂ ਵਾਰ ਆਈ ਹੈ, ਪਰ ਉਸਨੇ ਰਾਜੀਵ-ਲੌਂਗੋਵਾਲ ਸਮਝੌਤਾ ਤਾਂ ਕੀ ਲਾਗੂ ਕਰਵਾਉਣਾ ਸੀ, ਸਗੋਂ ਸ੍ਰ: ਬਾਦਲ ਨੇ ਪੰਜਾਬ ਦੀਆਂ ਸਾਰੀਆਂ ਹੀ ਮੰਗਾਂ ਛੱਡਕੇ ਅਤੇ ਸ਼ੋਮਣੀ ਅਕਾਲੀ ਦਲ ਦਾ ਭੋਗ ਪਾਕੇ ਇੱਕ ਪੰਜਾਬੀ ਪਾਰਟੀ ਵੱਲੋਂ ਕੇਂਦਰ ਨਾਲ ਨਵਾਂ ਕੁਰਸੀ ਸਮਝੌਤਾ ਕਰਕੇ ਪੰਜਵੀਂ ਵਾਰ ਪੰਜਾਬ ਦੀ ਸੂਬੇਦਾਰੀ ਹਾਸਲ ਕਰ ਲਈ ਹੈ ਅਤੇ ਸ੍ਰ: ਬਾਦਲ ਅੱਜ ਸ਼ੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ ਦੀ ਪ੍ਰਾਪਤੀ ਵਾਲੀ ਚਿਰੋਕਣੀ ਮੰਗ ਨੂੰ ਛੱਡਣ ਦਾ ਰਾਹ ਮੋਕਲਾ ਕਰਨ ਲਈ ਖੁਦ ਹੀ ‘ਨਵਾਂ ਚੰਡੀਗੜ’ ਵਸਾਉਣ ਤੁਰ ਪਿਆ ਹੈ ।
                            ਸੰਤ ਲੌਂਗੋਵਾਲ ਦੀ ਸ਼ਹੀਦੀ ਕਿੰਨਾਂ ਹਾਲਾਤਾਂ ਵਿਚ ਹੋਈ ਹੈ, ਇਹ ਇੱਕ ਵੱਖਰਾ ਅਤੇ ਡੂੰਘੀ ਸੋਚ ਵਿਚਾਰ ਦਾ ਵਿਸ਼ਾ ਹੈ, ਪਰ ਉਹਨਾਂ ਵੱਲੋਂ ਪੰਥ ਨੂੰ ਬਹੁਤ ਨਾਜ਼ੁਕ ਸਮੇਂ ਦਿੱਤੀ ਗਈ ਅਗਵਾਈ ਇਕ ਅਜਿਹੀ ਮਿਸਾਲ ਅਤੇ ਪ੍ਰਾਪਤੀ ਹੈ, ਜੋ ਕਿਸੇ ਹੋਰ ਅਕਾਲੀ ਆਗੂ ਦੇ ਹਿੱਸੇ ਨਹੀਂ ਆਉਂਦੀ। ਸੰਤ ਲੌਂਗੋਵਾਲ ਵੱਲੋਂ 1975 ਵਿਚ ਐਮਰਜੈਂਸੀ ਸਮੇਂ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਮਰਜੈਂਸੀ ਖ਼ਿਲਾਫ਼ ਲੱਗੇ ਮੋਰਚੇ ਦੀ ਸੁਯੋਗ ਅਗਵਾਈ ਅਤੇ ਐਮਰਜੈਂਸੀ ਖ਼ਤਮ ਕਰਵਾਉਣ ਤੱਕ ਮੋਰਚੇ ਡਿਕਟੇਟਰ ਵਜੋਂ ਨਿਭਾਇਆ ਰੋਲ ਇਕ ਐਸੀ ਇਤਿਹਾਸਕ ਪ੍ਰਾਪਤੀ ਹੈ, ਜੋ ਭਾਰਤ ਹੀ ਨਹੀਂ, ਸਗੋਂ ਜਮਹੂਰੀਅਤ ਲਈ ਲੜਨ ਵਾਲੇ ਪੂਰੀ ਦੁਨੀਆਂ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਧਰਮ ਯੁੱਧ ਮੋਰਚੇ ਦੌਰਾਨ ਉਹਨਾਂ ਦੀ ਅਗਵਾਈ ਹੇਠ ਢਾਈ ਲੱਖ ਦੇ ਕਰੀਬ ਸਮੁੱਚੇ ਪੰਜਾਬੀਆਂ ਵੱਲੋਂ ਗ੍ਰਿਫ਼ਤਾਰੀਆਂ ਦੇਣੀਆਂ, ਉਹਨਾਂ ਦੇ ਸਮੂਹ ਪੰਜਾਬੀਆਂ ਦੇ ਸਰਬ ਪ੍ਰਵਾਨਿਤ ਆਗੂ ਹੋਣ ਪ੍ਰਤੱਖ ਪ੍ਰਮਾਣ ਹਨ। ‘ਸਾਕਾ ਦਰਬਾਰ ਸਾਹਿਬ’ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਹਿੰਦ ਸਰਕਾਰ ਵੱਲੋਂ ਜਦੋਂ ਸਿੱਖ ਨੌਜਵਾਨਾਂ ਦਾ ਸ਼ਰੇਆਮ ਸ਼ਿਕਾਰ ਖੇਡਿਆ ਜਾ ਰਿਹਾ ਸੀ ਤਾਂ ਸੰਤ ਲੌਂਗੋਵਾਲ ਨੇ ਸਿੱਖ ਨੌਜਵਾਨੀ ਦੇ ਘਾਣ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਰਾਹ ਚੁਣਿਆ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਨਾਲ ਚੱਲੀ ਗੱਲਬਾਤ ਵਿਚ ਸੰਤ ਲੌਂਗੋਵਾਲ ਅਤੇ ਰਾਜੀਵ ਗਾਂਧੀ ਵਿਚਕਾਰ ਇਕ ਅਹਿਦ ਹੋਇਆ, ਜਿਸ ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਦੀ ਇਹ ਸਮਝੌਤਾ ਲਾਗੂ ਨਾ ਕਰਨ ਦੀ ਬਦਨੀਤੀ ਅਤੇ ਉਸ ਸਮੇਂ ਦੇ ਅਕਾਲੀ ਆਗੂਆਂ ਦੀ ਖਾੜਕੂਆਂ ਤੇ ਸਰਕਾਰ ਵਿਚਕਾਰ ਖੇਡੀ ਜਾ ਰਹੀ ਦੋਗਲੀ ਰਾਜਨੀਤੀ ਹੀ ਸੰਤਾਂ ਦੀ ਸ਼ਹੀਦੀ ਦਾ ਅਸਲ ਕਾਰਨ ਬਣੀ। ਇਥੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਉਪਰ ਕੇਂਦਰ ਸਰਕਾਰ ਨੂੰ ਹਮਲਾ ਕਰਨ ਦੇ ਸੱਦੇ ਦੇਣ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਕਰਵਾਉਣ ਵਾਲਿਆਂ ਵਿੱਚ ਮੁੱਖ ਰੋਲ ਨਿਭਾਉਣ ਵਾਲੇ ਆਗੂਆਂ ਵੱਲੋਂ ਹੀ ਰਾਜੀਵ-ਲੌਂਗੋਵਾਲ ਸਮਝੌਤੇ ਦਾ ਵਿਰੋਧ ਕੀਤਾ ਗਿਆ। ਸੰਤ ਲੌਂਗੋਵਾਲ ਦੀ ਸ਼ਹੀਦੀ ਨੂੰ ਖਾੜਕੂਆਂ ਵੱਲੋਂ ਚੁੱਕਿਆ ਸਹੀ ਕਦਮ ਠਹਿਰਾਉਣ ਦੀ ਚਾਲ ਤਹਿਤ ਹੀ ਬਹੁਤੇ ਅਕਾਲੀ ਆਗੂਆਂ ਵੱਲੋਂ ਕਈ ਸਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਦਾ ਬਾਈਕਾਟ ਵੀ ਕੀਤਾ ਜਾਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਕਲ ਉਹੀ ਅਕਾਲੀ ਆਗੂ ਸੰਤ ਲੌਂਗੋਵਾਲ ਪ੍ਰਤੀ ਹੇਜ ਭਰੀਆਂ ਗੱਲਾਂ ਕਰਦੇ ਹਨ ਅਤੇ ਸੰਤਾਂ ਦੀਆਂ ਬਰਸੀਆਂ ’ਤੇ ਰਾਜ ਪੱਧਰੀ ਸਮਾਗਮ ਕਰਦੇ ਹਨ। ਹੁਣ ਸੰਤਾਂ ਨੂੰ ਸ਼ਹੀਦ ਹੋਇਆ ਛੱਬੀ ਸਾਲ ਦਾ ¦ਮਾ ਸਮਾਂ ਬੀਤ ਚੁੱਕਿਆ ਹੈ। ਉਸ ਸਮੇਂ ਬਚਪਨ ਵਿਚ ਖੇਡਦੀ ਪੀੜ•ੀ ਜਾਂ ਉਸਤੋਂ ਬਾਅਦ ਜਨਮ ਲੈਣ ਵਾਲੀ ਪੀੜ•ੀ ਅੱਜ ਜਵਾਨ ਤੇ ਸਮਝਦਾਰ ਹੋਕੇ ਭਵਿੱਖ ਦੀ ਵਾਰਸ ਬਣਨ ਜਾ ਰਹੀ ਹੈ। ਇਸ ਨਵੀਂ ਪੀੜੀ ਨੂੰ ਸੰਤ ਲੌਂਗੋਵਾਲ ਦੇ ਜੀਵਨ, ਪ੍ਰਾਪਤੀਆਂ, ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂਵਾਲਿਆਂ ਵਿੱਚਕਾਰ ਮੱਤਭੇਦ ਪੈਦਾ ਕਰਵਾਉਣ ਵਾਲੇ ਅਕਾਲੀ ਆਗੂ, ਉਹਨਾਂ ਦੀ ਸ਼ਹੀਦੀ ਅਤੇ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਸੌੜੀ ਰਾਜਨੀਤੀ ਲਈ ਵਰਤ ਰਹੇ ਸਿੱਖ ਸਿਆਸਤਦਾਨਾਂ ਬਾਰੇ ਸੋਚਣ ਅਤੇ ਨਵੀਂ ਪੀੜੀ ਨੂੰ ਸਮਝਾਉਣ ਦੀ ਅੱਜ ਬੇਹੱਦ ਲੋੜ ਹੈ। ਸੰਤ ਲੌਂਗੋਵਾਲ ਦੀ ਹਰ ਬਰਸੀ ’ਤੇ ਹਜ਼ਾਰਾਂ ਦਾ ਇਕੱਠ ਕਰਕੇ, ਦੇਸ਼ ਭਰ ਵਿਚੋਂ ਉਹਨਾਂ ਲੀਡਰਾਂ ਨੂੰ ਸੱਦ ਕੇ ‘ਜੋ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ’ਚ ਮੋਹਰੀ ਰਹੇ ਹਨ, ਸਿਰਫ ਆਪੋ-ਆਪਣੇ ਪਰਵਾਰਾਂ ਦੀ ਜੈ-ਜੈ ਕਾਰ ਕਰਵਾਉਣੀ ਜਾਂ ਫੇਰ ਜਲੇਬੀਆਂ ਖਾ ਕੇ ਇਸ ਬਰਸੀ ਨੂੰ ਮੇਲੇ ਦਾ ਰੂਪ ਦੇਣਾ, ਅੱਜ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਨਾਲ ਵਿਸ਼ਵਾਸਘਾਤ ਕਰਨ ਦੇ ਬਰਾਬਰ ਹੈ। ਅੱਜ ਸੰਤ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ’ਤੇ ਸਮੁੱਚੇ ਸਿੱਖ ਪੰਥ ਨੂੰ ਚਿੰਤਨ ਕਰਨ ਦੀ ਲੋੜ ਹੈ ਕਿ ਕੀ ਅੱਜ 1975 ਵਾਂਗ ਸ਼੍ਰੋਮਣੀ ਅਕਾਲੀ ਦਲ ਵਿਚ ਕਿਸੇ ਐਮਰਜੈਂਸੀ ਨਾਲ ਲੜਨ ਦੀ ਜੁਰਅਤ ਹੈ ਜਾਂ ਸਿਰਫ ਅਕਾਲੀ ਦਲ ਕੁਰਸੀਆਂ ਦੀ ਖੇਡ ਤੱਕ ਸੀਮਤ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਵੱਡੇ ਸਰਮਾਏਦਾਰਾਂ, ਏਅਰ ਕੰਡੀਸ਼ਨ ਆਗੂਆਂ, ਸਥਾਪਿਤ ਆਗੂਆਂ ਦੇ ਫਰਜੰਦਾਂ, ਪੈਸੇ ਦੇ ਜ਼ੋਰ ਦੇ ਸਿਆਸਤ ਕਰ ਰਹੇ ਨੌਜਵਾਨਾਂ ਦੇ ਯੂਥ ਅਕਾਲੀ ਦਲ ਅਤੇ ਧਰਮ ਯੁੱਧ ਵਿਚ ਗ੍ਰਿਫ਼ਤਾਰੀ ਦੇਣ ਵਾਲੇ ਸਿੱਖ ਤੇ ਪੰਜਾਬੀ ਯੋਧਿਆਂ ਦੇ ਵਿਚਕਾਰ ਅੱਜ ਕਿੰਨਾ ਫਾਸਲਾ ਬਣ ਚੁੱਕਿਆ ਹੈ, ਇਹਦੇ ਬਾਰੇ ਸਿੱਖ ਪੰਥ ਨੂੰ ਡੂੰਘਾ ਚਿੰਤਨ ਕਰਨ ਦੀ ਲੋੜ ਹੈ। ਅੱਜ ਦੇ ਇਸ ਦਿਹਾੜੇ ’ਤੇ ਹਰ ਸਿੱਖ ਨੂੰ 1975 ਤੋਂ ਲੈ ਕੇ 1985 ਤੱਕ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਬਣਤਰ ਅਤੇ ਉਸ ਸਮੇਂ ਦੀ ਅਕਾਲੀ ਰਾਜਨੀਤੀ ਬਾਰੇ ਠੰਡੇ ਦਿਮਾਗ ਨਾਲ ਸੋਚਣਾ ਜਰੂਰੀ ਹੋ ਗਿਆ ਹੈ ਅਤੇ ਅੱਜ ਇਹ ਨਿਰਣਾ ਕਰਨਾ ਵੀ ਸਮੇਂ ਦੀ ਵੱਡੀ ਜਰੂਰਤ ਬਣ ਚੁੱਕਿਆ ਹੈ ਕਿ ਹੁਣ ਇਹ ਗੱਲ ਤੈਅ ਕਰ ਲਈ ਜਾਵੇ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਸਲੀ ਵਾਰਸ ਕੌਣ ਹਨ ਅਤੇ ਕੇਹੜੇ ਲੋਕ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਮ ਅਤੇ ਸ਼ਹੀਦੀ ਨੂੰ ਆਪਣੀ ਆਕ੍ਰਿਤਘਣ ਰਾਜਨੀਤੀ ਲਈ ਵਰਤਣ ਲਈ ਹਰ ਸਾਲ ਉਹਨਾਂ ਦੀ ਬਰਸੀ ’ਤੇ ਪਹੁੰਚਕੇ ਮਗਰਮੱਛ ਦੀ ਹੰਝੂ ਡੋਲਦੇ ਹਨ।
                                                                                                                                       ਜਗਸੀਰ ਸਿੰਘ ਸੰਧੂ
                                                                                                                                    ਮੋਬਾ : 93563-51807                     

    No comments: